
ਰਾਜਸਥਾਨ, ਪੰਜਾਬ, ਹਰਿਆਣਾ ਸਣੇ 5 ਸੂਬਿਆਂ ਦੀ ਪੁਲਿਸ ਕੋਆਰਡੀਨੇਸ਼ਨ ਕਮੇਟੀ ਬਣਾ ਕੇ ਗੈਂਗਸਟਰਾਂ ’ਤੇ ਕਰੇਗੀ ਕਾਰਵਾਈ
ਚੰਡੀਗੜ੍ਹ, 23 ਜੁਲਾਈ, ਹ.ਬ. : ਅੰਮ੍ਰਿਤਸਰ ਦੇ ਪਿੰਡ ਭਕਨਾ ’ਚ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਦੋ ਸ਼ੂਟਰਾਂ ਨੂੰ ਮਾਰਨ ਤੋਂ ਬਾਅਦ ਪੰਜਾਬ ਪੁਲਿਸ 5 ਸੂਬਿਆਂ ਦੀ ਤਾਲਮੇਲ ਕਮੇਟੀ ਦੇ ਸਹਿਯੋਗ ਨਾਲ ਗੈਂਗਸਟਰਾਂ ’ਤੇ ਸ਼ਿਕੰਜਾ ਕੱਸੇਗੀ। ਇਸ ਦੀ ਪੁਸ਼ਟੀ ਕਰਦਿਆਂ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੀ ਪੁਲਸ ਦੇ ਤਾਲਮੇਲ ਕਾਰਨ ਗੈਂਗਸਟਰ ਇੱਕ ਰਾਜ ਵਿੱਚ ਅਪਰਾਧ ਕਰਨ ਤੋਂ ਬਾਅਦ ਦੂਜੇ ਰਾਜ ਵਿੱਚ ਪਨਾਹ ਨਹੀਂ ਲੈ ਸਕਣਗੇ। ਪੁਲਿਸ ਗੈਂਗਸਟਰਾਂ ਦੀ ਹਰ ਪਲ ਹਰਕਤ ’ਤੇ ਨਜ਼ਰ ਰੱਖੇਗੀ।ਵਿਦੇਸ਼ਾਂ ’ਚ ਰਹਿੰਦੇ ਗੈਂਗਸਟਰ ਵੀ ਆਪਣੇ ਗੁੰਡਿਆਂ ਰਾਹੀਂ ਪੰਜਾਬ ’ਚ ਆਸਾਨੀ ਨਾਲ ਵਾਰਦਾਤਾਂ ਨੂੰ ਅੰਜਾਮ ਨਹੀਂ ਦੇ ਸਕਣਗੇ। ਗੋਲਡੀ ਬਰਾੜ ਸਮੇਤ ਵਿਦੇਸ਼ਾਂ ’ਚ ਰਹਿੰਦੇ ਗੈਂਗਸਟਰਾਂ ’ਤੇ ਸ਼ਿਕੰਜਾ ਕੱਸਣਗੇ। ਸਿੱਧੂ ਮੂਸੇਵਾਲਾ ਕਤਲ ਕਾਂਡ ਤੋਂ ਬਾਅਦ ਵੀ ਫਰਾਰ ਚੱਲ ਰਹੇ ਸ਼ੂਟਰ ਦੀਪਕ ਮੁੰਡੀ ਨੂੰ ਗ੍ਰਿਫਤਾਰ ਕਰਨ ਲਈ ਵਿਸ਼ੇਸ਼ ਟੀਮ ਬਣਾਈ ਗਈ ਹੈ। ਐਂਟੀ ਗੈਂਗਸਟਰ ਟਾਸਕ ਫੋਰਸ ਦੇ ਮੁਖੀ ਏਡੀਜੀਪੀ ਪ੍ਰਮੋਦ ਬਾਨ ਨੇ ਕਿਹਾ ਕਿ ਸ਼ਾਰਪ ਸ਼ੂਟਰ ਦੀਪਕ ਮੁੰਡੀ ਸਾਡੀ ਰਾਡਾਰ ’ਤੇ ਹੈ।