Home ਕਾਰੋਬਾਰ ਕਿਸਾਨ ਅੰਦੋਲਨ ਵਿਚਕਾਰ ਕਿਸਾਨਾਂ ਨੂੰ ਇਕ ਹੋਰ ਵੱਡਾ ਝਟਕਾ ; ਆਮ ਲੋਕਾਂ ਦੀ ਜੇਬ ‘ਤੇ ਵੀ ਪਵੇਗਾ ਅਸਰ

ਕਿਸਾਨ ਅੰਦੋਲਨ ਵਿਚਕਾਰ ਕਿਸਾਨਾਂ ਨੂੰ ਇਕ ਹੋਰ ਵੱਡਾ ਝਟਕਾ ; ਆਮ ਲੋਕਾਂ ਦੀ ਜੇਬ ‘ਤੇ ਵੀ ਪਵੇਗਾ ਅਸਰ

0
ਕਿਸਾਨ ਅੰਦੋਲਨ ਵਿਚਕਾਰ ਕਿਸਾਨਾਂ ਨੂੰ ਇਕ ਹੋਰ ਵੱਡਾ ਝਟਕਾ ; ਆਮ ਲੋਕਾਂ ਦੀ ਜੇਬ ‘ਤੇ ਵੀ ਪਵੇਗਾ ਅਸਰ

ਨਵੀਂ ਦਿੱਲੀ, 8 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਪੱਛਮੀ ਬੰਗਾਲ ‘ਚ ਵਿਧਾਨ ਸਭਾ ਚੋਣਾਂ ਅਤੇ ਕੇਂਦਰ ਦੇ ਖੇਤਰੀ ਕਾਨੂੰਨਾਂ ਵਿਰੁੱਧ ਚੱਲ ਰਹੇ ਰੋਸ ਪ੍ਰਦਰਸ਼ਨਾਂ ਵਿਚਕਾਰ ਕਿਸਾਨਾਂ ਨੂੰ ਵੱਡਾ ਝਟਕਾ ਲੱਗਿਆ ਹੈ। ਦੇਸ਼ ਦੇ ਸਭ ਤੋਂ ਵੱਡੇ ਖਾਦ ਵਿਕਰੇਤਾ ਇੰਡੀਅਨ ਫ਼ਾਰਮਰਸ ਫ਼ਰਟੀਲਾਇਜ਼ਰ ਕੋਆਪ੍ਰੇਟਿਵ (ਇਫਕੋ) ਨੇ ਖਾਦਾਂ ਦੀਆਂ ਕੀਮਤਾਂ ‘ਚ ਵਾਧਾ ਕਰ ਦਿੱਤਾ ਹੈ। ਡਾਈ-ਅਮੋਨੀਅਮ ਫ਼ਾਸਫ਼ੇਟ (ਡੀਏਪੀ) ਦੇ 50 ਕਿਲੋ ਬੈਗ ਦੀ ਕੀਮਤ ‘ਚ 58 ਫ਼ੀਸਦੀ ਦਾ ਵਾਧਾ ਕੀਤਾ ਗਿਆ ਹੈ। ਪਹਿਲਾਂ ਇਹ 1200 ਰੁਪਏ ‘ਚ ਮਿਲਦਾ ਸੀ, ਜਦਕਿ ਹੁਣ ਕਿਸਾਨਾਂ ਨੂੰ ਹੁਣ 1900 ਰੁਪਏ ਦੇਣੇ ਪੈਣਗੇ। ਦੇਸ਼ ‘ਚ ਯੂਰੀਆ ਤੋਂ ਬਾਅਦ ਕਿਸਾਨ ਡੀਏਪੀ ਦੀ ਹੀ ਸਭ ਤੋਂ ਵੱਧ ਵਰਤੋਂ ਕਰਦੇ ਹਨ।

