ਔਟਵਾ, 25 ਮਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੀਆਂ ਦੋ ਪ੍ਰਮੁੱਖ ਵਿਰੋਧੀ ਪਾਰਟੀਆਂ ਨੇ ਜਸਟਿਨ ਟਰੂਡੋ ਦਾ ਸੱਦਾ ਠੁਕਰਾ ਦਿਤਾ ਹੈ ਜਿਸ ਰਾਹੀਂ ਵਿਸ਼ੇਸ਼ ਦੂਤ ਡੇਵਿਡ ਜੌਹਨਸਟਨ ਦੀ ਰਿਪੋਰਟ ਦੇ ਗੁਪਤ ਹਿੱਸੇ ਪੜ੍ਹਨ ਦੀ ਪੇਸ਼ਕਸ਼ ਕੀਤੀ ਗਈ ਸੀ। ਬਲਾਕ ਕਿਊਬੈਕ ਦੇ ਆਗੂ ਫਰਾਂਸਵਾ ਬਲੈਂਚੈਟ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਦੀ ਪੇਸ਼ਕਸ਼ ਨੂੰ ਇਕ ਟਰੈਪ ਕਰਾਰ ਦਿਤਾ। ਉਨ੍ਹਾਂ ਕਿਹਾ ਕਿ ਇਹ ਵਿਛਾਏ ਹੋਏ ਜਾਲ ਵਾਂਗ ਹੈ ਜਿਸ ਤਹਿਤ ਜੇ ਤੁਸੀ ਰਿਪੋਰਟ ਦੇ ਗੁਪਤ ਹਿੱਸੇ ਦੇਖਣਾ ਚਾਹੁੰਦੇ ਹੋ ਤਾਂ ਇਸ ਬਾਰੇ ਕਿਸੇ ਕੋਲ ਗੱਲ ਨਹੀਂ ਕਰ ਸਕੋਗੇ ਅਤੇ ਨਾ ਹੀ ਕੋਈ ਹੋਰ ਕਾਰਵਾਈ ਕਰਨ ਦਾ ਹੱਕ ਹੋਵੇਗਾ।