
ਐਡਮਿੰਟਨ, 29 ਮਾਰਚ (ਹਮਦਰਦ ਨਿਊਜ਼ ਸਰਵਿਸ) : ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਤੋਂ ਉਠੀ ਚੰਗਿਆੜੀ ਅੱਜ ਦੇਸ਼ ਭਰ ਵਿੱਚ ਫੈਲ ਚੁੱਕੀ ਹੈ। ਦੇਸ਼ ਹੀ ਨਹੀਂ, ਸਗੋਂ ਵਿਦੇਸ਼ੀ ਧਰਤੀ ਤੋਂ ਵੀ ਕਿਸਾਨਾਂ ਦੇ ਹੱਕ ’ਚ ਆਵਾਜ਼ ਬੁਲੰਦ ਹੋ ਰਹੀ ਹੈ। ਇਸੇ ਤਰ੍ਹਾਂ ਕੈਨੇਡਾ ਵਿੱਚ ਹਰ ਵੀਕੈਂਡ ’ਤੇ ਖੇਤੀ ਕਾਨੂੰਨਾਂ ਵਿਰੁੱਧ ਰੋਸ ਰੈਲੀਆਂ ਨਿਕਲਦੀਆਂ ਹਨ ਤੇ ਅੱਜ ਕੈਨੇਡਾ ਦੇ ਐਡਮਿੰਟਨ ਸ਼ਹਿਰ ਵਿੱਚ ਹੋਲੀ ਵਾਲੇ ਦਿਨ ਮਾਹੌਲ ਉਦੋਂ ਤਣਾਅ ਪੂਰਨ ਬਣ ਗਿਆ, ਜਦੋਂ ਹੋਲੀ ਮਨਾ ਰਹੇ ਲੋਕਾਂ ਦੇ ਸਮਾਰੋਹ ’ਚ ਖੇਤੀ ਕਾਨੂੰਨਾਂ ਵਿਰੁੱਧ ਰੈਲੀ ਕੱਢ ਰਹੇ ਪ੍ਰਵਾਸੀ ਭਾਰਤੀ ਵੀ ਪਹੁੰਚ ਗਏ। ਇਸ ਦੌਰਾਨ ਉਨ੍ਹਾਂ ਨੇ ‘ਮੋਦੀ ਸਰਕਾਰ ਮੁਰਦਾਬਾਦ’ ਦੇ ਨਾਅਰੇ ਵੀ ਲਾਏ, ਜਿਸ ਕਾਰਨ ਉੱਥੇ ਮਾਹੌਲ ਤਣਾਅਪੂਰਨ ਹੋ ਗਿਆ।
ਦੱਸ ਦੇਈਏ ਕਿ ਐਡਮਿੰਟਨ ਦੇ ਹੈਰੀਟੇਜ ਵੈਲੀ ਪਾਰਕ ’ਚ 400 ਵਿਅਕਤੀਆਂ ਦਾ ਇਕੱਠ ਹੋਲੀ ਦਾ ਜਸ਼ਨ ਮਨਾ ਰਿਹਾ ਸੀ ਤੇ ਉਸ ਤੋਂ ਬਾਅਦ ‘ਪੀਸ ਐਂਡ ਹਾਰਮੋਨੀ ਇੰਡੋ-ਕੈਨੇਡੀਅਨ ਤਿਰੰਗਾ ਯਾਤਰਾ’ ਵੀ ਹੋਣੀ ਸੀ। ਇੰਨੇ ਨੂੰ 100 ਕੁ ਵਿਅਕਤੀਆਂ ਦਾ ਇੱਕ ਸਮੂਹ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਾ ਉੱਥੇ ਆ ਗਿਆ। ਇਸ ਕਾਰਨ ਹਾਲਾਤ ਤਣਾਅਪੂਰਨ ਬਣ ਗਏ। ਪੁਲਿਸ ਦੇੇ ਦਖ਼ਲ ਮਗਰੋਂ ਮਾਹੌਲ ਸ਼ਾਂਤ ਹੋਇਆ।