
ਬਾਰਡਰ ਏਜੰਟਾਂ ਨੇ ਸੇਂਟ ਕਲੇਅਰ ਨਦੀ ਦੇ ਵਿਚਕਾਰ ਰੋਕੀ ਕਿਸ਼ਤੀ
ਨਿਊ ਯਾਰਕ, 2 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਪੁੱਜਣ ਦੀ ਤਾਂਘ ਭਾਰਤੀਆਂ ਨੂੰ ਸਾਰੀਆਂ ਹੱਦਾਂ ਪਾਰ ਕਰਨ ਲਈ ਮਜਬੂਰ ਕਰ ਰਹੀ ਹੈ ਅਤੇ ਇਨ੍ਹਾਂ ਗੈਰਕਾਨੂੰਨੀ ਯਤਨਾਂ ਦੌਰਾਨ ਉਹ ਬਾਰਡਰ ਏਜੰਟਾਂ ਦੇ ਅੜਿੱਕੇ ਵੀ ਆ ਜਾਂਦੇ ਹਨ। ਕੁਝ ਅਜਿਹਾ ਹੀ ਘਟਨਾਕ੍ਰਮ ਕੈਨੇਡਾ ਤੋਂ ਕਿਸ਼ਤੀ ਵਿਚ ਬੈਠ ਕੇ ਅਮਰੀਕਾ ਪਹੁੰਚਣ ਦਾ ਯਤਨ ਕਰ ਰਹੇ ਪੰਜ ਪ੍ਰਵਾਸੀਆਂ ਨਾਲ ਵਾਪਰਿਆ ਜਿਨ੍ਹਾਂ ਨੂੰ ਬਾਰਡਰ ਏਜੰਟਾਂ ਨੇ ਕਾਬੂ ਕਰ ਲਿਆ। ਗ੍ਰਿਫ਼ਤਾਰ ਕੀਤੇ ਪ੍ਰਵਾਸੀਆਂ ਵਿਚੋਂ ਦੋ ਭਾਰਤੀ ਹਨ ਜੋ ਪੂਰੀ ਤਰ੍ਹਾਂ ਭਿੱਜੇ ਹੋਏ ਸਨ ਅਤੇ ਠੰਢ ਵਿਚ ਕਾਂਬਾ ਛਿੜ ਰਿਹਾ ਸੀ।