Home ਕੈਨੇਡਾ ਕੈਨੇਡਾ: ਰਸੂਖ਼ਦਾਰ ਪੰਜਾਬੀ ਨੇ ਮਾਰੀ 1 ਮਿਲੀਅਨ ਡਾਲਰ ਦੀ ਠੱਗੀ

ਕੈਨੇਡਾ: ਰਸੂਖ਼ਦਾਰ ਪੰਜਾਬੀ ਨੇ ਮਾਰੀ 1 ਮਿਲੀਅਨ ਡਾਲਰ ਦੀ ਠੱਗੀ

0
ਕੈਨੇਡਾ: ਰਸੂਖ਼ਦਾਰ ਪੰਜਾਬੀ ਨੇ ਮਾਰੀ 1 ਮਿਲੀਅਨ ਡਾਲਰ ਦੀ ਠੱਗੀ
  • ਹਾਲੀਵੁੱਡ ਲਿਮੋਜ਼ੀਨ ਸਰਵਿਸ ਦਾ ਮਾਲਕ ਹੈ 36 ਸਾਲਾ ਰੁਪਿੰਦਰ ਸਿੰਘ ਬਰਾੜ
  • ਗ੍ਰਾਹਕਾਂ ਦੇ ਕ੍ਰੈਡਿਟ ਕਾਰਡਾਂ ਦੀ ਕੀਤੀ ਦੁਰਵਰਤੋਂ
  • ਮਾਮਲੇ ‘ਚ ਪੁਲਿਸ ਬੋਰਡ ਚੇਅਰ ਦਾ ਸਾਬਕਾ ਅਧਿਕਾਰੀ ਵੀ ਸਵਾਲਾਂ ਦੇ ਘੇਰੇ ‘ਚ

ਵਿਨੀਪੈਗ: ਖਬਰ ਹੈ ਵਿਨੀਪੈਗ ਤੋਂ ਜਿੱਥੇ ਇੱਕ ਰਸੂਖਦਾਰ ਪੰਜਾਬੀ ਨੂੰ 1 ਮਿਲੀਅਨ ਦੀ ਠੱਗੀ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਵਿਨੀਪੈਗ ਦੀ ਹਾਲੀਵੁੱਡ ਲਿਮੋਜ਼ੀਨ ਸਰਵਿਸ ਦੇ ਮਾਲਕ ਰੁਪਿੰਦਰ ਸਿੰਘ ਬਰਾੜ ਤੇ ਪੁਲਿਸ ਨੇ ਮਨੀ ਲਾਂਡਰਿੰਗ ਸਣੇ ਧੌਖਾਧੜੀ ਦੇ 14 ਦੋਸ਼ ਆਇਦ ਕੀਤੇ ਹਨ। ਦੱਸ ਦਈਏ ਕਿ ਰੁਪਿੰਦਰ ਬਰਾੜ ਮੂਲ ਰੂਪ ਨਾਲ ਮੋਗਾ ਜਿਲ੍ਹੇ ਦੇ ਪਿੰਡ ਰੋਢੇ ਲੰਡੇ ਨਾਲ ਸਬੰਧਤ ਹੈ। ਕੈਨੇਡਾ ਵਿੱਚ ਮਾਰਚ ਮਹੀਨੇ ਨੂੰ ਫਰਾਡ ਪ੍ਰੀਵੈਂਸ਼ਨ ਮੰਥ ਵਜੋਂ ਮਨਾਇਆ ਜਾਂਦਾ ਹੈ। ਵਿਨੀਪੈਗ ਪੁਲਿਸ ਨੇ ਇਸ ਮਾਮਲੇ ਵਿੱਚ ਜਾਣਕਾਰੀ ਦੇਣ ਲਈ ਇੱਕ ਪ੍ਰੈੱਸ ਕਾਨਫ੍ਰੰਸ ਕੀਤੀ ਜਿਸ ਵਿੱਚ ਉਹਨਾਂ ਨੇ ਵਿਸਥਾਰ ਨਾਲ ਦੱਸਿਆ ਕਿ ਉਹਨਾਂ ਨੂੰ ਇਸ ਮਾਮਲੇ ਬਾਰੇ ਪਤਾ ਕਿੰਝ ਲੱਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਵਿਨੀਪੈਗ ਪੁਲਿਸ ਨੂੰ ਮਈ 2019 ਵਿੱਚ ਇੱਕ ਮੋਬਾਈਲ ਪੇਅਮੈਂਟ ਕੰਪਨੀ ਨੇ ਸੰਪਰਕ ਸਾਧਿਆ ਅਤੇ ਇੱਕ ਅਕਾਊਂਟ ਤੋਂ ਅਣਅਧਿਆਕਰਤ ਤਰੀਕੇ ਨਾਲ ਪੈਸੇ ਕਢਵਾਉਣ ਦੀ ਜਾਣਕਾਰੀ ਦਿੱਤੀ ਜਿਸਤੋਂ ਬਾਅਦ ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ।ਲੱਗਭੱਗ 2 ਸਾਲ ਪੂਰੀ ਜਾਂਚ ਕਰਨ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਪਰਤਾਂ ਖੁੱਲ੍ਹੀਆਂ ਅਤੇ ਧੋਖਾਧੜੀ ਦੇ ਇਸ ਮਾਮਲੇ ਤੋਂ ਪਰਦਾ ਉੱਠਿਆ।ਪੁਲਿਸ ਅਫਸਰ ਨੇ ਦੱਸਿਆ ਕਿ ਜਾਂਚਕਰਤਾਵਾਂ ਨੇ ਜਾਂਚ ਦੌਰਾਨ ਇਹ ਵੀ ਪਾਇਆ ਕਿ ਬਰਾੜ ਦੀ ਕੰਪਨੀ ਵੱਲੋਂ ਆਪਣੇ ਗ੍ਰਾਹਕਾਂ ਦੇ ਕੈਡਿਟ ਕਾਰਡਸ ਦੀ ਡਿਟੇਲ ਸੇਵ ਕਰਨ ਤੋਂ ਬਾਅਦ ਤੋਂ ਉਹਨਾਂ ਦੀ ਮਰਜ਼ੀ ਦੇ ਬਿਨ੍ਹਾਂ ਟਰਾਂਜ਼ੈਕਸ਼ਨਸ ਕੀਤੀਆਂ ਗਈਆਂ ਨੇ।ਇਸ ਮਾਮਲੇ ਵਿੱਚ 2 ਜੁਲਾਈ 2018 ਤੋਂ ਲੈ ਕੇ 10 ਅਕਤੂਬਰ 2019 ਦੇ ਤੱਕ 23 ਵੱਖ ਵੱਕ ਕ੍ਰੈਡਿਟ ਕਾਰਡਾਂ ਤੋਂ ਲੱਗਭੱਗ 8 ਲੱਖ 65 ਹਜ਼ਾਰ ਡਾਲਰ ਦੀਆਂ 91 ਅਣਅਧਿਕਾਰਤ ਟਰਾਂਜ਼ੈਕਸ਼ਨ ਕੀਤੀਆਂ ਗਈਆਂ ਨੇ। ਪੁਲਿਸ ਦੇ ਅਨੁਸਾਰ ਇਸੇ ਸਮੇਂ ਦੌਰਾਨ ਮਨੀ ਲਾਂਡਰਿੰਗ ਦੇ ਜ਼ਰੀਏ ਧੋਖਾਧੜੀ ਨਾਲ ਪ੍ਰਾਪਤ ਕੀਤੇ ਲੱਗਭੱਗ ਇੱਕ ਮਿਲ਼ੀਅਨ ਡਾਲਰ ਵੱਖ ਵੱਖ ਬੈਂਕ ਖਾਤਿਆਂ ਵਿੱਚ ਟਰਾਂਸਫਰ ਕੀਤੇ ਗਏ।
