ਕੈਨੇਡਾ ਨੂੰ ਭਾਰਤ ਨਾਲ ਨਿੱਘੇ ਸਬੰਧ ਬਣਾਉਣੇ ਅਤਿ ਜ਼ਰੂਰੀ

‘ਦਰਬਾਰਾ ਸਿੰਘ ਕਾਹਲੋਂ’ ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ।
ਕੈਂਬਲਫੋਰਡ, ਕੈਨੇਡਾ +1 2898292929
ਭਾਰਤ ਵਿਸ਼ਵ ਅੰਦਰ ਇੱਕ ਤੇਜ਼ੀ ਨਾਲ ਉੱਭਰਦੀ ਆਰਥਿਕ ਸ਼ਕਤੀ ਹੈ। ਤਕਨੀਕੀ, ਸਾਇੰਸੀ, ਕੰਪਿਊਟਰੀ, ਡਿਜੀਟਲ, ਫਾਰਮੇਸੀ, ਪੁਲਾੜ ਸੌਰ ਊਰਜਾ ਅਤੇ ਯੁੱਧਨੀਤਕ ਖੇਤਰਾਂ ਵਿਚ ਇਸ ਦੀਆਂ ਅੱਖਾਂ ਝੁੰਧਿਆ ਦੇਣ ਵਾਲੀਆਂ ਖੋਜਾਂ ਅਤੇ ਪ੍ਰਾਪਤੀਆਂ ਦਾ ਲੋਹਾ ਪੂਰਾ ਵਿਸ਼ਵ ਮੰਨ ਰਿਹਾ ਹੈ। ਵਿਸ਼ਵ ਦੀ ਸਭ ਤੋਂ ਵੱਡੀ ਵਪਾਰਕ ਮੰਡੀ ਹੋਣ ਕਰਕੇ ਹਰ ਵੱਡਾ ਅਤੇ ਤਾਕਤਵਰ ਰਾਸ਼ਟਰ ਇਸ ਨਾਲ ਆਪਣੇ ਵਪਾਰਕ ਸਬੰਧ ਬਣਾਉਣਾ ਲੋਚਦਾ ਹੈ।
ਵਿਸ਼ਵ ਦੀ ਚੌਥੀ ਵੱਡੀ ਫੌਜੀ ਸ਼ਕਤੀ ਉਭਰਨ ਕਰਕੇ ਏਸ਼ੀਅਨ, ਪੈਸੇਫਿਕ, ਯੂਰਪੀ ਖੇਤਰਾਂ ਵਿਚ ਲਗਾਤਾਰ ਇਸ ਦਾ ਪ੍ਰਭਾਵ ਵੱਧ ਰਿਹਾ ਹੈ। ਵੀਹਵੀਂ ਸਦੀ ਵਿਚ ਜਿਤੇ ਸੰਨ 1962 ਵਿਚ ਚੀਨ, 1948, 1962, 1999 ਵਿਚ ਪਾਕਿਸਤਾਨ ਨੇ ਭਾਰਤੀ ਸਰਹੱਦਾਂ ਤੇ ਹਮਲਾਵਰ ਜੰਗਾਂ ਦੀ ਜੁਅਰਤ ਕੀਤੀ ਉੱਤੇ 21ਵੀਂ ਸਦੀ ਦੀ ਤਾਕਤਵਰ ਭਾਰਤੀ ਫੌਜੀ ਸ਼ਕਤੀ ਨੇ ਪੂਰੇ ਵਿਸ਼ਵ ਨੂੰ ਦਰਸਾਅ ਦਿਤਾ ਹੈ ਕਿ ਕਿਸੇ ਵੀ ਦੇਸ਼ ਨਾਲ ਸਰਹੱਦੀ, ਖੇਤਰੀ ਜਾਂ ਯੁੱਧਨੀਤਕ ਤਨਾਜੇ ਦੇ ਚੱਲਦੇ ਉਸ ਦੇ ਖੇਤਰ ਅੰਦਰ ਘੁੱਸ ਕੇ ਘਾਤਿਕ ਹਮਲਾ ਅਤੇ ਨੁਕਸਾਨ ਕਰਨ ਦੀ ਸ਼ਕਤੀ ਰਖਦਾ ਹੈ। ਬਾਲਾਕੋਟ ਅਤੇ ਪੈਂਗੋਂਗ ਘਾਟੀ ਸਬੰਧੀ ਪਾਕਿਸਤਾਨ ਅਤੇ ਚੀਨ ਵਿਰੁੱਧ ਭਾਰਤੀ ਹਮਲਾਵਰ ਕਾਰਵਾਈਆਂ ਨੇ ਇਹ ਦਰਸਾਅ ਦਿਤਾ ਹੈ।
