
ਬੰਗਲੁਰੂ, 19 ਮਾਰਚ (ਹਮਦਰਦ ਨਿਊਜ਼ ਸਰਵਿਸ) : ਰਾਸ਼ਟਰੀ ਸਵੈ ਸੇਵਕ ਸੰਘ (ਆਰ.ਐਸ.ਐਸ.) ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ‘ਰਾਸ਼ਟਰ ਵਿਰੋਧੀ’ ਅਤੇ ‘ਅਸਮਾਜਿਕ ਤਾਕਤਾਂ’ ਕੇਂਦਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਜਾਰੀ ਕਿਸਾਨਾਂ ਦੇ ਅੰਦੋਲਨ ਦਾ ਹੱਲ ਕੱਢਣ ਦੀਆਂ ਕੋਸ਼ਿਸ਼ਾਂ ਨੂੰ ਅਸਫ਼ਲ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਪ੍ਰਦਰਸ਼ਨ ਦਾ ਬਹੁਤ ਲੰਮੇ ਸਮੇਂ ਤਕ ਜਾਰੀ ਰਹਿਣਾ ਕਿਸੇ ਦੇ ਵੀ ਹਿੱਤ ‘ਚ ਨਹੀਂ ਹੈ।
ਆਰ.ਐਸ.ਐਸ. ਨੇ ਕਿਹਾ ਕਿ ਗੱਲਬਾਤ ਜ਼ਰੂਰੀ ਹੈ ਅਤੇ ਕੁਝ ਸਹਿਮਤੀਆਂ ‘ਤੇ ਪਹੁੰਚਣਾ ਵੀ ਜ਼ਰੂਰੀ ਹੈ, ਭਾਵੇਂ ਸਾਰੇ ਮੁੱਦਿਆਂ ਦਾ ਹੱਲ ਨਾ ਨਿਕਲੇ। ਦੱਸਣਯੋਗ ਹੈ ਕਿ ਆਰ.ਐਸ.ਐਸ. ਦੀ ਅਖਿਲ ਭਾਰਤੀ ਪ੍ਰਤੀਨਿਧੀ ਸਭ (ਏ.ਬੀ.ਪੀ.ਐਸ.) ਦੀ ਦੋ ਦਿਨਾ ਮੀਟਿੰਗ ਸ਼ੁੱਕਰਵਾਰ ਤੋਂ ਸ਼ੁਰੂ ਹੋਈ ਹੈ।
ਦੱਸ ਦੇਈਏ ਕਿ ਕੇਂਦਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਦਿੱਲੀ ਦੀਆਂ ਸਰਹੱਦਾਂ ‘ਤੇ ਪਿਛਲੇ 110 ਦਿਨ ਤੋਂ ਕਿਸਾਨ ਰੋਸ ਪ੍ਰਦਰਸ਼ਨ ਕਰ ਰਹੇ ਹਨ ਅਤੇ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ। ਆਰ.ਐਸ.ਐਸ. ਨੇ ਰਿਪੋਰਟ-2021 ‘ਚ ਕਿਹਾ, “ਕਿਸੇ ਵੀ ਤਰ੍ਹਾਂ ਦਾ ਅੰਦੋਲਨ ਲੰਮੇ ਸਮੇਂ ਤਕ ਚੱਲਣਾ ਕਿਸੇ ਦੇ ਹਿੱਤ ‘ਚ ਨਹੀਂ ਹੈ। ਗੱਲਬਾਤ ਜ਼ਰੂਰੀ ਹੈ, ਪਰ ਇਹ ਹੱਲ ਕੱਢਣ ਦੇ ਵਿਚਾਰ ਨਾਲ ਹੋਣੀ ਚਾਹੀਦੀ। ਸੰਭਵ ਹੈ ਕਿ ਸਾਰੇ ਮੁੱਦਿਆਂ ‘ਤੇ ਸਹਿਮਤੀ ਨਾ ਬਣੇ ਸਕੇ ਪਰ ਕਿਸੇ ਨਾ ਕਿਸੇ ਸਹਿਮਤੀ ‘ਤੇ ਪਹੁੰਚਣਾ ਵੀ ਜ਼ਰੂਰੀ ਹੈ।”
