ਕੈਲਗਰੀ-ਨੌਰਥ ਈਸਟ ਹਲਕੇ ਨੂੰ ਮਿਲੇਗਾ ਪੰਜਾਬੀ ਵਿਧਾਇਕ
ਕੈਲਗਰੀ, 23 ਮਈ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੇ ਐਲਬਰਟਾ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਲਈ ਅੱਜ ਐਡਵਾਂਸ ਵੋਟਿੰਗ ਸ਼ੁਰੂ ਹੋ ਗਈ। ਕੁੱਲ 87 ਵਿਧਾਨ ਸਭਾ ਹਲਕਿਆਂ ਵਿੱਚੋਂ 15 ਹਲਕਿਆਂ ਵਿੱਚ ਪੰਜਾਬੀਆਂ ਸਣੇ ਭਾਰਤੀ ਮੂਲ ਦੇ 22 ਉਮੀਦਵਾਰ ਚੋਣ ਮੈਦਾਨ ਵਿੱਚ ਉਤਰੇ ਹੋਏ ਨੇ। ਐਲਬਰਟਾ ਨੂੰ ਇਸ ਵਾਰ ਦਸਤਾਰਧਾਰੀ ਪੰਜਾਬੀਆਂ ਸਣੇ ਕਈ ਭਾਰਤੀ ਮੂਲ ਦੇ ਐਮਪੀਪੀ ਮਿਲ ਸਕਦੇ ਨੇ। ਕੈਲਗਰੀ-ਨੌਰਥ ਈਸਟ ਹਲਕੇ ਨੂੰ ਪੰਜਾਬੀ ਵਿਧਾਇਕ ਹੀ ਮਿਲਣ ਜਾ ਰਿਹਾ ਹੈ, ਇਹ ਵੀ ਗੱਲ ਪੱਕੀ ਹੈ। ਐਲਬਰਟਾ ਸੂਬੇ ਵਿੱਚ ਕੁੱਲ 14 ਸਿਆਸੀ ਪਾਰਟੀਆਂ ਚੋਣ ਲੜ ਰਹੀਆਂ ਨੇ, ਪਰ ਇਨ੍ਹਾਂ ਵਿੱਚੋਂ ਸੂਬੇ ਦੀ ਯੂਸੀਪੀ ਭਾਵ ਯੂਨਾਈਟਡ ਕੰਜ਼ਰਵੇਟਿਵ ਪਾਰਟੀ, ਐਨਡੀਪੀ ਭਾਵ ਨਿਊ ਡੈਮੋਕਰੇਟਿਕ ਪਾਰਟੀ ਅਤੇ ਜੀਪੀਏ ਭਾਵ ਗਰੀਨ ਪਾਰਟੀ ਵਿਚਾਲੇ ਫਸਵੀਂ ਟੱਕਰ ਦੇਖਣ ਨੂੰ ਮਿਲ ਸਕਦੀ ਹੈ। ਅਲਬਰਟਾ ਲਿਬਰਲ ਪਾਰਟੀ ਤਾਂ ਬਹੁਤ ਹੀ ਘੱਟ ਸੀਟਾਂ ’ਤੇ ਇਹ ਚੋਣਾਂ ਲੜ ਰਹੀ ਹੈ।