ਵਿਸ਼ਵ ਦੇ ਸਭ ਤੋਂ ਵਿਸ਼ਾਲ ਲੋਕਤੰਤਰ ਹੋਣ ਕਰਕੇ ਹਰ ਲੋਕਤੰਤਰੀ ਸ਼ਕਤੀ ਅਤੇ ਰਾਸ਼ਟਰ ਭਾਰਤ ਨਾਲ ਨਿੱਘੇ ਮੇਲਜੋਲ ਦੀ ਕਾਮਨਾ ਕਰਦਾ ਹੈ। ਭਾਰਤੀ ਲੋਕਤੰਤਰ ਅੱਜ ਪੂਰੇ ਵਿਸ਼ਵ ਲਈ ਇੱਕ ਸਿਹਤਮੰਦ ਅਤੇ ਕ੍ਰਿਆਸ਼ੀਲ ਮਿਸਾਲ ਹੈ। ਅਕਸਰ ਪੂਰਾ ਵਿਸ਼ਵ ਲੋਕਤੰਤਰੀ ਸੰਸਥਾਵਾਂ ਦੀ ਮਜ਼ਬੂਤੀ ਅਤੇ ਸਿਧਾਂਤਕ ਕ੍ਰਿਆਸ਼ੀਲਤਾਲ ਦੀ ਅਮਰੀਕਾ ਵੱਲ ਤੱਕਦਾ ਹੁੰਦਾ ਸੀ। ਪਰ ਜਿਵੇਂ ਸਾਬਕਾ ਅਮਰੀਕੀ ਪ੍ਰਧਾਨ ਡੋਨਾਲਡ ਟਰੰਪ ਨੇ ਆਪਣੀ ਨਵੰਬਰ, 2020 ਚੋਣਾਂ ਵਿਚ ਹਾਰ ਨੂੰ ਜਿੱਤ ਵਿਚ ਬਦਲਣ ਲਈ ਨੱਸਲਵਾਦ, ਹਿੰਸਾ, ਤਾਕਤ ਅਤੇ ਪਦ ਦਾ ਦੁਰਉਪਯੋਗ ਕੀਤਾ, ਅਮਰੀਕੀ ਪਾਰਲੀਮੈਂਟ ਤੇ ਹਮਲੇ ਲਈ ਗੋਰੇ ਹਿੰਸਕ ਅਤੇ ਨਸਲਵਾਦੀ ਲੋਕਾਂ ਨੂੰ ਭੜਕਾਇਆ ਉਸ ਨੇ ਅਮਰੀਕੀ ਲੋਕਤੰਤਰ ਦੀਆਂ ਕਮਜ਼ੋਰੀਆਂ ਅਤੇ ਖੋਖਲੇਪਣ ਨੂੰ ਵਿਸ਼ਵ ਸਾਹਮਣੇ ਬੇਨਕਾਬ ਕਰ ਦਿਤਾ।
ਅੱਜ ਹਕੀਕਤ ਹੈ ਕਿ ਏਸ਼ੀਅਨ, ਯੂਰਪੀ, ਅਮਰੀਕੀ, ਅਫਰੀਕੀ ਲੋਕਤੰਤਰੀ ਦੇਸ਼ ਭਾਰਤੀ ਲੋਕਤੰਤਰ ਵਿਚ ਵੱਧ ਭਰੋਸਾ ਜਿਤਾ ਰਹੇ ਹਨ। ਯਾਦ ਰਹੇ ਕਿ ਟਰੰਪ ਕਾਲ ਵੇਲੇ ਅਮਰੀਕਾ ਨੇ ਕੈਨੇਡਾ ਅਤੇ ਮੈਕਸੀਕੋ ਗੁਆਂਢੀਆਂ ਨਾਲ ਆਪਣੀ ਸ਼ਕਤੀਸ਼ਾਲੀ ਧੌਂਸ ਬਲਬੂਤੇ ਤ੍ਰੈਪੱਖੀ ਨਾਫਦਾ ਵਪਾਰਕ ਸਮਝੌਤਾ ਤੋੜ ਕੇ ਨਵਾਂ ਵੱਖੋ-ਵੱਖਰਾ ਵਪਾਰਕ ਸਮਝੌਤਾ ਉੰਨਾਂ ਤੇ ਲੱਦਿਆ ਸੀ।
