ਕੈਨੇਡਾ ਭੇਜਣ ਦੇ 12 ਲੱਖ ਲੈ ਕੇ ਨੌਜਵਾਨ ਨੂੰ ਭੇਜਿਆ ਥਾਈਲੈਂਡ

ਜਲੰਧਰ, 7 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਵਿਦੇਸ਼ ਜਾਣ ਦਾ ਸੁਪਨਾ ਸਜੋਈ ਬੈਠੇ ਲੋਕਾਂ ਨਾਲ ਟਰੈਵਲ ਏਜੰਟਾਂ ਵੱਲੋਂ ਠੱਗੀਆਂ ਮਾਰਨ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਹੁਣ ਤਾਜ਼ਾ ਮਾਮਲਾ ਜਲੰਧਰ ਤੋਂ ਸਾਹਮਣੇ ਆ ਰਿਹਾ ਹੈ, ਜਿੱਥੇ ਇੱਕ ਟਰੈਵਲ ਏਜੰਸੀ ਨੇ ਕੈਨੇਡਾ ਭੇਜਣ ਲਈ 12 ਲੱਖ ਰੁਪਏ ਲੈ ਕੇ ਨੌਜਵਾਨ ਨੂੰ ਥਾਈਲੈਂਡ ਪਹੁੰਚਾ ਦਿੱਤਾ।
ਜਾਣਕਾਰੀ ਮੁਤਾਬਕ ਫਿਰੋਜ਼ਪੁਰ ਜ਼ਿਲ੍ਹੇ ਦੀ ਜੀਰਾ ਤਹਿਸੀਲ ਦੇ ਪਿੰਡ ਬਹਾਵਲਪੁਰ ਦੇ ਵਾਸੀ ਕਸ਼ਮੀਰ ਸਿੰਘ ਦਾ ਪੁੱਤਰ ਸੁਖਦੀਪ ਸਿੰਘ 12ਵੀਂ ਦੀ ਪੜ੍ਹਾਈ ਕਰਨ ਬਾਅਦ ਕੈਨੇਡਾ ਜਾਣਾ ਚਾਹੁੰਦਾ ਸੀ। ਕਸ਼ਮੀਰ ਸਿੰਘ ਨੂੰ ਪਤਾ ਲੱਗਾ ਕਿ ਬੱਸ ਸਟੈਂਟ ਜਲੰਧਰ ਦੇ ਨਜ਼ਦੀਕ ਕੰਟਰੀ ਕੰਸਲਟੈਂਟ ਨਾਮਕ ਟਰੈਵਲ ਏਜੰਸੀ ਰਾਹੀਂ ਯੂਪੀ ਦੇ ਪਿੰਡ ਬੜੀ ਦਾ ਵਾਸੀ ਅਨਿਲ ਪਾਂਡੇ ਲੋਕਾਂ ਨੂੰ ਵਿਦੇਸ਼ ਭੇਜਣ ਦਾ ਕੰਮ ਕਰਦਾ ਹੈ। ਇਸ ਤੋਂ ਬਾਅਦ ਉਹ ਆਪਣੇ ਪੁੱਤਰ ਸੁਖਦੀਪ ਸਿੰਘ ਨੂੰ ਲੈ ਕੇ ਟਰੈਵਲ ਏਜੰਸੀ ਦੇ ਦਫ਼ਤਰ ਪਹੁੰਚ ਗਿਆ। ਉੱਥੇ ਉਸ ਨੂੰ ਅਨਿਲ ਪਾਂਡੇ, ਉਸ ਦੀ ਪਤਨੀ ਜੋਸ਼ਨਾ ਪਾਂਡੇ ਉਰਫ਼ ਜਯੋਤੀ ਪਾਂਡੇ ਤੇ ਉਨ੍ਹਾਂ ਦਾ ਸਾਥੀ ਅੰਕੁਰ ਮਿਲਿਆ। ਉਨ੍ਹਾਂ ਨੇ ਸੁਖਦੀਪ ਨੂੰ ਕੈਨੇਡਾ ਭੇਜਣ ਲਈ 12 ਲੱਖ ਰੁਪਏ ਮੰਗੇ। ਪੈਸੇ ਲੈਣ ਬਾਅਦ ਉਹ ਸੁਖਦੀਪ ਨੂੰ ਦਿੱਲੀ ਲੈ ਗਏ। ਉੱਥੇ ਕੁਝ ਮਹੀਨੇ ਰੱਖਣ ਬਾਅਦ ਉਸ ਨੂੰ ਥਾਈਲੈਂਡ ਪਹੁੰਚਾ ਦਿੱਤਾ। ਉੱਥੇ ਉਸ ਨੂੰ ਲਗਭਗ ਇੱਕ ਮਹੀਨਾ ਰੱਖਿਆ ਗਿਆ। ਉੱਥੇ ਸੁਖਦੀਪ ਦੀ ਸਿਹਤ ਖਰਾਬ ਹੋ ਗਈ। ਉਸ ਨੇ ਆਪਣੇ ਪਿਤਾ ਕਸ਼ਮੀਰ ਸਿੰਘ ਨੂੰ ਫੋਨ ਕੀਤਾ ਅਤੇ ਵਾਪਸ ਆਉਣ ਦਾ ਇੰਤਜ਼ਾਮ ਕਰਨ ਲਈ ਕਿਹਾ। ਇਸ ’ਤੇ ਕਸ਼ਮੀਰ ਸਿੰਘ ਨੇ ਟਿਕਟ ਦਾ ਪ੍ਰਬੰਧ ਕਰਕੇ ਸੁਖਦੀਪ ਨੂੰ ਵਾਪਸ ਭਾਰਤ ਸੱਦ ਲਿਆ। ਕਸ਼ਮੀਰ ਸਿੰਘ ਨੇ ਦੋਸ਼ ਲਾਇਆ ਕਿ ਅਨਿਲ ਪਾਂਡੇ, ਉਸ ਦੀ ਪਤਨੀ ਤੇ ਉਨ੍ਹਾਂ ਦੇ ਸਾਥੀ ਨੇ ਨਾ ਤਾਂ ਉਸ ਦੇ ਪੁੱਤਰ ਸੁਖਦੀਪ ਨੂੰ ਕੈਨੇਡਾ ਭੇਜਿਆ ਅਤੇ ਨਾ ਹੀ ਉਨ੍ਹਾਂ ਦਾ ਪਾਸਪੋਰਟ ਤੇ ਪੈਸੇ ਵਾਪਸ ਕੀਤੇ।
ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਅਨਿਲ ਪਾਂਡੇ ਤੇ ਉਸ ਦੀ ਪਤਨੀ ਜਯੋਤੀ ਨੂੰ ਜਾਂਚ ਵਿੱਚ ਸ਼ਾਮਲ ਕਰਨ ਲਈ ਸਪੀਡ ਪੋਸਟ ਰਾਹੀਂ ਸੰਮਨ ਭੇਜਿਆ ਗਿਆ ਸੀ, ਪਰ ਉਨ੍ਹਾਂ ਨੇ ਇਸ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ। ਇਸ ਕਾਰਨ ਉਸ ਦੀ ਡਿਲੀਵਰੀ ਵਾਪਸ ਹੋ ਗਈ। ਹੁਣ ਕੇਸ ਦਰਜ ਕਰਨ ਬਾਅਦ ਪੁਲਿਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਕਰੇਗੀ।

Video Ad
Video Ad