ਕੈਨੇਡਾ ‘ਚ ਮੱਧਕਾਲੀ ਚੋਣਾਂ 7 ਜਾਂ 14 ਜੂਨ ਨੂੰ ਹੋਣ ਦੀ ਸੰਭਾਵਨਾ ?ਕੈਨੇਡਾ ‘ਚ ਮੱਧਕਾਲੀ ਚੋਣਾਂ 7 ਜਾਂ 14 ਜੂਨ ਨੂੰ ਹੋਣ ਦੀ ਸੰਭਾਵਨਾ ?

ਟਰਾਂਟੋ 17 ਮਾਰਚ (ਹਮਦਰਦ ਬਿਊਰੋ):-ਕੈਨੇਡਾ ਦੀ ਪਾਰਲੀਮੈਂਟ ਲਈ 2019 ਦੀਆਂ ਹੋਈਆਂ ਚੋਣਾਂ ‘ਚ ਲਿਬਰਲ ਪਾਰਟੀ ਦੀ ਘੱਟ ਗਿਣਤੀ ਸਰਕਾਰ ਬਣੀ ਸੀ ਤੇ ਉਸ ਸਮੇਂ ਤੋਂ ਹੀ ਲੈ ਕੇ ਅੱਜ ਤੱਕ ਟਰੂਡੋ ਸਰਕਾਰ ਨੂੰ ਐਨ ਡੀ ਪੀ ਪਾਰਟੀ ਦੇ ਸਹਾਰੇ ਹੀ ਚੱਲਣਾ ਪੈ ਰਿਹਾ ਹੈ। ਕੰਜ਼ਰਵੇਟਿਵ ਪਾਰਟੀ ਤੇ ਬਲਾਕ ਕਿਊਬਕਾ ਹਰ ਮੁੱਦੇ ਤੇ ਵਿਰੋਧ ‘ਚ ਹੀ ਖੜ੍ਹੀਆ ਹੈ। ਜਸਟਿਨ ਟਰੂਡੋ ਚਾਹੁੰਦੇ ਸਨ ਕਿ ਦੁਬਾਰਾ ਚੋਣਾਂ ਕਰਵਾਈਆਂ ਜਾਣ ਤਾਂ ਕਿ ਉਹ ਆਪਣੇ ਹਿਸਾਬ ਨਾਲ ਸਰਕਾਰ ਚਲਾ ਸਕਣ ਪਰ ਕਰੋਨਾ ਨੇ ਇਸ ਗੱਲ ਦਾ ਫੈਸਲਾ ਲੈਣ ਲਈ ਬੜੀ ਵੱਡੀ ਅੜਚਣ ਪਾਈ ਹੋਈ ਸੀ। ਵਿਰੋਧੀ ਪਾਰਟੀਆਂ ਅਜੇ ਆਪਣੇ ਪਰ ਤੋਲ ਰਹੀਆਂ ਹਨ ਕਿ ਉਹ ਆਰਥਿਕ ਤੇ ਲੋਕ ਪ੍ਰਿਆ ਪੱਖੋਂ ਮਜ਼ਬੂਤ ਹੋ ਜਾਣ ਤਾਂ ਚੋਣਾਂ ਹੋਣ। ਹੁਣ ਕਿਆਸ ਅਰਾਈਆਂ ਲਾਈਆਂ ਜਾ ਰਹੀਆਂ ਸਨ ਕਿ ਚੋਣਾਂ ਕਿਸੇ ਵੀ ਪਲ ਹੋ ਸਕਦੀਆਂ ਹਨ। ‘ਹਮਦਰਦ’ ਦੇ ਸੁਣਨ ਵਿਚ ਆਇਆ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਫੈਸਲਾ ਕਰ ਲਿਆ ਹੈ ਕਿ ਚੋਣਾਂ 7 ਜਾਂ 14 ਜੂਨ ਨੂੰ ਕਰਵਾਉਣ ਲਈ ਢੁਕਵਾਂ ਸਮਾਂ ਹੈ ਕਿਉਂਕਿ ਜੂਨ ਦੇ ਅਖੀਰ ਤੱਕ ਕੈਨੇਡੀਅਨਾਂ ਨੂੰ ਦਿੱਤੇ ਜਾ ਰਹੇ ਬੈਨੀਫਿਟ ਖਤਮ ਹੋਣ ਵਾਲੇ ਹਨ ਤੇ ਲਿਬਰਲ ਪਾਰਟੀ ਦੀ ਲੋਕਾਂ ਵਿਚ ਲੋਕ ਪ੍ਰਿਅਤਾ ਵਧੀ ਹੈ ਅਤੇ ਕੋਵਿਡ 19 ਦੀ ਵੈਕਸੀਨ ਮਾਰਚ ਤੇ ਅਪ੍ਰੈਲ ਵਿਚ ਵੱਡੀ ਮਾਤਰਾ ਵਿਚ ਕੈਨੇਡਾ ਪਹੁੰਚ ਜਾਵੇਗੀ ਤੇ ਜਿਸ ਨਾਲ ਲੋਕ ਕਿਸੇ ਹੱਦ ਤੱਕ ਕਰੋਨਾ ਤੋਂ ਜੂਨ ਤੱਕ ਛੁਟਕਾਰਾ ਪਾ ਸਕਣਗੇ।
ਬੀਤੇ ਦਿਨੀਂ ਆਏ ਪੋਲ ਵਿਚ ਲਿਬਰਲ ਪਾਰਟੀ ਸਾਰਿਆਂ ਤੋਂ ਅੱਗੇ ਚੱਲ ਰਹੀ ਹੈ ਕਿਉਂਕਿ ਟਰੂਡੋ ਸਰਕਾਰ ਨੇ ਜਿਸ ਤਰੀਕੇ ਨਾਲ ਕਰੋਨਾ ਦੌਰਾਨ ਹਰ ਤਬਕੇ ਦੇ ਲੋਕਾਂ ਦੀ ਮੱਦਦ ਕੀਤੀ ਹੈ ਉਸ ਤੋਂ ਜ਼ਿਆਦਾਤਰ ਲੋਕ ਖੁਸ਼ ਹਨ। ਬਜ਼ੁਰਗਾਂ ਤੋਂ ਲੈ ਕੇ ਬੱਚਿਆਂ ਤੱਕ ਹਰ ਇਕ ਨੂੰ ਸਰਕਾਰ ਨੇ ਜੋ ਬੈਨੀਫਿਟ ਦਿੱਤੇ ਹਨ ਉਹ ਸ਼ਾਇਦ ਹੀ ਕਿਸੇ ਹੋਰ ਦੇਸ਼ ਦੀ ਸਰਕਾਰ ਨੇ ਆਪਣੇ ਲੋਕਾਂ ਨੂੰ ਨਹੀਂ ਦਿੱਤੇ। ਇਸ ਗੱਲ ਦਾ ਲੋਕਾਂ ਤੇ ਬਹੁਤ ਵੱਡਾ ਪ੍ਰਭਾਵ ਹੈ ਕਿ ਕੈਨੇਡਾ ਦੇ ਬਹੁਤੇ ਕਾਰੋਬਾਰ ਚੱਲਦੇ ਰੱਖਣ ਲਈ ਸਰਕਾਰ ਦੀ ਸਹਾਇਤਾ ਸ਼ਲਾਘਾਯੋਗ ਰਹੀ ਜਿਸ ਦਾ ਵੋਟਰਾਂ ਤੇ ਡੂੰਘਾ ਅਸਰ ਹੈ। ਜਿਥੇ ਲਿਬਰਲ ਸਰਕਾਰ ਕਈ ਥਾਵਾਂ ਤੇ ਐਨ ਡੀ ਪੀ ਦੇ ਸਮਰੱਥਨ ਤੋਂ ਬਿਨਾਂ ਕਈ ਥਾਵਾਂ ਤੇ ਕਮਜ਼ੋਰ ਦਿਖੀ ਉਥੇ ਇਸ ਗੱਲ ਦਾ ਫਾਇਦਾ ਜਗਮੀਤ ਸਿੰਘ ਪਾਰਟੀ ਐਨ ਡੀ ਪੀ ਲੋਕਾਂ ਵਿਚ ਇਸ ਗੱਲ ਲਈ ਵੀ ਥਾਂ ਬਣਾ ਲਈ ਕਿ ਬਹੁਤੇ ਬੈਨੀਫਿਟ ਐਨ ਡੀ ਪੀ ਪਾਰਟੀ ਕਰਕੇ ਹੀ ਮਿਲੇ ਹਨ ਜਿਸ ਕਰਕੇ ਜਗਮੀਤ ਸਿੰਘ ਨੇ ਪਾਰਟੀ ਮਜ਼ਬੂਤ ਵੀ ਕੀਤੀ ਹੈ ਤੇ ਲੋਕਾਂ ਵਿਚ ਥਾਂ ਵੀ ਬਣਾਈ ਹੈ ਤੇ ਜਿਸ ਦਾ ਨੁਕਸਾਨ ਹੋਣ ਵਾਲੀਆਂ ਚੋਣਾਂ ‘ਚ ਲਿਬਰਲ ਨੂੰ ਪੈ ਸਕਦਾ ਹੈ।
ਜੇਕਰ ਚੋਣਾਂ ਜੂਨ ਵਿਚ ਹੋ ਜਾਂਦੀਆਂ ਹਨ ਤਾਂ ਸਭ ਤੋਂ ਵੱਡਾ ਘਾਟਾ ਕੰਜ਼ਰਵੇਟਿਵ ਪਾਰਟੀ ਨੂੰ ਭੁਗਤਣਾ ਪੈ ਸਕਦਾ ਹੈ ਕਿਉਂਕਿ ਉਨ੍ਹਾਂ ਦੇ ਆਗੂ ਐਰਿਨ ਓ ਟੂਲ ਅਜੇ ਤੱਕ ਕਮਜ਼ੋਰ ਆਗੂ ਦੇ ਤੌਰ ਤੇ ਹੀ ਦਿਖਾਈ ਦਿੱਤੇ ਹਨ। ਟਰੂਡੋ ਸਰਕਾਰ ਨੂੰ ਘੇਰਨ ਲਈ ਜਿਹੜੇ ਮੁੱਦੇ ਉਨ੍ਹਾਂ ਕੋਲ ਸਨ ਉਨ੍ਹਾਂ ਨੂੰ ਉਹ ਅਮਲੀ ਜਾਮਾ ਨਹੀਂ ਪਹਿਨਾ ਸਕੇ ਪਰ ਜਸਟਿਨ ਟਰੂਡੋ ਨੇ ਭਾਰਤ ਤੋਂ ਲੈ ਕੇ ਯੂਰਪੀ ਦੇਸ਼ਾਂ ਤੱਕ ਕੈਨੇਡਾ ਵਿਚ ਵੈਕਸੀਨ ਲਿਆਉਣ ਲਈ ਸਿਰ ਧੜ ਦੀ ਬਾਜੀ ਲਗਾ ਦਿੱਤੀ। ਲਿਬਰਲ ਪਾਰਟੀ ਨੂੰ ਛੱਡ ਕੇ ਸਭ ਪਾਰਟੀਆਂ ਚੋਣਾਂ ਦਾ ਮਾਮਲਾ ਆਪਣੇ ਗਲ ਨਹੀਂ ਪਾਉਣਾ ਚਾਹੁੰਦੀਆਂ ਤੇ ਉਹ ਇਸ ਕਰਕੇ ਹੁਣ ਤੋਂ ਇਹ ਗੱਲ ਕਹਿ ਰਹੇ ਹਨ ਕਿ ਕਰੋਨਾ ਦੌਰਾਨ ਚੋਣਾਂ ਕਰਵਾਉਣ ਦੀ ਕੋਈ ਤੁਕ ਨਹੀਂ। ਜਸਟਿਨ ਟਰੂਡੋ ਸੂਝਵਾਨ ਲੀਡਰ ਹਨ ਅਤੇ ਉਹ ਵੀ ਚਾਹੁੰਦੇ ਹਨ ਕਿ ‘ਸੱਪ ਵੀ ਮਰ ਜਾਵੇ ਤੇ ਸੁੱਟੀ ਵੀ ਨਾ ਟੁੱਟੇ’ ਦੀ ਕਹਾਵਤ ਵਾਂਗ ਚੋਣਾਂ ਦਾ ਭਾਂਡਾ ਵਿਰੋਧੀ ਪਾਰਟੀਆਂ ਹੀ ਸਿਰ ਭੰਨਣਾ ਚਾਹੁੰਦੇ ਹਨ। ਲੋਕ ਇਹ ਸਮਝਣ ਕਿ ਅਜਿਹੇ ਸਮੇਂ ਵਿਚ ਚੋਣਾਂ ਕਰਵਾਉਣ ਵਿਰੋਧੀ ਜਿੰਮੇਵਾਰ ਹਨ ਨਾ ਕਿ ਟਰੂਡੋ ਸਰਕਾਰ।
ਆਉਣ ਵਾਲੇ ਦਿਨਾਂ ਦੌਰਾਨ ਪਾਰਲੀਮੈਂਟ ਵਿਚ ਵੱਡੀ ਖੇਡ ਖੇਡੀ ਜਾਵੇਗੀ ਇਸ ਵਿਚ ਕੌਣ ਬਾਜੀ ਮਾਰਦਾ ਹੈ ਇਹ ਜਲਦੀ ਪਤਾ ਲੱਗ ਜਾਵੇਗਾ। ਸੁਣਨ ਵਿਚ ਇਹ ਵੀ ਆਇਆ ਹੈ ਕਿ ਮਾਰਚ ਦੇ ਅਖੀਰ ਤੱਕ ਟਰੂਡੋ ਸਰਕਾਰ ਵਿਰੋਧੀਆਂ ਨੂੰ ਅਜਿਹੀ ਸਟੇਜ਼ ਤੇ ਖੜ੍ਹਾ ਦੇਵੇਗੀ ਜਿਥੇ ਉਹ ਸਾਥ ਨਹੀਂ ਦੇਣਗੇ ਤੇ ਸਰਕਾਰ ਟੁੱਟ ਜਾਵੇਗੀ। ਮਾਰਚ ਦੇ ਅਖੀਰ ਤੱਕ ਜਸਟਿਨ ਟਰੂਡੋ ਚੋਣਾਂ ਦਾ ਐਲਾਨ ਕਰ ਦੇਣਗੇ। ਲੱਗਭਗ ਸਾਰੀਆਂ ਪਾਰਟੀਆਂ ਅੰਦਰੋਂਖਤੀ ਇਸ ਗੇਮ ਨੂੰ ਸਮਝ ਰਹੀਆਂ ਹਨ ਕਿ ਆਪਣੇ ਉਮੀਦਵਾਰ ਵੀ ਨਾਮਜ਼ਦ ਕਰ ਰਹੀਆਂ ਹਨ ਕਿ ਚੋਣਾਂ ਕਿਸੇ ਟਾਈਮ ਵੀ ਆ ਸਕਦੀਆਂ ਹਨ। ਲਿਬਰਲ ਪਾਰਟੀ ‘ਚ ਸਭ ਤੋਂ ਵੱਡਾ ਖਤਰਾ ਸਿੱਖ ਐਮ.ਪੀਜ਼ ਦੀ ਗਿਣਤੀ ਨੂੰ ਲੈ ਕੇ ਬਣਿਆ ਹੋਇਆ ਹੈ। 2015 ‘ਚ ਚੁਣੇ ਗਏ ਦੋ ਸਿੱਖ ਐਮ.