ਪਿੱਛਲੇ ਦਿਨੀਂ ਕੈਨੇਡਾ ਦੀ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੇ ਆਗੂ ਐਰਿਨ ਓਟੂਲ ਨੇ ਪ੍ਰਸਿੱਧ ਅਖ਼ਬਾਰ ‘ਨੈਸ਼ਨਲ ਪੋਸਟ’ ਵਿਚ ਆਪਣੇ ਇੱਕ ਭਾਵ ਪੂਰਤ ਲੇਖ ਰਾਹੀਂ ਆਪਣੇ ਦੇਸ਼ ਅਤੇ ਲਿਬਰਲ ਪਾਰਟੀ ਦੀ ਜਸਟਿਨ ਟਰੂਡੋ ਸਰਕਾਰ ਨੂੰ ਜ਼ੋਰਦਾਰ ਢੰਗ ਨਾਲ ਭਾਰਤ ਨਾਲ ਨਿੱਘੇ ਅਤੇ ਨੇੜਲੇ ਸਬੰਧ ਬਣਾਉਣ ਤੇ ਜ਼ੋਰ ਦਿੱਤਾ। ਅਸੀਂ ਇਹ ਸਮਝਦੇ ਹਾਂ ਕਿ ਐਰਿਨ ਓਟੂਲ ਦਾ ਅਜਿਹਾ ਵਿਚਾਰ ਪੂਰੇ ਵਿਸ਼ਵ ਲਈ ਇੱਕ ਰਾਹ ਦਸੇਰਾ ਸੁਨੇਹਾ ਹੈ ਜੋ ਭਾਰਤ ਦੀ ਅਜੋਕੇ ਵਿਸ਼ਵ ਅੰਦਰ ਨੂੰ ਲੋਕਤੰਤਰੀ, ਵਪਾਰਕ, ਯੁੱਧਨੀਤਕ, ਆਪਸੀ ਕੌਮਾਂਤਰੀ ਮਿਲਵਰਤਨ ਪੱਖੋਂ ‘ਵਿਸ਼ਵ ਆਗੂ’ ਦੀ ਉੱਭਰ ਰਹੀ ਭੂਮਿਕਾ ਵੱਲ ਇਸ਼ਾਰਾ ਕਰਦਾ ਹੈ।
ਭਾਰਤ ਅਤੇ ਕੈਨੇਡਾ ਦੇ ਆਪਸੀ ਸਬੰਧ ਹਮੇਸ਼ਾ ਨਿੱਘੇ ਅਤੇ ਨੇੜਲੇ ਰਹੇ ਹਨ। ਭਾਰਤੀ ਵੱਡਾ ਡਾਇਸਪੋਰਾ ਕੈਨੇਡਾ ਵਸਿਆ ਹੋਇਆ ਹੈ ਜੋ ਇਸ ਦੇਸ਼ ਦੇ ਲੋਕਤੰਤਰ, ਤਰੱਕੀ ਅਤੇ ਆਰਥਿਕ ਮਜ਼ਬੂਤੀ ਵਿਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਵੱਖ-ਵੱਖ ਸੂਬਿਆਂ ਵਿਚ ਪ੍ਰੀਮੀਅਰ, ਮੰਤਰੀ, ਵਿਧਾਇਕਾਂ ਅਤੇ ਕੌਸਲਰਾਂ, ਕੇਂਦਰੀ ਸਰਕਾਰਾਂ ਵਿਚ ਮੰਤਰੀਆਂ, ਪਾਰਲੀਮੈਂਟ ਮੈਂਬਰ, ਵੱਖ-ਵੱਖ ਵਿਭਾਗਾਂ ਵਿਚ ਅਹਿਮ ਅਧਿਕਾਰੀਆਂ ਵੱਜੋਂ ਜੁਮੇਂਵਾਰੀਆਂ ਨਿਭਾ ਰਿਹਾ ਹੈ। ਹੁਣੇ-ਹੁਣੇ ਪਲਵਿੰਦਰ ਕੌਰ ਸ਼ੇਰਗਿਲ ਕੈਨੇਡੀਅਨ ਸੁਪਰੀਮ ਕੋਰਟ ਦੀ ਜੱਜ ਸਸ਼ੋਭਤ ਹੋਏ ਹਨ। 20ਵੀਂ ਸਦੀ ਦੇ ਕਾਮਾਗਾਟਾਮਾਰੂ ਅਤੇ ਏਅਰ ਇੰਡੀਆ ਦੁਖਾਂਤਾ ਦੇ ਬਾਵਜੂਦ ਕੈਨੇਡਾ-ਭਾਰਤ ਦੇ ਡਿਪਲੋਮੈਟਿਕ, ਵਪਾਰਕ, ਯੁੱਧਨੀਤਕ ਸਬੰਧਾਂ ਤੇ ਕੋਈ ਵੱਡਾ ਫਰਕ ਨਹੀਂ ਪਿਆ।
