ਕੁੱਤੇ ਦੀ ਮੌਤ ‘ਤੇ ਵੀ ਆ ਜਾਂਦੈ ਸੋਗ ਸੰਦੇਸ਼, ਪਰ 250 ਕਿਸਾਨਾਂ ਦੀ ਮੌਤ ‘ਤੇ ਕਿਸੇ ਨੇ ਚੁੱਪੀ ਨਾ ਤੋੜੀ : ਸੱਤਿਆਪਾਲ ਮਲਿਕ

ਨਵੀਂ ਦਿੱਲੀ, 17 ਮਾਰਚ (ਹਮਦਰਦ ਨਿਊਜ਼ ਸਰਵਿਸ) : ਬੀਤੇ ਸਾਢੇ 3 ਮਹੀਨੇ ਤੋਂ ਦਿੱਲੀ ਦੇ ਵੱਖ-ਵੱਖ ਬਾਰਡਰਾਂ ‘ਤੇ ਚੱਲ ਰਹੇ ਕਿਸਾਨ ਅੰਦੋਲਨ ਬਾਰੇ ਮੇਘਾਲਿਆ ਦੇ ਰਾਜਪਾਲ ਸੱਤਿਆਪਾਲ ਮਲਿਕ ਨੇ ਸਖ਼ਤ ਪ੍ਰਤੀਕ੍ਰਿਆ ਦਿੱਤੀ ਹੈ। ਦਰਅਸਲ, ਸੱਤਿਆਪਾਲ ਮਲਿਕ ਰਾਜਸਥਾਨ ਦੇ ਡਿਡਵਾਨਾ ਤੋਂ ਦਿੱਲੀ ਪਰਤਣ ਸਮੇਂ ਕੁਝ ਸਮੇਂ ਝੁੰਝੁਨੂ ‘ਚ ਰੁਕੇ ਸਨ। ਇਸ ਦੌਰਾਨ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, “ਜਿੰਨਾ ਚਿਰ ਕਿਸਾਨ ਅੰਦੋਲਨ ਜਾਰੀ ਰਹੇਗਾ, ਓਨਾ ਹੀ ਜ਼ਿਆਦਾ ਦੇਸ਼ ਦਾ ਨੁਕਸਾਨ ਹੋਵੇਗਾ।” ਇਸ ਦੇ ਨਾਲ ਹੀ ਸਖ਼ਤ ਸ਼ਬਦਾਂ ‘ਚ ਉਨ੍ਹਾਂ ਕੇਂਦਰ ਸਰਕਾਰ ਦੇ ਆਗੂਆਂ ਨੂੰ ਘੇਰਦਿਆਂ ਕਿਹਾ ਕਿ ਜੇ ਇੱਥੇ ਕੋਈ ਕੁੱਤੀ ਮਰ ਜਾਵੇ ਤਾਂ ਆਗੂਆਂ ਦਾ ਸੋਗ ਸੰਦੇਸ਼ ਆ ਜਾਂਦਾ ਹੈ, ਪਰ ਸਾਡੇ 250 ਤੋਂ ਵੱਧ ਕਿਸਾਨ ਅੰਦੋਲਨ ਦੌਰਾਨ ਮਰ ਗਏ, ਕਿਸੇ ਦੇ ਮੂੰਹੋਂ ਇਕ ਸ਼ਬਦ ਵੀ ਨਹੀਂ ਨਿਕਲਿਆ। ਇਹ ਕਾਫ਼ੀ ਦਿਲ ਦੁਖਾਉਣ ਵਾਲਾ ਹੈ। ਕਿਸਾਨ ਆਪਣਾ ਸਭ ਕੁਝ ਪਿੱਛੇ ਛੱਡ ਕੇ ਇੱਥੇ ਬੈਠੇ ਹਨ।
ਦੱਸ ਦੇਈਏ ਕਿ ਮੇਘਾਲਿਆ ਦੇ ਰਾਜਪਾਲ ਸੱਤਿਆਪਾਲ ਮਲਿਕ ਡਿਡਵਾਨਾ ਤੋਂ ਦਿੱਲੀ ਜਾ ਰਹੇ ਸਨ। ਇਸ ਦੌਰਾਨ ਉਹ ਕੁਝ ਸਮੇਂ ਲਈ ਝੁੰਝੁਨੂ ‘ਚ ਰੁਕੇ। ਉਨ੍ਹਾਂ ਇਸ ਅਸਥਾਨ ਨੂੰ ਬਹਾਦਰ ਸ਼ਹੀਦਾਂ ਦੀ ਧਰਤੀ ਦੱਸਿਆ ਅਤੇ ਕਿਹਾ ਕਿ ਇੱਥੇ ਗਲੀਆਂ ਦਾ ਨਾਮ ਸ਼ਹੀਦਾਂ ਦੇ ਨਾਮ ‘ਤੇ ਹੈ ਅਤੇ ਮੈਨੂੰ ਇਹ ਸਭ ਵੇਖ ਕੇ ਖੁਸ਼ੀ ਹੋ ਰਹੀ ਹੈ।
