Home ਕਰੋਨਾ ਕੈਨੇਡਾ ’ਚ ਕੋਰੋਨਾ ਦੀ ਤੀਜੀ ਲਹਿਰ ਨੇ ਹਾਲਾਤ ਕੀਤੇ ਗੰਭੀਰ

ਕੈਨੇਡਾ ’ਚ ਕੋਰੋਨਾ ਦੀ ਤੀਜੀ ਲਹਿਰ ਨੇ ਹਾਲਾਤ ਕੀਤੇ ਗੰਭੀਰ

0
ਕੈਨੇਡਾ ’ਚ ਕੋਰੋਨਾ ਦੀ ਤੀਜੀ ਲਹਿਰ ਨੇ ਹਾਲਾਤ ਕੀਤੇ ਗੰਭੀਰ

    ਟੋਰਾਂਟੋ/ਮੌਂਟਰੀਅਲ, 1 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਗੰਭੀਰ ਰੂਪ ਅਖ਼ਤਿਆਰ ਕਰਦੀ ਜਾ ਰਹੀ ਹੈ ਅਤੇ ਸਭ ਤੋਂ ਸੰਘਣੀ ਆਬਾਦੀ ਵਾਲੇ ਸੂਬੇ ਉਨਟਾਰੀਓ ਵਿਚ 3 ਅਪ੍ਰੈਲ ਤੋਂ 28 ਦਿਨ ਦਾ ਲੌਕਡਾਊਨ ਲੱਗ ਰਿਹਾ ਹੈ। ਪ੍ਰੀਮੀਅਰ ਡਗ ਫ਼ੋਰਡ ਅੱਜ ਇਸ ਬਾਰੇ ਰਸਮੀ ਐਲਾਨ ਕਰ ਸਕਦੇ ਹਨ। ਉਧਰ ਕਿਊਬਿਕ ਦੇ ਪ੍ਰੀਮੀਅਰ ਫ਼ਰਾਂਸਵਾ ਲੀਗੋ ਨੇ ਕਿਊਬਿਕ ਸਿਟੀ ਸਣੇ ਤਿੰਨ ਸ਼ਹਿਰਾਂ ਵਿਚ 10 ਦਿਨ ਦੇ ਲੌਕਡਾਊਨ ਦਾ ਐਲਾਨ ਕਰ ਦਿਤਾ ਹੈ।

ਉਨਟਾਰੀਓ ਵਿਚ ਲੱਗ ਰਹੇ ਲੌਕਡਾਊਨ ਦੌਰਾਨ ਇੰਡੋਰ ਇਕੱਠ ਵਿਚ ਸਿਰਫ਼ ਪਰਵਾਰਕ ਮੈਂਬਰ ਮੌਜੂਦ ਰਹਿ ਸਕਣਗੇ ਜਦਕਿ ਆਊਟਡੋਰ ਇਕੱਠ ਸਿਰਫ਼ ਪੰਜ ਜਣਿਆਂ ਤੱਕ ਸੀਮਤ ਰਹੇਗਾ ਪਰ ਇਸ ਦੌਰਾਨ ਫ਼ਿਜ਼ੀਕਲ ਡਿਸਟੈਂਸਿੰਗ ਦੀ ਸਖ਼ਤੀ ਨਾਲ ਪਾਲਣਾ ਕਰਨੀ ਹੋਵੇਗੀ। ਵਿਆਹਾਂ, ਅੰਤਮ ਰਸਮਾਂ ਅਤੇ ਹੋਰ ਧਾਰਮਿਕ ਸਮਾਗਮਾਂ ਦੌਰਾਨ ਇੰਡੋਰ ਥਾਵਾਂ ਦੀ ਕੁਲ ਸਮਰੱਥਾ ਦਾ ਸਿਰਫ਼ 15 ਫ਼ੀ ਸਦੀ ਇਕੱਠ ਕਰਨ ਦੀ ਇਜਾਜ਼ਤ ਹੋਵੇਗੀ। ਜ਼ਰੂਰੀ ਵਸਤਾਂ ਵਾਲੇ ਸਟੋਰ 50 ਫ਼ੀ ਸਦੀ ਸਮਰੱਥਾ ਨਾਲ ਖੁੱਲ੍ਹੇ ਰਹਿਣਗੇ ਜਦਕਿ ਰਿਟੇਲ ਸਟੋਰਾਂ ਨੂੰ ਸਿਰਫ਼ 25 ਫ਼ੀ ਸਦੀ ਗਾਹਕ ਅੰਦਰ ਸੱਦਣ ਦੀ ਇਜਾਜ਼ਤ ਹੋਵੇਗੀ।

