ਟੋਰਾਂਟੋ, 21 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਅਤੇ ਅਮਰੀਕਾ ਦਰਮਿਆਨ ਗ਼ੈਰਜ਼ਰੂਰੀ ਆਵਾਜਾਈ ’ਤੇ ਲਾਗੂ ਬੰਦਿਸ਼ਾਂ 21 ਮਈ ਤੱਕ ਵਧਾ ਦਿਤੀਆਂ ਗਈਆਂ ਹਨ। ਕੈਨੇਡਾ ਦੇ ਲੋਕ ਸੁਰੱਖਿਆ ਮੰਤਰੀ ਬਿਲ ਬਲੇਅਰ ਨੇ ਬੰਦਿਸ਼ਾਂ ਦੀ ਮਿਆਦ ਵਿਚ ਵਾਧੇ ਦਾ ਐਲਾਨ ਕਰਦਿਆਂ ਕਿਹਾ ਕਿ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਸੁਰੱਖਿਅਤ ਰੱਖਣਾ ਬੇਹੱਦ ਜ਼ਰੂਰੀ ਹੈ। ਕੈਨੇਡਾ-ਯੂ.ਐਸ. ਬਾਰਡਰ ਐਗਰੀਮੈਂਟ ਜੋ ਪਿਛਲੇ ਸਾਲ ਮਾਰਚ ਵਿਚ ਲਾਗੂ ਕੀਤਾ ਗਿਆ ਸੀ, ਕੌਮਾਂਤਰੀ ਸਰਹੱਦ ਰਾਹੀਂ ਗ਼ੈਰਜ਼ਰੂਰੀ ਆਵਾਜਾਈ ’ਤੇ ਰੋਕ ਲਾਉਂਦਾ ਹੈ।
ਕੈਨੇਡੀਅਨ ਸਿਟੀਜ਼ਨ ਅਤੇ ਪਰਮਾਨੈਂਟ ਸਿਟੀਜ਼ਨ ਨਾ ਹੋਣ ਦੀ ਸੂਰਤ ਵਿਚ ਬੇਹੱਦ ਜ਼ਰੂਰੀ ਕਾਰਨਾਂ ਦੇ ਆਧਾਰ ’ਤੇ ਵੀ ਕੋਈ ਸ਼ਖਸ ਅਮਰੀਕਾ ਵਿਚ ਦਾਖ਼ਲ ਨਹੀਂ ਹੋ ਸਕਦਾ। ਇਸੇ ਤਰ੍ਹਾਂ ਕੈਨੇਡਾ ਸਰਕਾਰ ਵੱਲੋਂ ਵੀ ਜ਼ਰੂਰੀ ਕਾਰਜਾਂ ਵਾਸਤੇ ਅਮਰੀਕੀ ਨਾਗਰਿਕਾਂ ਨੂੰ ਆਉਣ ਦੀ ਛੋਟ ਦਿਤੀ ਜਾਂਦੀ ਹੈ। ਮੁਲਕ ਵਿਚ ਦਾਖ਼ਲ ਹੋਣ ਵਾਲਿਆਂ ਵਾਸਤੇ 14 ਦਿਨ ਇਕਾਂਤਵਾਸ ਵਿਚ ਰਹਿਣਾ ਲਾਜ਼ਮੀ ਹੈ। ਦੂਜੇ ਪਾਸੇ ਅਮਰੀਕੀ ਸੰਸਦ ਮੈਂਬਰ ਅਤੇ ਨੌਰਦਨ ਬਾਰਡਰ ਕੌਕਸ ਦੇ ਕੋ-ਚੇਅਰ ਬਰਾਇਨ ਹਿਗਿਨਜ਼ ਨੇ ਦੋਹਾਂ ਮੁਲਕਾਂ ਦੀਆਂ ਸਰਕਾਰਾਂ ਨੂੰ ਬਾਰਡਰ ਮੁੜ ਖੋਲ੍ਹਣ ਦੀ ਯੋਜਨਾ ’ਤੇ ਕੰਮ ਕਰਨ ਦਾ ਸੱਦਾ ਦਿਤਾ ਹੈ।