ਕੇਰਲ ‘ਚ ਐਲਡੀਐਫ ਅਤੇ ਯੂਡੀਐਫ ‘ਚ 5-5 ਸਾਲ ਸੱਤਾ ‘ਚ ਰਹਿ ਕੇ ਸੂਬੇ ਨੂੰ ਲੁੱਟਣ ਦਾ ਮੈਚ ਤੈਅ ਹੋਇਆ ਹੈ : ਮੋਦੀ

ਤਿਰੂਵਨੰਤਪੁਰਮ, 30 ਮਾਰਚ (ਹਮਦਰਦ ਨਿਊਜ਼ ਸਰਵਿਸ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਧਾਨ ਸਭਾ ਚੋਣ ਪ੍ਰਚਾਰ ਲਈ ਮੰਗਲਵਾਰ ਨੂੰ ਕੇਰਲ ਪਹੁੰਚੇ। ਇਥੇ ਪਲੱਕੜ ‘ਚ ਭਾਜਪਾ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਵਿਰੋਧੀ ਧਿਰ ਸੱਤਾਧਾਰੀ ਐਲਡੀਐਫ ਅਤੇ ਯੂਡੀਐਫ ਉੱਤੇ ਜ਼ੋਰਦਾਰ ਨਿਸ਼ਾਨਾ ਸਾਧਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋਵੇਂ ਫ਼ਰੰਟ ਸੂਬੇ ਨੂੰ ਲੁੱਟਣ ਦਾ ਕੰਮ ਕਰ ਰਹੇ ਹਨ। ਦੋਵਾਂ ਵਿਚਾਲੇ ਸਰਕਾਰ ‘ਚ 5-5 ਸਾਲ ਰਹਿ ਕੇ ਸੂਬੇ ਨੂੰ ਲੁੱਟਣ ਦਾ ਮੈਚ ਤੈਅ ਹੋਇਆ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਐਲਡੀਐਫ ਸਰਕਾਰ ਦੀ ਤੁਲਨਾ ਜੂਡਸ ਨਾਲ ਕੀਤੀ।
ਭਾਰਤੀ ਜਨਤਾ ਪਾਰਟੀ ਦੇ ਸਟਾਰ ਪ੍ਰਚਾਰਕ ਨਰਿੰਦਰ ਮੋਦੀ ਨੇ ਗੋਲਡ ਸਕੈਮ ਨੂੰ ਲੈ ਕੇ ਐਲਡੀਐਫ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਜੂਡਸ ਨੇ ਈਸਾ ਮਸੀਹ ਨੂੰ ਚਾਂਦੀ ਦੇ ਕੁਝ ਸਿੱਕਿਆਂ ਦੇ ਲਾਲਚ ‘ਚ ਧੋਖਾ ਦਿੱਤਾ ਸੀ ਅਤੇ ਉਨ੍ਹਾਂ ਨਾਲ ਗੱਦਾਰੀ ਕੀਤੀ ਸੀ। ਕੁਝ ਅਜਿਹਾ ਹੀ ਵਿਜਯਨ ਦੀ ਸਰਕਾਰ ਨੇ ਕੀਤਾ ਹੈ। ਇਸ ਸਰਕਾਰ ਨੇ ਸੋਨੇ ਦੇ ਕੁਝ ਟੁਕੜਿਆਂ ਲਈ ਕੇਰਲ ਨਾਲ ਧੋਖਾ ਕੀਤਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ, “ਕੇਰਲ ‘ਚ ਲੈਫ਼ ਡੈਮੋਕ੍ਰੇਟਿਕ ਫ਼ਰੰਟ (ਐਲਡੀਐਫ) ਦੀ ਸਰਕਾਰ ਦੇ 5 ਸਾਲ ਅਤੇ ਯੂਨਾਈਟਿਡ ਡੈਮੋਕ੍ਰੇਟਿਕ ਫ਼ਰੰਟ (ਯੂਡੀਐਫ) ਦੇ 5 ਸਾਲ ਹਨ। ਸੂਬੇ ਦੇ ਲੋਕ ਇਨ੍ਹਾਂ ਦੋਹਾਂ ਨੂੰ ਲਗਾਤਾਰ ਵੇਖ ਰਹੇ ਹਨ। ਕੇਰਲ ਦੀ ਸਿਆਸਤ ‘ਚ ਸਾਲਾਂ ਤੋਂ ਚਲਦਾ ਆ ਰਿਹਾ ਇਕ ਦੁਖਦ ਸੀਕ੍ਰੇਟ ਹੈ ਯੂਡੀਐਫ ਅਤੇ ਐਲਡੀਐਫ ਦੀ ਗੁਪਤ ਦੋਸਤੀ। 5 ਸਾਲ ਇੱਕ ਪਾਰਟੀ ਲੁੱਟਦੀ ਹੈ ਅਤੇ 5 ਸਾਲ ਦੂਜੀ ਪਾਰਟੀ। ਹੁਣ ਇਹ ਬਦਲ ਰਿਹਾ ਹੈ। ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨ ਪੁੱਛ ਰਹੇ ਹਨ ਕਿ ਇਨ੍ਹਾਂ ਦੋਵਾਂ ‘ਚ ਇਹ ਕੀ ਮੈਚ ਫਿਕਸਿੰਗ ਹੈ? ਲੋਕ ਵੇਖ ਰਹੇ ਹਨ ਕਿ ਇਹ ਦੋਵੇਂ ਫ਼ਰੰਟ ਕਿਵੇਂ ਗੁੰਮਰਾਹ ਕਰ ਰਹੇ ਹਨ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਯੂਡੀਐਫ ਅਤੇ ਐਲਡੀਐਫ ਦੋਵਾਂ ਦਾ ਟੀਚਾ ਵੋਟ ਬੈਂਕ ਦੀ ਰਾਜਨੀਤੀ ਨੂੰ ਅੱਗੇ ਵਧਾਉਣਾ ਅਤੇ ਆਪਣੀਆਂ ਜੇਬਾਂ ਭਰਨਾ ਹੈ। ਉਨ੍ਹਾਂ ਕਿਹਾ ਕਿ ਕੇਰਲ ‘ਚ ਯੂਡੀਐਫ ਅਤੇ ਐਲਡੀਐਫ ਸਰਕਾਰਾਂ ਨੇ ਇੱਥੇ ਸੈਰ-ਸਪਾਟਾ ਢਾਂਚੇ ‘ਚ ਸੁਧਾਰ ਲਈ ਕੰਮ ਨਹੀਂ ਕੀਤਾ। ਕੇਰਲਾ ਅਤੇ ਸੈਰ-ਸਪਾਟਾ ਦਾ ਨੇੜਲਾ ਰਿਸ਼ਤਾ ਹੈ, ਜਿਸ ਨੂੰ ਇੱਥੇ ਵਧੇਰੇ ਧਿਆਨ ਦੇਣ ਦੀ ਲੋੜ ਹੈ।
ਭਾਜਪਾ ਸਰਕਾਰ ਦੇ ਕੰਮ ਨੂੰ ਗਿਣਾਉਂਦਿਆਂ ਪੀਐਮ ਮੋਦੀ ਨੇ ਕਿਹਾ ਕਿ ਸਾਡੀ ਸਰਕਾਰ ਖੇਤੀਬਾੜੀ ਦੇ ਵਿਕਾਸ ਅਤੇ ਕਿਸਾਨਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ। ਕਈ ਸਾਲਾਂ ਤੋਂ ਸਰਕਾਰਾਂ ਨੇ ਐਮਐਸਪੀ ਵਧਾਉਣ ਦਾ ਵਾਅਦਾ ਕੀਤਾ ਸੀ ਪਰ ਸਾਡੀ ਸਰਕਾਰ ਨੇ ਕਿਸਾਨਾਂ ਲਈ ਐਮਐਸਪੀ ਵਧਾਉਣ ਦਾ ਮਾਣ ਪ੍ਰਾਪਤ ਕੀਤਾ। ਐਨਡੀਏ ਸਰਕਾਰ ਡਾਕਟਰੀ ਅਤੇ ਤਕਨੀਕੀ ਸਿੱਖਿਆ ਨੂੰ ਸਥਾਨਕ ਭਾਸ਼ਾ ‘ਚ ਉਪਲੱਬਧ ਕਰਵਾਉਣ ਲਈ ਵੀ ਕੰਮ ਕਰ ਰਹੀ ਹੈ। ਐਨਡੀਏ ਸਮਾਜਿਕ ਨਿਆਂ ਨੂੰ ਅੱਗੇ ਵਧਾਉਣ ਲਈ ਕੰਮ ਕਰਨਾ ਜਾਰੀ ਰੱਖੇਗਾ, ਸਾਡਾ ਉਦੇਸ਼ ਸੰਮਲਿਤ ਵਿਕਾਸ ਹੈ।
ਇਸ ਦੌਰਾਨ ਈ ਸ੍ਰੀਧਰਨ, ਜਿਨ੍ਹਾਂ ਨੂੰ ਕੇਰਲ ‘ਚ ਭਾਜਪਾ ਲਈ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਗਿਆ ਸੀ, ਨੇ ਵੀ ਯੂਡੀਐਫ ਅਤੇ ਐਲਡੀਐਫ ਦੋਵਾਂ ਨੂੰ ਨਿਸ਼ਾਨਾ ਬਣਾਇਆ। ਜ਼ਿਕਰਯੋਗ ਹੈ ਕਿ ਕੇਰਲ ‘ਚ 6 ਅਪ੍ਰੈਲ ਨੂੰ ਵੋਟਿੰਗ ਹੋਵੇਗੀ ਅਤੇ ਨਤੀਜੇ 2 ਮਈ ਨੂੰ ਆਉਣਗੇ। ਕੇਰਲ ‘ਚ 140 ਵਿਧਾਨ ਸਭਾ ਸੀਟਾਂ ‘ਤੇ ਵੋਟਿੰਗ ਹੋਵੇਗੀ। ਸਾਲ 2016 ਦੀਆਂ ਵਿਧਾਨ ਸਭਾ ਚੋਣਾਂ ‘ਚ ਐਲਡੀਐਫ ਨੇ ਕੁੱਲ 91 ਸੀਟਾਂ ਜਿੱਤੀਆਂ ਸਨ ਅਤੇ ਯੂਡੀਐਫ ਨੇ 47 ਸੀਟਾਂ ਜਿੱਤੀਆਂ ਸਨ। ਸਾਲ 2016 ‘ਚ ਭਾਜਪਾ ਨੇ ਕੇਰਲ ‘ਚ ਸਿਰਫ਼ ਇਕ ਸੀਟ ਜਿੱਤੀ ਸੀ।

Video Ad
Video Ad