ਕਿਸੇ ਵੀ ਸ਼ਟਡਾਊਨ ਜ਼ੋਨ ਵਿਚਲੇ ਰੈਸਟੋਰੈਂਟ ਸਿਰਫ਼ ਹੋਮ ਡਿਲੀਵਰੀ ਜਾਂ ਟੇਕ-ਆਊਟ ਸੇਵਾਵਾਂ ਦੇ ਸਕਣਗੇ। ਪਹਿਲਾਂ ਹੀ ਗਰੇਅ ਜ਼ੋਨ ਵਿਚ ਰੱਖੇ ਗਏ ਸ਼ਹਿਰਾਂ ਵਿਚ 12 ਅਪ੍ਰੈਲ ਤੋਂ ਪਰਸਨਲ ਕੇਅਰ ਸਰਵਿਸਿਜ਼ ਸ਼ੁਰੂ ਹੋਣ ਦੇ ਆਸਾਰ ਨਜ਼ਰ ਆ ਰਹੇ ਸਨ ਪਰ ਹੁਣ ਇਨ੍ਹਾਂ ਨੂੰ ਬੰਦ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ।

ਲੌਕਡਾਊਨ ਬਾਰੇ ਬੁੱਧਵਾਰ ਦੇਰ ਸ਼ਾਮ ਰਿਪੋਰਟ ਨਸ਼ਰ ਹੋਣ ਤੋਂ ਪਹਿਲਾਂ ਪ੍ਰੀਮੀਅਰ ਡਗ ਫ਼ੋਰਡ ਨੇ ਕਿਹਾ ਕਿ ਆਈ.ਸੀ.ਯੂ. ਵਿਚ ਦਾਖ਼ਲ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਜਿਸ ਨੂੰ ਵੇਖਦਿਆਂ ਵੀਰਵਾਰ ਨੂੰ ਨਵੀਆਂ ਬੰਦਿਸ਼ਾਂ ਦਾ ਐਲਾਨ ਕੀਤਾ ਜਾਵੇਗਾ। ਡਗ ਫੋਰਡ ਨੇ ਅੱਗੇ ਕਿਹਾ ਕਿ ਮਰੀਜ਼ਾਂ ਦੀ ਗਿਣਤੀ ਵਧਣ ਤੋਂ ਉਹ ਬੇਹੱਦ ਚਿੰਤਤ ਹਨ। ਉਨਟਾਰੀਓ ਵਾਸੀਆਂ ਨੂੰ ਚਾਹੀਦਾ ਹੈ ਕਿ ਵੱਡੇ ਇਕੱਠ ਬਿਲਕੁਲ ਨਾ ਕੀਤੇ ਜਾਣ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ।

ਸਿਹਤ ਮਾਹਰਾਂ ਮੁਤਾਬਕ ਯੂ.ਕੇ. ਵਾਲਾ ਸਟ੍ਰੇਨ ਫ਼ੈਲਣ ਕਾਰਨ ਹਸਪਤਾਲਾਂ ਵਿਚ ਦਾਖ਼ਲ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 63 ਫ਼ੀ ਸਦੀ ਵਧ ਸਕਦੀ ਹੈ ਜਦਕਿ ਉਨ੍ਹਾਂ ਮਰੀਜ਼ਾਂ ਦੇ ਆਈ.ਸੀ.ਯੂ. ਵਿਚ ਜਾਣ ਦਾ ਖ਼ਤਰਾ ਦੁੱਗਣੇ ਤੋਂ ਜ਼ਿਆਦਾ ਵਧ ਸਕਦਾ ਹੈ। ਸਿਹਤ ਵਿਭਾਗ ਦੇ ਅਨੁਮਾਨ ਮੁਤਾਬਕ ਉਨਟਾਰੀਓ ਵਿਚ ਅਪ੍ਰੈਲ ਦੇ ਦੂਜੇ ਹਫ਼ਤੇ ਤੱਕ ਇੰਟੈਨਸਿਵ ਕੇਅਰ ਯੂਨਿਟ ਵਿਚ ਦਾਖ਼ਲ ਮਰੀਜ਼ਾਂ ਦੀ ਗਿਣਤੀ 700 ਤੱਕ ਪਹੁੰਚ ਸਕਦੀ ਹੈ ਜਦਕਿ ਤੀਜੇ ਹਫ਼ਤੇ ਦੌਰਾਨ ਇਹ ਅੰਕੜਾ 800 ਤੋਂ ਟੱਪ ਸਕਦਾ ਹੈ।