ਪੀਜ਼ ਰਾਜ ਗਰੇਵਾਲ ਬਰੈਂਪਟਨ ਈਸਟ ਤੇ ਕੈਲਗਰੀ ਸਕਾਈਵਿਊ ਤੋਂ ਦਰਸ਼ਨ ਸਿੰਘ ਕੁਝ ਕਾਰਨਾਂ ਕਰਕੇ ਅਸਤੀਫਾ ਦੇ ਗਏ ਸਨ ਤੇ 2019 ਦੇ ਚੁਣੇ ਸਾਬਕਾ ਕੈਬਨਿਟ ਮੰਤਰੀ ਨਵਦੀਪ ਸਿੰਘ ਬੈਂਸ ਘਰੇਲੂ ਕਾਰਨਾਂ ਕਰਕੇ ਸਿਆਸਤ ਛੱਡ ਗਏ ਤੇ ਬਰੈਂਪਟਨ ਸੈਂਟਰ ਦੇ ਰਾਮੇਸ਼ਵਰ ਸੰਘਾ ਲਿਬਰਲ ਕਾਕਸ ਵਿਚ ਨਹੀਂ ਰਹੇ। ਜੂਨ ਦੀਆਂ ਚੋਣਾਂ ‘ਚ ਲਿਬਰਲ ਪਾਰਟੀ ਦੇ ਜਿੱਤਣ ਦੀ ਸਭ ਤੋਂ ਵੱਧ ਸੰਭਾਵਨਾ ਹੈ ਜਿਹੜੇ ਐਮ ਪੀ. 2019 ‘ਚ ਚੁਣੇ ਗਏ ਸਨ ਜੋ ਇਸ ਵਾਰ ਨਹੀਂ ਜਿੱਤਣਗੇ ਤਾਂ ਉਹ ਪੈਨਸ਼ਨ ਤੋਂ ਵਾਂਝੇ ਰਹਿ ਜਾਣਗੇ। ਪਾਰਟੀ ਛੱਡ ਗਏ ਸਿੱਖ ਉਮੀਦਵਾਰਾਂ ਦੀ ਥਾਂ ਤੇ ਨਵੇਂ ਉਮੀਦਵਾਰ ਕੌਣ ਬਣਦੇ ਹਨ ਤੇ ਅਗਲੀ ਲਿਬਰਲ ਸਰਕਾਰ ਜੇ ਬਣਦੀ ਹੈ ਤਾਂ ਕੀ ਸਰਦਾਰਾਂ ਦੀ ਸਰਦਾਰੀ ਆਉਣ ਵਾਲੀ ਸਰਕਾਰ ‘ਚ ਕਾਇਮ ਰਹਿ ਸਕੇਗੀ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਅੱਜ ਦੀ ਘੜੀ ਹਰ ਕੋਈ ਫੂਕ-ਫੂਕ ਕੇ ਕਦਮ ਰੱਖ ਰਿਹਾ ਹੈ ਤਾਂ ਕਿ ਕਿਸੇ ਇਕ ਦੀ ਗਲਤੀ ਪਾਰਟੀ ਤੇ ਹੀ ਨਹੀਂ ਬਲਕਿ ਖੁਦ ਤੇ ਵੀ ਭਾਰੀ ਨਾ ਪੈ ਜਾਵੇ। ਕੁਝ ਵੀ ਹੈ ਜੂਨ ਦੀਆਂ ਚੋਣਾਂ ਦੀ ਉਸ ਸਮੇਂ ਗੱਲ ਚੱਲ ਰਹੀ ਹੈ ਕਿ ਜਦੋਂ ਕਿ ਕੈਨੇਡਾ ‘ਚ ਕਰੋਨਾ ਦੀ ਤੀਜੀ ਲਹਿਰ ਆਉਣ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ।

Video Ad
Video Ad