ਇਸਤੋਂ ਬਾਅਦ ਪੁਲਿਸ ਨੇ ਬਰਾੜ ਨੂੰ 14 ਜਨਵਰੀ 2021 ਨੂੰ ਮਨੀ ਲਾਂਡਰਿੰਗ ਅਤੇ 14 ਧੋਖਾਧੜੀ ਦੇ ਮਾਮਲ਼ਿਆਂ ਵਿੱਚ ਗ੍ਰਿਫਤਾਰ ਕੀਤਾ। ਹਾਲਾਂਕਿ ਫਿਲਹਾਲ ਹਾਲੀਵੁੱਡ ਲਿਮੋਜ਼ੀਨ ਸਰਵਿਸ ਦੇ ਮਾਲਕ ਰੁਪਿੰਦਰ ਬਰਾੜ ਨੂੰ ਅਦਾਲਤ ਵਿੱਚ ਪੇਸ਼ ਹੋਣ ਦੇ ਵਾਅਦੇ ਤਹਿਤ ਛੱਡ ਦਿੱਤਾ ਗਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਜਾਂਚ ਦੇ ਤਹਿਤ ਹੁਣ ਤੱਕ 12 ਪੀੜਤਾਂ ਦੀ ਪਛਾਣ ਕਰ ਲਈ ਹੈ ਜਿਹਨਾਂ ਵਿੱਚ ਸੁਤੰਤਰ ਗ੍ਰਾਹਕ, ਕਾਰਪੋਰੇਟ ਕੰਪਨੀਆਂ, ਟ੍ਰੈਵਲ ਏਜੰਸੀਆਂ, ਕਈ ਵਿੱਤੀ ਅਦਾਰੇ ਅਤੇ ਸਥਾਨਕ ਗੈਰ ਲਾਭਕਾਰੀ ਸੰਸਥਾ ਵੀ ਸ਼ਾਮਲ ਹੈ।
ਉੱਥੇ ਹੀ ਦੂਜੇ ਪਾਸੇ ਇਸ ਮਾਮਲੇ ਵਿੱਚ ਸਾਬਕਾ ਐਸੋਸੀਏਟ ਆਫ ਪੁਲਿਸ ਬੋਰਡ ਚੇਅਰ ਵੀ ਇਸ ਮਾਮਲੇ ਕਰਕੇ ਵਿਵਾਦਾਂ ਵਿੱਚ ਆ ਗਏ ਨੇ ਕਿਓਂ ਕੇ ਉਹਨਾਂ ਨੇ ਬਰਾੜ ਨਾਲ ਮਿਲ ਕੇ ਕੁਝ ਚੈਰਿਟੀ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਸੀ ।ਬਰਾੜ ਨੇ 2018 ਸਿਵਿਕ ਇਲੈਕਸ਼ਨ ਵਿੱਚ ਚੈਂਬਰਸ ਦੀ ਮੁਹਿੰਮ ਲਈ ਸਹੂਲਤਾਂ ਨਾਲ ਭਰਿਆ ਇੱਕ ਟ੍ਰੇਲਰ ਦਿੱਤਾ ਸੀ। ਇਸ ਮਾਮਲੇ ਬਾਰੇ ਗੱਲ ਕਰਦਿਆਂ ਵਿਨੀਪੈਗ ਪੁਲਿਸ ਬੋਰਡ ਚੇਅਰ ਦੇ ਸਾਬਕਾ ਐਸੋਸੀਏਟ ਮਾਰਕੱਸ ਚੈਂਬਰਸ ਦਾ ਕਹਿਣਾ ਸੀ ਕਿ ਉਹਨਾਂ ਨੂੰ ਬਰਾੜ ਦੀ ਨਿਜੀ ਅਤੇ ਵਪਾਰਕ ਜ਼ਿੰਦਗੀ ਬਾਰੇ ਕੋਈ ਜਾਣਕਾਰੀ ਨਹੀਂ ਹੈ। ਬਰਾੜ ਨੇ ਪਹਿਲਾਂ ਹੀ ਭਾਈਚਾਰੇ ਲਈ ਅਜਿਹੇ ਕਈ ਕੰਮ ਕੀਤੇ ਹਨ ਅਤੇ ਉਹਨਾਂ ਦੇ ਕੈਂਪੇਨ ਪ੍ਰੋਗਰਾਮ ਵਿੱਚ ਜੋ ਵੀ ਯੋਗਦਾਨ ਬਰਾੜ ਨੇ ਪਾਇਆ ਸੀ ਇਸਦੀ ਉਸ ਨੂੰ ਰਸੀਦ ਵੀ ਦਿੱਤੀ ਗਈ। ਚੈਂਬਰਸ ਨੇ ਕਿਹਾ ਕਿ ਬਰਾੜ ਨੇ 10 ਸਾਲ ਪਹਿਲਾਂ ਉਹਨਾਂ ਵੱਲੋਂ ਆਯੋਜਿਤ ਕੀਤੇ ਗਏ ‘ਕੈਨੇਡੀਅਨ ਮਿਊਜ਼ੀਅਮ ਫਾਰ ਹਿਊਮਨ ਰਾਈਟਸ ਚੈਟਿਰੀ ਗੋਲਫ ਟੂਰਨਾਮੈਂਟ” ਨੂੰ ਵੀ ਸਪੋਂਸਰ ਕੀਤਾ ਸੀ। ਉਹਨਾਂ ਨੇ ਕਿਹਾ ਕਿ ਮੇਰੀ ਉਸ ਨਾਲ ਸਿਰਫ ਇੰਨੀ ਕ ਜਾਣ ਪਛਾਣ ਹੈ ਜਿੰਨੀ ਕਿਸੇ ਸਮਾਜਿਕ ਕੰਮਾਂ ਵਾਲਿਆਂ ਦੀ ਆਪਸ ਵਿੱਚ ਹੁੰਦੀ ਹੈ। ਉਹਨਾਂ ਨੇ ਕਿਹਾ ਮੇਰੀ ਉਸ ਨਾਲ ਜਾਣ ਪਛਾਣ ਇੱਕ ਦੋਸਤ ਦੇ ਜ਼ਰੀਏ ਹੋਈ ਸੀ ਅਤੇ ਅਸੀਂ ਮਿਲ ਕੇ ਕੁਝ ਸਮਾਗਮਾਂ ਦਾ ਆਯੋਜਨ ਕੀਤਾ ਸੀ। ਚੈਂਬਰਸ ਨੇ ਕਿਹਾ ਕਿ ਉਹ ਇਹਨਾਂ ਦੋਸ਼ਾਂ ‘ਤੇ ਹੈਰਾਨ ਅਤੇ ਪ੍ਰੇਸ਼ਾਨ ਹੈ। ਉਹਨਾਂ ਨੇ ਕਿਹਾ ਕਿ ਮੈਂ ਉਸਦੇ ਕਿਸੇ ਵੀ ਵਪਾਰ ਵਿੱਚ ਸ਼ਾਮਲ ਨਹੀਂ ਹਾਂ ਪਰ ਸਾਨੂੰ ਚੁਣੇ ਹੋਏ ਅਧਿਕਾਰੀ ਹੋਣ ਦੇ ਨਾਅਤੇ ਇਸ ਗੱਲ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿ ਅਸੀਂ ਕਿਸ ਨਾਲ ਸਾਂਝੇਦਾਰੀ ਕਰ ਰਹੇ ਹਾਂ ਕਿਓਂ ਕਿ ਇਹ ਤੁਹਾਡੇ ਤੇ ਵੀ ਸਵਾਲੀਆ ਨਿਸ਼ਾਨ ਖੜੇ ਕਰ ਸਕਦੇ ਨੇ। ਉਹਨਾਂ ਨੇ ਕਿਹਾ ਕਿ ਜੋ ਮੈਨੂੰ ਜਾਣਦੇ ਨੇ, ਉਹ ਇਸ ਗੱਲ ਨੂੰ ਵੀ ਚੰਗੀ ਤਰ੍ਹਾਂ ਜਾਣਦੇ ਨੇ ਕਿ ਮੈਂ ਕਿਸੇ ਵੀ ਤਰ੍ਹਾਂ ਦੇ ਗੈਰਕਾਨੂੰਨੀ ਕੰਮ ਵਿੱਚ ਸ਼ਾਮਲ ਨਹੀਂ ਹੋ ਸਕਦਾ। ਚੈਂਬਰਸ ਨੇ ਉਮੀਦ ਜਤਾਈ ਕਿ ਬਰਾੜ ਇਸ ਮਾਮਲੇ ਵਿੱਚ ਪੁਲਿਸ ਨੂੰ ਸਹੀ ਜਾਕਣਾਰੀ ਦਵੇਗਾ।