
ਔਟਵਾ/ਵਾਸ਼ਿੰਗਟਨ, 21 ਮਾਰਚ (ਹਮਦਰਦ ਨਿਊਜ਼ ਸਰਵਿਸ) : ਕੋਰੋਨਾ ਮਹਾਂਮਾਰੀ ਕਾਰਨ 2020 ਦੇ ਮਾਰਚ ਮਹੀਨੇ ਤੋਂ ਗ਼ੈਰ-ਜ਼ਰੂਰੀ ਯਾਤਰਾ ਲਈ ਬੰਦ ਚੱਲ ਰਹੀਆਂ ਕੈਨੇਡਾ ਅਤੇ ਅਮਰੀਕਾ ਦੀਆਂ ਸਰਹੱਦਾਂ 21 ਮਾਰਚ ਤੱਕ ਬੰਦ ਸਨ, ਪਰ ਹੁਣ ਫਿਰ ਤੋਂ ਦੋਵਾਂ ਮੁਲਕਾਂ ਨੇ ਸਰਹੱਦੀ ਪਾਬੰਦੀਆਂ ਵਿੱਚ ਇੱਕ ਮਹੀਨੇ ਲਈ ਹੋਰ ਵਾਧਾ ਕਰਦੇ ਹੋਏ 21 ਅਪ੍ਰੈਲ ਤੱਕ ਸਰਹੱਦਾਂ ਬੰਦ ਰੱਖਣ ਦਾ ਫ਼ੈਸਲਾ ਲਿਅ ਹੈ।
ਇਕ ਸਾਲ ਪਹਿਲਾਂ ਇਸੇ ਮਹੀਨੇ ਕੋਰੋਨਾ ਨੇ ਪੂਰੀ ਦੁਨੀਆ ’ਚ ਹੜਕੰਪ ਮਚਾ ਦਿੱਤਾ ਸੀ ਤੇ ਹੁਣ ਇਕ ਸਾਲ ਬਾਅਦ ਮੁੜ ਕੋਰੋਨਾ ਦਾ ਕਹਿਰ ਵਧਣਾ ਸ਼ੁਰੂ ਹੋ ਗਿਆ। ਇਸੇ ਤਹਿਤ ਕੈਨੇਡਾ ਅਤੇ ਅਮਰੀਕਾ ਨੇ ਆਪਣੀ ਸਰਹੱਦਾਂ ਨੂੰ ਬੰਦ ਰੱਖਣ ਦਾ ਸਮਾਂ 1 ਮਹੀਨਾ ਹੋਰ ਵਧਾ ਦਿੱਤਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਆਪਣੇ ਟਵੀਟਰ ਅਕਾਊਂਟ ਜ਼ਰੀਏ ਸਰਹੱਦਾਂ ਬੰਦ ਰਹਿਣ ਦਾ ਐਲਾਨ ਕੀਤਾ ਸੀ। ਟਰੂਡੋ ਨੇ ਕਿਹਾ ਸੀ ਕਿ ਕੈਨੇਡਾ ਅਤੇ ਅਮਰੀਕਾ ਆਪਣੇ ਦਰਮਿਆਨ ਲੱਗੀਆਂ ਗੈਰ ਜ਼ਰੂਰੀ ਯਾਤਰਾ ’ਤੇ ਪਾਬੰਦੀਆਂ ’ਚ ਹੋਰ ਵਾਧਾ ਕਰ ਰਿਹਾ ਹੈ ਅਤੇ ਹੁਣ ਇਕ ਪਾਬੰਦੀਆਂ 21 ਅਪ੍ਰੈਲ ਤੱਕ ਰਹਿਣਗੀਆਂ।ਇਸਦੇ ਨਾਲ ਹੀ 14 ਦਿਨਾਂ ਦੇ ਇਕਾਂਤਵਾਸ ਦੀਆਂ ਜ਼ਰੂਰਤਾਂ ਨੂੰ ਵੀ 21 ਅਪ੍ਰੈਲ ਤੱਕ ਵਧਾ ਦਿੱਤਾ ਗਿਆ ਹੈ।ਸਿਰਫ ਜ਼ਰੂਰੀ ਯਾਤਰੀਆਂ ਜਿਵੇਂ ਕਿ ਟਰੱਕ ਡਰਾਈਵਰ, ਐਮਰਜੈਂਸੀ ਸੇਵਾਵਾਂ ਪ੍ਰਦਾਨ ਕਰਨ ਵਾਲੇ ਜਾਂ ਜਿਹੜੇ ਕੰਮ ਲਈ ਨਿਯਮਤ ਤੌਰ ’ਤੇ ਕੈਨੇਡਾ-ਅਮਰੀਕਾ ਦੀ ਸਰਹੱਦ ਪਾਰ ਕਰਦੇ ਹਨ ਉਨ੍ਹਾਂ ਨੂੰ ਹੀ ਇਕਾਂਤਵਾਸ ਦੇ ਨਿਯਮਾਂ ਤੋਂ ਛੋਟ ਦਿੱਤੀ ਗਈ ਹੈ।
ਹਾਲਾਂਕਿ ਕਿ ਵੱਖ-ਵੱਖ ਮੁਲਕਾਂ ਟੀਕਾਕਰਣ ਮੁਹਿੰਮ ਚੱਲ ਰਹੀ ਹੈ ਪਰ ਇਸਦੇ ਬਾਵਜੂਦ ਵੀ ਅਜੇ ਕਿਸੇ ਵੀ ਅਧਿਕਾਰੀ ਨੇ ਕੋਈ ਸੰਕੇਤ ਨਹੀਂ ਦਿੱਤੀ ਕਿ ਇਸ ਮਗਰੋਂ ਦੋਵਾਂ ਮੁਲਕਾਂ ਦੀਆਂ ਸਰਹੱਦਾਂ ਖੁੱਲ੍ਹਣਗੀਆਂ ਜਾਂ ਨਹੀਂ।ਉਧਰ ਸੰਯੁਕਤ ਰਾਜ ਦੇ ਕੁਝ ਸੰਸਦੀ ਮੈਂਬਰ ਮਈ ਦੇ ਅੰਤ ਤੱਕ ਸਰਹੱਦਾਂ ਮੁੜ ਖੁੱਲ੍ਹਣ ਦੀ ਉਮੀਦ ਕਰ ਰਹੇ ਨੇ ਖੈਰ ਅਜੇ ਦੋਵਾਂ ’ਚੋਂ ਕਿਸੇ ਵੀ ਮੁਲਕ ਦੇ ਅਧਿਕਾਰੀ ਨੇ ਕੋਈ ਪੁਸ਼ਟੀ ਨਹੀਂ ਕੀਤੀ ਹੈ।
ਦੱਸ ਦੇਈਏ ਕਿ ਕੋਰੋਨਾ ਨੇ ਮੁੜ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ ਜਿਸ ਅਤੇ ਇਸ ਤੇ ਕਾਬੂ ਪਾਉਣ ਲਈ ਵੱਖ-ਵੱਖ ਮੁਲਕਾਂ ’ਚ ਟੀਕਾਕਰਣ ਕੀਤਾ ਜਾ ਰਿਹੈ ਅਤੇ ਸਥਾਨਕ ਸਰਕਾਰਾਂ ਵੱਲੋਂ ਸਖ਼ਤੀ ਕੀਤੀ ਜਾ ਰਹੀ ਹੈ।