ਉਨ੍ਹਾਂ ਕਿਹਾ ਕਿ ਇੱਥੇ ਹਰ ਪਿੰਡ ਦੇ ਬਾਹਰ ਇਕ ਸ਼ਹੀਦ ਦਾ ਬੁੱਤ ਲਗਾਇਆ ਜਾਂਦਾ ਹੈ। ਕਿਸੇ ਵੀ ਜ਼ਿਲ੍ਹੇ ਨੇ ਇਸ ਤੋਂ ਵੱਧ ਸ਼ਹਾਦਤ ਨਹੀਂ ਦਿੱਤੀ। ਇਸ ਲਈ ਮੈਂ ਲੋਕਾਂ ਨੂੰ ਤੀਰਥ ਯਾਤਰਾ ਕਰਨ ਦੀ ਬਜਾਏ ਝੁੰਝੁਨੂ ਦੇ ਪਿੰਡਾਂ ‘ਚ ਜਾਣ ਲਈ ਕਹਿੰਦਾ ਹਾਂ। ਸ਼ਹੀਦ ਦੀ ਪਤਨੀ, ਮਾਂ ਅਤੇ ਬੱਚਿਆਂ ਨੂੰ ਮਿਲੋ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਲਿਕ ਨੇ ਕਿਹਾ, “ਮੈਨੂੰ ਵਿਸ਼ਵਾਸ ਹੈ ਕਿ ਇਸ ਅੰਦੋਲਨ ਦਾ ਹੱਲ ਛੇਤੀ ਹੀ ਹੱਲ ਹੋ ਜਾਵੇਗਾ। ਹਰ ਕੋਈ ਆਪਣੀ ਥਾਂ ਠੀਕ ਹੈ। ਐਮਐਸਪੀ ਮੁੱਖ ਮੁੱਦਾ ਹੈ। ਜੇ ਅਸੀਂ ਇਸ ਨੂੰ ਕਾਨੂੰਨੀ ਬਣਾਉਂਦੇ ਹਾਂ ਤਾਂ ਮਾਮਲਾ ਹੱਲ ਹੋ ਜਾਵੇਗਾ।”
ਮਲਿਕ ਨੇ ਕਿਹਾ ਕਿ ਅੰਦੋਲਨ ਇੰਨਾ ਚਿਰ ਨਹੀਂ ਚੱਲਣਾ ਚਾਹੀਦਾ। ਕਿਸਾਨ ਅੰਦੋਲਨ ‘ਚ ਸਰਕਾਰ ਅਤੇ ਕਿਸਾਨਾਂ ਦਰਮਿਆਨ ਵਿਚੋਲਾ ਬਣਨ ਦੇ ਸਵਾਲ ‘ਤੇ ਮਲਿਕ ਨੇ ਕਿਹਾ ਕਿ ਉਹ ਸੰਵਿਧਾਨਕ ਅਹੁਦੇ ‘ਤੇ ਹਨ, ਵਿਚੋਲਾ ਨਹੀਂ ਬਣ ਸਕਦੇ। ਉਨ੍ਹਾਂ ਕਿਹਾ ਕਿ ਖੇਤੀਬਾੜੀ ਕਾਨੂੰਨਾਂ ‘ਤੇ ਕਿਸਾਨ ਇਕਜੁੱਟ ਹਨ।
ਜ਼ਿਕਰਯੋਗ ਹੈ ਕਿ ਸੱਤਿਆਪਾਲ ਮਲਿਕ ਆਪਣੇ ਖੁੱਲ੍ਹੇ ਵਿਚਾਰਾਂ ਅਤੇ ਬਿਆਨਾਂ ਲਈ ਮਸ਼ਹੂਰ ਹਨ। ਦੋ ਦਿਨ ਪਹਿਲਾਂ ਉਨ੍ਹਾਂ ਕਿਹਾ ਸੀ ਕਿ ਸਰਕਾਰ ਨੂੰ ਐਮਐਸਪੀ ਨੂੰ ਕਾਨੂੰਨੀ ਗਰੰਟੀ ਦੇਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਹੀ ਕਿਸਾਨ ਆਗੂ ਰਾਕੇਸ਼ ਟਿਕੈਤ ਦੀ ਗ੍ਰਿਫ਼ਤਾਰੀ ਨੂੰ ਰੁਕਵਾਈ ਸੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਦੋ ਅਪੀਲਾਂ ਕੀਤੀਆਂ ਸਨ। ਪਹਿਲੀ ਅਪੀਲ ਕਿ ਕਿਸਾਨਾਂ ਨੂੰ ਖਾਲੀ ਹੱਥ ਨਹੀਂ ਭੇਜਿਆ ਜਾਣਾ ਚਾਹੀਦਾ ਅਤੇ ਦੂਜਾ ਇਹ ਕਿ ਟਿਕੈਤ ਨੂੰ ਗ੍ਰਿਫ਼ਤਾਰ ਕਰਨਾ ਸਹੀ ਨਹੀਂ ਹੈ।

Video Ad
Video Ad