ਕੈਨੇਡਾ ’ਚ ਕੋਰੋਨਾ ਨੇ ਵਧਾਈ ਚਿੰਤਾ, ਕਈ ਥਾਈਂ ਅਸਲ ਵਾਇਰਸ ਦੇ ਪੂਰੀ ਤਰ੍ਹਾਂ ਬਦਲਣ ਦੀ ਸੰਭਾਵਨਾ

ਔਟਵਾ, 7 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਵਿੱਚ ਕੋਰੋਨਾ ਵਾਇਰਸ ਨੂੰ ਲੈ ਕੇ ਨਵੀਂ ਚਿੰਤਾ ਸਾਹਮਣੇ ਆਈ ਹੈ। ਸਿਹਤ ਅਧਿਕਾਰੀਆਂ ਨੇ ਸ਼ੱਕ ਜਤਾਇਆ ਹੈ ਕਿ ਦੇਸ਼ ਦੇ ਕਈ ਹਿੱਸਿਆਂ ਵਿੱਚ ਵਾਇਰਸ ਦਾ ਅਸਲ ਵੈਰੀਅੰਟ ਪੂਰੀ ਤਰ੍ਹਾਂ ਬਦਲ ਗਿਆ ਹੈ ਅਤੇ ਇਸ ਦੀ ਥਾਂ ਤੇਜ਼ੀ ਨਾਲ ਫੈਲਣ ਵਾਲੇ ਰੂਪ ਨੇ ਲੈ ਲਈ ਹੈ। ਨਾਲ ਹੀ ਇਹ ਨਵੇਂ ਵੈਰੀਐਂਟਸ ਨੌਜਵਾਨਾਂ ਨੂੰ ਜ਼ਿਆਦਾ ਸ਼ਿਕਾਰ ਬਣਾ ਰਹੇ ਹਨ।
ਸਿਹਤ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਸਪਤਾਲ ਵਿੱਚ ਭਰਤੀ ਹੋ ਰਹੇ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਨੂੰ ਮਹਾਂਮਾਰੀ ਦੀ ਸਭ ਤੋਂ ਗੰਭੀਰ ਤੀਜੀ ਲਹਿਰ ਦੱਸਿਆ ਹੈ। ਇੱਕ ਨਿਊਜ਼ ਕਾਨਫਰੰਸ ਦੌਰਾਨ ਟਰੂਡੋ ਨੇ ਕਿਹਾ ਕਿ ਇਹ ਅਜਿਹੀ ਖ਼ਬਰ ਨਹੀਂ ਹੈ, ਜੋ ਅਸੀਂ ਚਾਹੁੰਦੇ ਹਾਂ, ਪਰ ਹਸਪਤਾਲ ਵਿੱਚ ਭਰਤੀ ਹੋਣ ਵਾਲੇ ਮਾਮਲੇ ਵਧ ਰਹੇ ਹਨ, ਆਈਸੀਯੂ ਦੇ ਬਿਸਤਰੇ ਭਰ ਰਹੇ ਹਨ, ਵੈਰੀਐਂਟਸ ਫੈਲ ਰਹੇ ਹਨ ਅਤੇ ਅਜਿਹੇ ਲੋਕ ਜੋ ਮੰਨ ਰਹੇ ਸਨ ਕਿ ਉਨ੍ਹਾਂ ਨੂੰ ਚਿੰਤਤ ਹੋਣ ਦੀ ਲੋੜ ਨਹੀਂ ਹੈ, ਉਹ ਵੀ ਬਿਮਾਰ ਹੋ ਰਹੇ ਹਨ। ਪ੍ਰਧਾਨ ਮੰਤਰੀ ਟਰੂਡੋ ਨੇ ਨੌਜਵਾਨਾਂ ਨੂੰ ਘਰ ’ਚ ਰਹਿਣ ਦੀ ਅਪੀਲ ਕੀਤੀ ਹੈ, ਕਿਉਂਕਿ ਇਹ ਤੀਜੀ ਲਹਿਰ ਵਿੱਚ ਨੌਜਵਾਨ ਵਾਇਰਸ ਦੀ ਲਪੇਟ ਵਿੱਚ ਜ਼ਿਆਦਾ ਆ ਰਹੇ ਹਨ।
ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਨੇ ਕਿਹਾ ਕਿ ਸਿਰਫ਼ ਬੀਤੇ ਹਫ਼ਤੇ ਵਿੱਚ ਹੀ ਆਈਸੀਯੂ ਵਿੱਚ ਹੋਣ ਵਾਲੀਆਂ ਭਰਤੀਆਂ ਵਿੱਚ 18 ਫੀਸਦੀ ਵਾਧਾ ਹੋਇਆ ਹੈ। ਨਵੇਂ ਵੈਰੀਐਂਟਸ ਹਸਪਤਾਲ ਦੀ ਸਮਰੱਥਾ ’ਤੇ ਕਾਫ਼ੀ ਦਬਾਅ ਪਾ ਰਹੇ ਹਨ। ਦੇਸ਼ ਦੇ ਮੁੱਖ ਪਬਲਿਕ ਹੈਲਥ ਅਫਸਰ ਡਾਕਟਰ ਥੈਰੇਸਾ ਟੈਮ ਨੇ ਕਿਹਾ ਕਿ ਮਹਾਂਮਾਰੀ ਹੁਣ ਜ਼ਿਆਦਾਤਰ ਨੌਜਵਾਨਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਰਹੀ ਹੈ, ਜਿਸ ਕਾਰਨ ਹਸਪਤਾਲਾਂ ਵਿੱਚ ਇਲਾਜ ਲਈ ਆ ਰਹੇ ਨੌਜਵਾਨਾਂ ਦੀ ਗਿਣਤੀ ਵਧਦੀ ਜਾ ਰਹੀ ਹੈ।

Video Ad
Video Ad