ਕੈਨੇਡਾ ’ਚ ਭਾਰਤੀ ਨੌਜਵਾਨ ਵੱਲੋਂ ਖੁਦਕੁਸ਼ੀ, ਟੋਰਾਂਟੋ ਦੀ ਬਹੁਮੰਜ਼ਿਲਾ ਇਮਾਰਤ ਤੋਂ ਮਾਰੀ ਛਾਲ

ਟੋਰਾਂਟੋ, 3 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿਚ ਇਕ ਭਾਰਤੀ ਨੌਜਵਾਨ ਨੇ ਬਹੁਮੰਜ਼ਿਲਾ ਇਮਾਰਤ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਨੌਜਵਾਨ ਦੀ ਸ਼ਨਾਖ਼ਤ ਪਰਵੀਨ ਰਾਉ ਵਜੋਂ ਕੀਤੀ ਗਈ ਹੈ ਜਿਸ ਨੂੰ ਹਾਲ ਹੀ ਵਿਚ ਕੈਨੇਡਾ ਦੀ ਪੀ.ਆਰ. ਮਿਲੀ ਸੀ ਅਤੇ ਉਸ ਨੇ ਭਾਰਤ ਜਾਣ ਲਈ ਟਿਕਟਾਂ ਵੀ ਬੁਕ ਕਰਵਾ ਲਈਆਂ ਸਨ। ਪਰਵੀਨ ਰਾਉ ਦੀ ਦੇਹ ਭਾਰਤ ਭੇਜਣ ਲਈ ਗੋਫ਼ੰਡ ਮੀ ਪੇਜ ਸਥਾਪਤ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਰਵੀਨ ਰਾਉ ਨੇ ਮਾਪਿਆਂ ਤੋਂ ਨਾਰਾਜ਼ ਹੋ ਕੇ ਆਪਣੀ ਜ਼ਿੰਦਗੀ ਖ਼ਤਮ ਕੀਤੀ।

Video Ad

ਉਹ ਆਪਣੀ ਮਰਜ਼ੀ ਨਾਲ ਵਿਆਹ ਕਰਨਾ ਚਾਹੁੰਦਾ ਸੀ ਪਰ ਮਾਪਿਆਂ ਨੂੰ ਇਹ ਰਿਸ਼ਤਾ ਪਸੰਦ ਨਹੀਂ ਸੀ। ਦੱਸ ਦੇਈਏ ਕਿ ਪਰਵੀਨ ਰਾਉ 2015 ਵਿਚ ਸਟੂਡੈਂਟ ਵੀਜ਼ਾ ’ਤੇ ਕੈਨੇਡਾ ਆਇਆ ਸੀ ਅਤੇ ਗਰੀਬ ਕਿਸਾਨ ਪਿਤਾ ਨੇ ਬਹੁਤ ਮੁਸ਼ਕਲ ਨਾਲ ਫ਼ੀਸ ਦਾ ਪ੍ਰਬੰਧ ਕਰ ਕੇ ਉਸ ਨੂੰ ਕੈਨੇਡਾ ਭੇਜਿਆ। ਪੜ੍ਹਾਈ ਮੁਕੰਮਲ ਕਰਨ ਮਗਰੋਂ ਉਸ ਨੇ ਆਪਣਾ ਕਾਰੋਬਾਰ ਸ਼ੁਰੂ ਕਰ ਲਿਆ ਅਤੇ ਇਸੇ ਦੌਰਾਨ ਕੈਨੇਡਾ ਦੀ ਪੀ.ਆਰ. ਮਿਲ ਗਈ। ਪਰਵੀਨ ਰਾਉ ਦੇ ਦੋਸਤਾਂ ਅਤੇ ਰਿਸ਼ਤੇਦਾਰਾਂ ਮੁਤਾਬਕ ਜਦੋਂ ਮਾਪਿਆਂ ਨੇ ਉਸ ਦੀ ਪਸੰਦ ਮੁਤਾਬਕ ਵਿਆਹ ਕਰਨ ਤੋਂ ਨਾਂਹ ਕਰ ਦਿਤੀ ਤਾਂ ਉਹ ਡਿਪ੍ਰੈਸ਼ਨ ਵਿਚ ਚਲਾ ਗਿਆ।

ਪਰਵੀਨ ਦੇ ਪਿਤਾ ਨਰਾਇਣ ਰਾਉ ਨੇ ਉਸ ਨੂੰ ਭਾਰਤ ਆਉਣ ਅਤੇ ਮਾਮਲਾ ਸੁਲਝਾਉਣ ਦੀ ਰਾਏ ਦਿਤੀ ਜਿਸ ਮਗਰੋਂ ਉਸ ਨੇ ਸ਼ੁੱਕਰਵਾਰ ਨੂੰ ਰਵਾਨਾ ਹੋਣਾ ਸੀ ਪਰ ਇਸ ਤੋਂ ਪਹਿਲਾਂ ਦੁਨੀਆਂ ਤੋਂ ਰੁਖਸਤ ਹੋ ਗਿਆ। ਤੇਲਗੂ ਅਲਾਇੰਸ ਆਫ਼ ਕੈਨੇਡਾ ਨੇ ਪਰਵੀਨ ਰਾਉ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਦੇਹ ਭਾਰਤ ਭੇਜ ਮਗਰੋਂ ਬਚੀ ਹੋਈ ਰਕਮ ਪਰਵੀਨ ਦੇ ਮਾਪਿਆਂ ਨੂੰ ਭੇਜ ਦਿਤੀ ਜਾਵੇਗੀ।

Video Ad