ਉਧਰ ਕਿਊਬਿਕ ਦੇ ਪ੍ਰੀਮੀਅਰ ਫ਼ਰਾਂਸਵਾ ਲੀਗੋ ਨੇ ਕਿਹਾ ਕਿ ਕਿਊਬਿਕ ਸਿਟੀ, ਗੈਟੀਨੋ ਅਤੇ ਲਿਵਾਈਸ ਦੇ ਸਕੂਲ, ਜਿਮ, ਥਿਏਟਰ, ਨਾਈ ਦੀਆਂ ਦੁਕਾਨਾਂ ਅਤੇ ਹੋਰ ਸਾਰੇ ਗ਼ੈਰਜ਼ਰੂਰੀ ਕਾਰੋਬਾਰ ਬੰਦ ਰਹਿਣਗੇ। ਗੁਰਦਵਾਰਿਆਂ ਅਤੇ ਹੋਰ ਧਾਰਮਿਕ ਥਾਵਾਂ ’ਤੇ 25 ਤੋਂ ਵੱਧ ਲੋਕ ਇਕੱਠੇ ਨਹੀਂ ਹੋ ਸਕਦੇ ਜਦਕਿ ਸ਼ਾਮ 8 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫ਼ਿਊ ਰਹੇਗਾ। ਉਨ੍ਹਾਂ ਕਿਹਾ ਕਿ ਹਾਲਾਤ ਬੇਹੱਦ ਗੰਭੀਰ ਬਣਦੇ ਜਾ ਰਹੇ ਹਨ ਅਤੇ ਲੋਕਾਂ ਨੂੰ ਘਰਾਂ ਵਿਚ ਰਹਿਣਾ ਚਾਹੀਦਾ ਹੈ। ਈਸਟਰ ਵੀਕਐਂਡ ਦੇ ਮੱਦੇਨਜ਼ਰ ਪ੍ਰੀਮੀਅਰ ਨੇ ਜ਼ੋਰ ਦੇ ਕੇ ਆਖਿਆ ਕਿ ਬਿਲਕੁਲ ਇਕੱਠ ਨਾ ਕੀਤਾ ਜਾਵੇ।

ਕਿਊਬਿਕ ਵਿਚ ਪਿਛਲੇ ਸਮੇਂ ਦੌਰਾਨ ਸਾਹਮਣੇ ਆਏ ਅੱਧੇ ਤੋਂ ਜ਼ਿਆਦਾ ਮਾਮਲੇ ਵਾਇਰਸ ਦੇ ਨਵੇਂ ਸਟ੍ਰੇਨਜ਼ ਨਾਲ ਸਬੰਧਤ ਦੱਸੇ ਜਾ ਰਹੇ ਹਨ। ਯੂ.ਕੇ. ਸਟ੍ਰੇਨ ਵਾਲੇ 7400 ਮਾਮਲੇ ਦੱਸੇ ਜਾ ਰਹੇ ਹਨ ਜਿਨ੍ਹਾਂ ਵਿਚੋਂ ਤਿੰਨ ਹਜ਼ਾਰ ਇਕੱਲੇ ਮੌਂਟਰੀਅਲ ਸ਼ਹਿਰ ਵਿਚ ਮਿਲੇ। ਕੈਨੇਡਾ ਦੀ ਆਰਥਿਕ ਰਾਜਧਾਨੀ ਟੋਰਾਂਟੋ ਦਾ ਜ਼ਿਕਰ ਕੀਤਾ ਜਾਵੇ ਤਾਂ ਮੇਅਰ ਜੌਹਨ ਟੋਰੀ 60 ਸਾਲ ਉਮਰ ਵਾਲਿਆਂ ਨੂੰ ਵੀ ਵੈਕਸੀਨੇਟ ਕਰਨ ਦੀ ਇਜਾਜ਼ਤ ਮੰਗ ਰਹੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਡਗ ਫ਼ੋਰਡ ਸਰਕਾਰ ਨੂੰ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਦੇ ਵਧਦੇ ਮਰੀਜ਼ਾਂ ਨੂੰ ਵੇਖਦਿਆਂ ਇਸ ਮਾਸੇ ਖ਼ਾਸ ਧਿਆਨ ਦਿਤਾ ਜਾਵੇ।