ਇੱਥੇ ਇਹ ਵੀ ਸੱਚ ਹੈ ਕਿ ਜਿਵੇਂ ਕੈਨੇਡਾ-ਭਾਰਤ ਦਰਮਿਆਨ ਆਪਸੀ ਸਬੰਧ ਸਾਬਕਾ ਕੰਜ਼ਰਵੇਟਿਵ ਪ੍ਰਧਾਨ ਮੰਤਰੀ ਸਟੀਫ਼ਨ ਹਾਰਪਰ ਸਮੇਂ ਤੇਜ਼ੀ ਨਾਲ ਵਧੇ ਸਨ, ਮੌਜੂਦਾ ਲਿਬਰਲ ਪਾਰਟੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੇਲੇ ਉਹ ਗਤੀ ਨਹੀਂ ਰਹੀ।
ਲੇਕਿਨ ਦੋਹਾਂ ਰਾਸ਼ਟਰਾਂ ਦੀ ਲੋਕਤੰਤਰੀ ਵਿਵਸਥਾ, ਭਾਈਚਾਰਕ ਸਾਂਝ, ਕਾਮਨਵੈਲਥ ਸੰਸਥਾ ਦੀ ਮੈਂਬਰੀ ਅਤੇ ਮੇਲ-ਜੋਲ, ਖੁੱਲੇ ਬਜ਼ਾਰ ਵਾਲੀਆਂ ਲੋਕਸ਼ਾਹੀਆਂ ਹੋਣ ਕਰਕੇ 12000 ਕਿਲੋਮੀਟਰ ਦੀ ਦੂਰੀ ਕੋਈ ਮਹੱਤਵ ਨਹੀਂ ਰਖਦੀ।
ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜਦੋਂ ਅਪਰੈਲ, 2015 ਵਿਚ ਕੈਨੇਡਾ ਆਏ ਸਨ ਤਾਂ ਉੰਨਾਂ ਦੀ ਸਟੀਫਨ ਹਾਰਪਰ ਸਰਕਾਰ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਸੀ। ਦੋਵੇਂ ਪ੍ਰਧਾਨ ਮੰਤਰੀ ਪ੍ਰੋਟੋਕੋਲ ਤੋੜ ਕੇ ਇੱਕ ਹਵਾਈ ਜਹਾਜ਼ ਤੇ ਅਟਾਵਾ ਤੋਂ ਟੋਰਾਂਟੋ ਆਏ ਸਨ। ਸ਼੍ਰੀ ਮਤੀ ਹਾਰਪਰ ਨੇ ਭਾਰਤੀ ਸਾੜੀ ਪਹਿਨ ਭਾਰਤ ਅਤੇ ਭਾਰਤੀ ਡਾਇਸਪੋਰਾ ਨਾਲ ਸਭਿਆਚਾਰਕ ਸਾਂਝ ਦਾ ਮੁਜ਼ਾਹਿਰਾ ਕੀਤਾ ਸੀ।