ਉਨ੍ਹਾਂ ਕਿਹਾ ਕਿ ਇਹ ਵੀ ਚਿੰਤਾ ਦਾ ਵਿਸ਼ਾ ਹੈ ਕਿ ਅੰਦੋਲਨਾਂ ਕਾਰਨ ਜੀਵਨ ਹਾਲੇ ਵੀ ਪ੍ਰਭਾਵਿਤ ਹੋ ਰਿਹਾ ਹੈ ਅਤੇ ਸਮੱਸਿਆ ਉਦੋਂ ਹੋਰ ਗੰਭੀਰ ਹੋ ਜਾਂਦੀ ਹੈ, ਜਦੋਂ ‘ਰਾਸ਼ਟਰ’ ਵਿਰੋਧੀ ਤੇ ‘ਅਸਮਾਜਿਕ ਤਾਕਤਾਂ’ ਹੱਲ ਕੱਢਣ ਦੀਆਂ ਕੋਸ਼ਿਸ਼ਾਂ ਨੂੰ ਅਸਫ਼ਲ ਕਰਦੀਆਂ ਹਨ। ਉਨ੍ਹਾਂ ਚੌਕਸ ਕੀਤਾ ਕਿ ਮੌਜੂਦਾ ਅੰਦੋਲਨ ਦੀ ਅਗਵਾਈ ਨੂੰ ਅਜਿਹੀ ਸਥਿਤੀ ਨਹੀਂ ਬਣਨ ਦੇਣੀ ਚਾਹੀਦੀ।
ਆਰ.ਐਸ.ਐਸ. ਨੇ ਕਿਹਾ, “ਸਾਨੂੰ ਅਜਿਹਾ ਮਹਿਸੂਸ ਹੋ ਰਿਹਾ ਹੈ ਕਿ ਕੁਝ ਸਮੇਂ ਤੋਂ ਅਜਿਹੀਆਂ ਰਾਸ਼ਟਰ ਵਿਰੋਧੀ ਤਾਕਤਾਂ ਦੇਸ਼ ‘ਚ ਗੜਬੜੀ ਤੇ ਅਸਥਿਰਤਾ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਕਿ ਉਹ ਆਪਣੀਆਂ ਰਾਜਨੀਤਕ ਇੱਛਾਵਾਂ ਨੂੰ ਪਾ ਸਕੇ।” ਉਨ੍ਹਾਂ ਕਿਹਾ, “ਸਾਡਾ ਮੰਨਣਾ ਹੈ ਕਿ ਅਜਿਹੀ ਕੋਈ ਸਮੱਸਿਆ ਨਹੀਂ ਹੁੰਦੀ, ਜਿਸ ਦਾ ਹੱਲ ਨਾ ਹੋਵੇ, ਲੋੜ ਹੈ ਤਾਂ ਸਿਰਫ਼ ਗੰਭੀਰ ਕੋਸ਼ਿਸ਼ਾਂ ਦੀ।” ਉਨ੍ਹਾਂ ਕਿਹਾ ਕਿ ਲੋਕਤੰਤਰ ‘ਚ ਸਾਰਿਆਂ ਨੂੰ ਆਪਣੇ ਵਿਚਾਰ ਜ਼ਾਹਰ ਕਰਨ ਦੀ ਆਜ਼ਾਦੀ ਹੈ, ਪਰ ਕਿਸੇ ਨੂੰ ਵੀ ਦੇਸ਼ ‘ਚ ਗੜਬੜੀ ਫੈਲਾਉਣ ਅਤੇ ਅਸਥਿਰਤਾ ਪੈਦਾ ਕਰਨ ਦਾ ਅਧਿਕਾਰ ਨਹੀਂ ਦਿੱਤਾ ਜਾ ਸਕਦਾ ਹੈ। ਸੰਘ ਨੇ ਕਿਹਾ ਕਿ ਇਹ ਅੰਦੋਲਨ ਸਮੇਂ ਨਾਲ ਤੇਜ਼ ਹੋਇਆ ਹੈ।