ਅੰਗਰੇਜ਼ੀ ਅਖ਼ਬਾਰ ‘ਇੰਡੀਅਨ ਐਕਸਪ੍ਰੈੱਸ’ ਦੀ ਇਕ ਰਿਪੋਰਟ ਮੁਤਾਬਕ ਇਫ਼ਕੋ ਨੇ ਖਾਦਾਂ ਦੇ ਵੱਖ ਵੱਖ ਮਿਸ਼ਰਣਾਂ ਐਨਪੀਕੇਐਸ (ਨਾਈਟ੍ਰੋਜਨ, ਫ਼ਾਸਫ਼ੋਰਸ, ਪੋਟਾਸ਼ ਅਤੇ ਗੰਧਕ) ਦੀ ਐਮਆਰਪੀ ‘ਚ ਵੀ ਵਾਧਾ ਕੀਤਾ ਹੈ। 10:26:26 ਦੀ ਕੀਮਤ 1175 ਰੁਪਏ ਤੋਂ ਵਧਾ ਕੇ 1775 ਰੁਪਏ ਕੀਤੀ ਗਈ ਹੈ। 12:32:16 ਲਈ ਹੁਣ ਤੁਹਾਨੂੰ 1185 ਦੀ ਥਾਂ 1800 ਰੁਪਏ ਅਦਾ ਕਰਨੇ ਪੈਣਗੇ। ਉੱਥੇ ਹੀ 20:20:0:13 ਦੇ ਮਿਸ਼ਰਣ ਵਾਲੇ 50 ਕਿਲੋ ਦੇ ਬੈਗ ਲਈ ਹੁਣ ਤੁਹਾਨੂੰ 925 ਦੀ ਬਜਾਏ 1350 ਰੁਪਏ ਖਰਚ ਕਰਨੇ ਪੈਣਗੇ। ਨਵੀਂ ਕੀਮਤਾਂ 1 ਅਪ੍ਰੈਲ ਤੋਂ ਲਾਗੂ ਹੋ ਗਈਆਂ ਹਨ।

ਇਫਕੋ ਦੇ ਬੁਲਾਰੇ ਨੇ ਕਿਹਾ ਕਿ ਗ਼ੈਰ-ਯੂਰੀਆ ਖਾਦ ਦੀਆਂ ਕੀਮਤਾਂ ਪਹਿਲਾਂ ਹੀ ਨਿਯਮਿਤ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਕੋਆਪ੍ਰੇਟਿਵਸ ਦੇ ਫ਼ੈਸਲੇ ਦਾ ਕਿਸੇ ਵੀ ਰਾਜਨੀਤਿਕ ਪਾਰਟੀ ਜਾਂ ਸਰਕਾਰ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਕੀਮਤਾਂ ‘ਚ ਇਹ ਵਾਧਾ ਮੁੱਖ ਤੌਰ ‘ਤੇ ਕੌਮਾਂਤਰੀ ਬਾਜ਼ਾਰ ਕਾਰਨ ਹੋਇਆ ਹੈ। ਉਨ੍ਹਾਂ ਦੀਆਂ ਕੀਮਤਾਂ ਕੌਮਾਂਤਰੀ ਬਾਜ਼ਾਰ ‘ਚ ਪਿਛਲੇ 5-6 ਮਹੀਨਿਆਂ ‘ਚ ਤੇਜ਼ੀ ਨਾਲ ਵਧੀਆਂ ਹਨ।
ਅਕਤੂਬਰ ‘ਚ ਜਿੱਥੇ ਡੀਏਪੀ ਨੂੰ ਦਰਾਮਦ ਲਈ 29,845 ਰੁਪਏ ਪ੍ਰਤੀ ਟਨ ਖਰਚ ਕਰਨਾ ਪਿਆ ਸੀ, ਉੱਥੇ ਹੀ ਹੁਣ ਇਸ ਦੀ ਕੀਮਤ 40,290 ਪ੍ਰਤੀ ਟਨ ਹੋ ਗਈ ਹੈ। ਇਸੇ ਤਰ੍ਹਾਂ ਕੌਮਾਂਤਰੀ ਬਾਜ਼ਾਰ ‘ਚ ਅਮੋਨੀਆ ਦੀ ਕੀਮਤ 20,891 ਰੁਪਏ ਪ੍ਰਤੀ ਟਨ ਤੋਂ ਵੱਧ ਕੇ 37,306 ਰੁਪਏ ਹੋ ਗਈ ਹੈ। ਸਲਫ਼ਰ ਦੀ ਕੀਮਤ 6,342 ਰੁਪਏ ਪ੍ਰਤੀ ਟਨ ਤੋਂ ਵੱਧ ਕੇ 16,414 ਰੁਪਏ ਪ੍ਰਤੀ ਟਨ ਹੋ ਗਈ ਹੈ। ਇਸ ਮਿਆਦ ਦੌਰਾਨ ਯੂਰੀਆ ਅਤੇ ਪੋਟਾਸ਼ ਦੀਆਂ ਕੀਮਤਾਂ ‘ਚ ਵੀ ਕਾਫ਼ੀ ਵਾਧਾ ਹੋਇਆ ਹੈ। ਪ੍ਰਤੀ ਟਨ ਯੂਰੀਆ ਦੀ ਕੀਮਤ 20,518 ਰੁਪਏ ਤੋਂ ਵੱਧ ਕੇ 28,352 ਰੁਪਏ ਹੋ ਗਈ ਹੈ।

ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਵਧਦੀਆਂ ਕੀਮਤਾਂ ਵਿਚਕਾਰ ਖਾਦ ਦੀਆਂ ਕੀਮਤਾਂ ਦੇ ਵਾਧੇ ਨਾਲ ਰਾਜਨੀਤਿਕ ਤੇ ਆਰਥਿਕ ਪ੍ਰਭਾਵ ਪੈ ਸਕਦਾ ਹੈ। ਖਾਦ ਦੀ ਕੀਮਤ ‘ਚ ਅਜਿਹੇ ਸਮੇਂ ‘ਚ ਵਾਧਾ ਕੀਤਾ ਗਿਆ ਹੈ, ਜਦੋਂ ਪੱਛਮੀ ਬੰਗਾਲ ‘ਚ ਚੋਣਾਂ ਹੋ ਰਹੀਆਂ ਹਨ ਅਤੇ ਕੇਂਦਰ ‘ਚ ਸੱਤਾਧਾਰੀ ਪਾਰਟੀ ਭਾਜਪਾ ਕਿਸਾਨਾਂ ਨੂੰ ਇੱਥੇ ਲਿਆਉਣ ‘ਚ ਲੱਗੀ ਹੋਈ ਹੈ। ਦੂਜੇ ਪਾਸੇ, ਕਿਸਾਨ ਲੰਬੇ ਸਮੇਂ ਤੋਂ ਦਿੱਲੀ ਦੀਆਂ ਸਰਹੱਦਾਂ ‘ਤੇ ਪ੍ਰਦਰਸ਼ਨਾਂ ‘ਚ ਲੱਗੇ ਹੋਏ ਹਨ। ਕਿਸਾਨ ਕੇਂਦਰ ਸਰਕਾਰ ਦੇ 3 ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ।

ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਖਾਦ ਦੀਆਂ ਕੀਮਤਾਂ ‘ਚ ਹੋਏ ਵਾਧੇ ਦਾ ਅਸਰ ਨਾ ਸਿਰਫ਼ ਕਿਸਾਨਾਂ ਨੂੰ ਹੋਵੇਗਾ, ਸਗੋਂ ਖੇਤੀ ਲਾਗਤ ‘ਚ ਹੋਏ ਵਾਧੇ ਨਾਲ ਅਨਾਜ ਤੇ ਸਬਜ਼ੀਆਂ ਦੀਆਂ ਕੀਮਤਾਂ ‘ਚ ਵੀ ਵਾਧਾ ਹੋਵੇਗਾ। ਖਾਦ ਦੀਆਂ ਕੀਮਤਾਂ ‘ਚ ਵਾਧੇ ਨਾਲ ਮੋਦੀ ਸਰਕਾਰ ‘ਤੇ ਅਨਾਜ ਦੀ ਐਮਐਸਪੀ ਵਧਾਉਣ ਦਾ ਦਬਾਅ ਵੀ ਵਧੇਗਾ।