ਸੰਨ 2005-15 ਦਰਮਿਆਨ ਕੈਨੇਡੀਅਨ ਨਿਰਯਾਤ ਭਾਰਤ ਨਾਲ 300 ਪ੍ਰਤੀਸ਼ਤ ਵਧਿਆ। ਭਾਰਤੀ ਅਯਾਤ ਕੈਨੇਡਾ ਅੰਦਰ 120 ਪ੍ਰਤੀਸ਼ਤ ਵਧਿਆ। ਲੇਕਿਨ ਸੰਨ 2015-19 ਦੌਰਾਨ ਇਸ ਵਪਾਰਕ ਗਤੀ ਵਿਚ ਖੜੋਤ ਵੇਖਣ ਨੂੰ ਮਿਲੀ। ਵਪਾਰਕ ਅਦਾਨ-ਪ੍ਰਦਾਨ 30 ਪ੍ਰਤੀਸ਼ਤ ਘਟਿਆ।
ਮੌਜੂਦਾ ਘੱਟ-ਗਿਣਤੀ ਜਸਟਿਨ ਟਰੂਡੋ ਲਿਬਰਲ ਸਰਕਾਰ ਤੇ ਵਿਰੋਧੀ ਧਿਰ ਆਗੂ ਓਟੂਲ ਹਮਲਾ ਕਰਦਾ ਦਰਸਾਉਂਦਾ ਹੈ ਕਿ ਭਾਰਤ-ਕੈਨੇਡਾ ਦਰਮਿਆਨ ਵਪਾਰ ਵਧਾਉਣ ਅਤੇ ਸੁਰਖਿਆ ਸਮੇਤ ਅਨੇਕ ਖੇਤਰਾਂ ਵਿਚ ਸਹਿਯੋਗ ਕਰਨ ਦੀਆਂ ਵੱਡੀਆਂ ਸੰਭਾਵਨਾਵਾਂ ਸਨ ਜਿੰਨਾਂ ਦਾ ਲਾਭ ਨਹੀਂ ਉਠਾਇਆ ਜਾ ਸਕਿਆ। ਭਾਰਤ ਨੇ ਦਵਾਈਆਂ ਦੇ ਖ਼ੇਤਰ ਵਿਚ ਵੱਡੀਆਂ ਪ੍ਰਾਪਤੀਆਂ ਦਰਜ ਕੀਤੀਆਂ ਹਨ। ਭਾਰਤ ਫਾਰਮੇਸੀ ਅਤੇ ਦਵਾਈ ਖੇਤਰ ਵਿਚ ਵਿਸ਼ਵ ਗੁਰੂ ਬਣਿਆ ਪਿਆ ਹੈ। ਕੋਵਿਡ-19 ਦੀ ਰੋਕਥਾਮ ਲਈ ਇਹ ਪੂਰੇ ਵਿਸ਼ਵ ਨੂੰ ਟੀਕਾ ਮੁਹਈਆ ਕਰਨ ਦੀ ਸਮਰੱਥਾ ਰਖਦਾ ਹੈ। ਜੇਕਰ ਕੈਨੇਡਾ ਦਾ ਭਾਰਤ ਨਾਲ ਮੈਡੀਕਲ ਖੇਤਰ ਵਿਚ ਨਿੱਘਾ ਮੇਲ ਜੋਲ ਹੁੰਦਾ ਤਾਂ ਕੈਨੇਡਾ ਵੀ ਕੋਵਿਡ-19 ਸਬੰਧੀ ਟੀਕਾ ਬਣਾ ਸਕਦਾ ਸੀ। ਭਾਰਤ ਵੱਖ-ਵੱਖ ਗੁਆਂਢੀ ਬੰਗਲਾ ਦੇਸ਼, ਪਾਕਿਸਤਾਨ, ਭੂਟਾਨ, ਨੇਪਾਲ ਅਤੇ ਪੱਛੜੇ ਅਫਰੀਕੀ ਦੇਸ਼ਾਂ ਨੂੰ ਮੁਫ਼ਤ ਇਹ ਟੀਕੇ ਮੁਹਈਆ ਕਰਾ ਰਿਹਾ ਹੈ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਭਾਰਤ ਦੇ ਦੌਰੇ ਫਰਵਰੀ, 2018 ਸਮੇਂ ਧਾਰਮਿਕ ਅਤੇ ਵੱਖਵਾਦ ਮੁੱਦੇ ਕਾਰਨ ਸ਼੍ਰੀ ਮੋਦੀ ਸਰਕਾਰ ਵੱਲੋ ‘ਅਤਿੱਥੀ ਦੇਵੋ ਭਵਯ’ ਵਾਲਾ ਮਾਣ ਸਤਿਕਾਰ ਨਹੀਂ ਮਿਲਿਆ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਨੇ ਵੀ ਉੰਨਾਂ ਦੀ ਪੰਜਾਬ ਫੇਰੀ ਸਮੇਂ ਅਗਵਾਨੀ ਤੋਂ ਪਾਸਾ ਵੱਟ ਲਿਆ ਕਿਉਂਕਿ ਉੰਨਾਂ ਕੈਨੇਡਾ ਦੀ ਧਰਤੀ ਤੇ ਰਾਜਨੀਤਕ ਪ੍ਰਚਾਰ ਨੇ ਮਨਾਹੀ ਕਰ ਦਿਤੀ ਸੀ। ਭਾਵੇਂ ਜਸਟਿਨ ਟਰੂਡੋ ਨੇ ਸਾਫ ਕਰ ਦਿਤਾ ਸੀ ਕਿ ਕੈਨੇਡਾ ਕਿਸੇ ਵੀ ਤਰ੍ਹਾਂ ਦੀ ਭਾਰਤ ਅੰਦਰ ਚਲਦੀ ਵੱਖਵਾਦੀ ਲਹਿਰ ਦੀ ਹਮਾਇਤ ਨਹੀਂ ਕਰਦਾ ਪਰ ਫਿਰ ਵੀ ਭਾਰਤ-ਕੈਨੇਡਾ ਸਬੰਧ ਖੜੋਤ ਦਾ ਸ਼ਿਕਾਰ ਬਣੇ ਰਹੇ।
ਇਸ ਖੜੋਤ ਨੂੰ ਤੋੜਨ ਲਈ ਪ੍ਰਧਾਨ ਮੰਤਰੀ ਟਰੂਡੋ ਨੇ ਸ਼੍ਰੀ ਮੋਦੀ ਨਾਲ ਟੈਲੀਫੋਨ ਤੇ ਫਰਵਰੀ, 2021 ਵਿਚ ਗਲਬਾਤ ਕੀਤੀ। ਉੰਨਾਂ ਭਾਰਤ ਤੋਂ ਕੋਵਿਡ-19 ਸਬੰਧੀ ਸੀਰਮ ਸੰਸਥਾ ਤੋਂ ਤਿਆਰ ਟੀਕਿਆਂ ਦੀ ਮੰਗ ਕੀਤੀ ਜਿਸਦੀ ਪੂਰਤੀ ਸ਼੍ਰੀ ਮੋਦੀ ਨੇ ਤੁਰੰਤ ਕਰ ਦਿਤੀ। ਦੂਸਰੇ ਡਿਪਲੋਮੈਟਿਕ, ਵਪਾਰਕ, ਯੁੱਧਨੀਤਕ ਮੁੱਦਿਆਂ ਸਬੰਧੀ ਮਿਲਵਰਤਣ ਦੀਆਂ ਗੱਲਾਂ ਵੀ ਹੋਈਆਂ।
ਭਾਰਤ-ਕੈਨੇਡਾ ਦੋਹਾਂ ਨੇ ਬ੍ਰਿਟਿਸ਼ਸ਼ਾਹੀ ਦੋਰਾਨ ਵਿਸ਼ਵ ਦੀ ਪਹਿਲੀ ਤੇ ਦੂਜੀ ਜੰਗ ਲੜੀ। ਦੋਹਾਂ ਦੇਸ਼ਾਂ ਦੇ ਸ਼ਹੀਦ ਸਿਪਾਹੀ ਸਾਂਝੀਆਂ ਕਬਰਾਂ ਵਿਚ ਦਫਨ ਹਨ। ਕੈਨੇਡਾ ਨੂੰ ਕੁਆਡਰੇਟਲ ਸੁਰਖਿਆ ਗਲਬਾਤ ਵਿਚ ਸ਼ਾਮਲ ਭਾਰਤ, ਅਮਰੀਕਾ, ਜਪਾਨ, ਅਸਟ੍ਰੇਲੀਆ ਗਠਜੋੜ ਵਿਚ ਸਾਮਲ ਹੋਣਾ ਚਾਹੀਦਾ ਹੈ। ਭਾਰਤ ਦਾ ਪ੍ਰਮਾਣੂ ਪ੍ਰੋਗਰਾਮ ਬਹੁਤ ਮਜ਼ਬੂਤ ਹੈ। ਕੈਨੇਡਾ ਨੂੰ ਇਸ ਦਾ ਲਾਭ ਉਠਾਉਣਾ ਚਾਹੀਦਾ ਹੈ।
ਕੈਨੇਡਾ ਨੇ ਖੇਤੀ ਖੇਤਰ ਵਿਚ ਵੱਡੀਆਂ ਮੱਲਾਂ ਮਾਰੀਆਂ ਹਨ। ਪਿੱਛਲੇ 100 ਸਾਲਾਂ ਵਿਚ ਵੱਡੇ ਖੇਤੀ ਸੁਧਾਰ ਅੰਜਾਮ ਦਿਤੇ ਹਨ। ਕੈਨੇਡਾ ਇਸ ਖੇਤਰ ਵਿਚ ਵਿਸ਼ਵ ਦਾ 5ਵਾਂ ਵੱਡਾ ਬਰਾਮਦਕਾਰ ਦੇਸ਼ ਹੈ। 56 ਬਿਲੀਅਨ ਡਾਲਰ ਦਾ ਅਨਾਜ ਨਿਰਯਾਤ ਕਰਦਾ ਹੈ। 90 ਪ੍ਰਤੀਸ਼ਤ ਕਿਸਾਨ ਨਿਰਯਾਤ ਤੇ ਨਿਰਭਰ ਕਰਦੇ ਹਨ। ਉਸ ਕੋਲ ਵਧੀਆ ਟ੍ਰਾਂਸਪੋਰਟ ਸਿਸਟਮ ਹੈ। ਰਸਾਣਿਕ ਖਾਦਾਂ ਦਾ ਪੈਦਾਵਾਰ ਦਾ ਕੇਂਦਰ ਹੈ। ਖੇਤੀ ਪ੍ਰਧਾਨ ਭਾਰਤ ਇੰਨਾਂ ਖੇਤਰਾਂ ਵਿਚ ਕੈਨੇਡਾ ਨਾਲ ਸਹਿਯੋਗ ਰਾਹੀਂ ਵੱਡੀਆਂ ਮੱਲਾਂ ਮਾਰ ਸਕਦਾ ਹੈ। ਭਾਰਤੀ ਭਵਿੱਖੀ ਫੂਡ ਸੁਰਖਿਆ ਮਜ਼ਬੂਤ ਬਣ ਸਕਦੀ ਹੈ।
ਚੀਨ ਦਾ ਪ੍ਰਸਾਰਵਾਦ ਰੋਕਣ ਲਈ ਕੈਨੇਡਾ ਲਈ ਇਹ ਜ਼ਰੂਰੀ ਹੈ ਕਿ ਉਸ ਤੇ ਨਿਰਭਰਤਾ ਘਟਾ ਕੇ ਭਾਰਤੀ ਵਿਸ਼ਾਲ ਲੋਕਤੰਤਰ ਨਾਲ ਸਬੰਧ ਨਿੱਘੇ ਬਣਾਏ। ਇਸਦੇ ਪ੍ਰਸਾਰਵਾਦ ਨੂੰ ਨੱਪਣ ਲਈ ਤੁਰੰਤ ਇੰਡੋ-ਪੈਸੇਫਿਕ ਗਠਜੋੜ ਵਿਚ ਸ਼ਾਮਲ ਹੋਵੇ।
ਇਸ ਸਮੇਂ ਭਾਰਤ, ਕੈਨੇਡਾ ਦਾ 10ਵਾਂ ਵਪਾਰਕ ਭਾਈਵਾਲ ਹੈ। ਲੇਕਿਨ ਜੇਕਰ ਕੈਨੇਡਾ ਰਾਜਨੀਤਕ ਇੱਛਾ ਸ਼ਕਤੀ ਅਤੇ ਨੀਤੀਗਤ ਮਜ਼ਬੂਤੀ ਨਾਲ ਭਾਰਤ ਦੀ ਵਿਸ਼ਾਲ ਮਾਰਕੀਟ ਅਤੇ ਵੱਡੀਆਂ ਆਰਥਿਕ ਤਬਦੀਲੀਆਂ ਮਦੋਨਜ਼ਰ ਪੂਰਾ ਧਿਆਨ ਕੇਂਦਰਤ ਕਰੇ ਤਾਂ ਉਹ ਅਮਰੀਕਾ ਤੋਂ ਬਾਅਦ ਦੂਸਰਾ ਵੱਡਾ ਵਪਾਰਕ ਭਾਈਵਾਲ ਬਣ ਸਕਦਾ ਹੈ। ਦੋਹਾਂ ਦੋਸ਼ਾਂ ਨੂੰ ਇਸ ਦਿਸ਼ਾ ਵੱਲ ਸੁਹਿਰਦਭਾ ਨਾਲ ਅੱਗੇ ਵਧਣਾ ਚਾਹੀਦਾ ਹੈ।

Video Ad
Video Ad