Home ਤਾਜ਼ਾ ਖਬਰਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਰੋਜ਼ਾਨਾ 2 ਲੱਖ ਲੋਕਾਂ ਦੇ ਟੀਕਾਕਰਨ ਦਾ ਟੀਚਾ ਨਿਰਧਾਰਿਤ

ਕੈਪਟਨ ਅਮਰਿੰਦਰ ਸਿੰਘ ਵੱਲੋਂ ਰੋਜ਼ਾਨਾ 2 ਲੱਖ ਲੋਕਾਂ ਦੇ ਟੀਕਾਕਰਨ ਦਾ ਟੀਚਾ ਨਿਰਧਾਰਿਤ

0
ਕੈਪਟਨ ਅਮਰਿੰਦਰ ਸਿੰਘ ਵੱਲੋਂ ਰੋਜ਼ਾਨਾ 2 ਲੱਖ ਲੋਕਾਂ ਦੇ ਟੀਕਾਕਰਨ ਦਾ ਟੀਚਾ ਨਿਰਧਾਰਿਤ

ਚੰਡੀਗੜ੍ਹ, 7 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਪੰਜਾਬ ‘ਚ ਕੋਵਿਡ ਪਾਜ਼ੀਟਿਵਿਟੀ ਅਤੇ ਮਾਮਲਿਆਂ ‘ਚ ਮੌਤ ਦੀ ਦਰ ਬੀਤੇ ਹਫ਼ਤੇ ਲੜੀਵਾਰ 7.7 ਅਤੇ 2 ਫ਼ੀਸਦੀ ਤਕ ਪਹੁੰਚ ਜਾਣ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਸਿਹਤ ਵਿਭਾਗ ਨੂੰ ਟੀਕਾਕਰਨ ਮੁਹਿੰਮ ‘ਚ ਵਾਧਾ ਕਰਦੇ ਹੋਏ ਰੋਜ਼ਾਨਾ 2 ਲੱਖ ਮਰੀਜਾਂ ਦਾ ਟੀਕਾਕਰਨ ਕੀਤੇ ਜਾਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਹਦਾਇਤਾਂ ਦਿੱਤੀਆਂ ਹਨ ਕਿ ਹਰੇਕ ਪਾਜੀਟਿਵ ਮਰੀਜ਼ ਪਿੱਛੇ 30 ਲੋਕਾਂ ਦੀ ਹੱਦ ਤਕ ਸੰਪਰਕ ਟ੍ਰੇਸਿੰਗ ਕੀਤੀ ਜਾਵੇ ਅਤੇ ਸੈਂਪਲਿੰਗ ਦੀ ਗਿਣਤੀ ਪ੍ਰਤੀ ਦਿਨ 50,000 ਤਕ ਵਧਾਈ ਜਾਵੇ।

ਕੋਵਿਡ ਮਾਮਲਿਆਂ ‘ਚ ਮੌਤ ਦੀ ਦਰ ਵਧਣ ‘ਤੇ ਚਿੰਤਾ ਜਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਇਨਾਂ ਮੌਤਾਂ ਕਰਕੇ ਉਨਾਂ ਨੂੰ ਬਹੁਤ ਦੁੱਖ ਪਹੁੰਚਿਆ ਹੈ ਅਤੇ ਇਨ੍ਹਾਂ ਵਿੱਚੋਂ ਕਈ ਮੌਤਾਂ ਤਾਂ ਵਕਤ ਰਹਿੰਦਿਆਂ ਇਲਾਜ ਨਾਲ ਟਾਲੀਆਂ ਜਾ ਸਕਦੀਆਂ ਸਨ। ਉਨ੍ਹਾਂ ਮੁੱਖ ਸਕੱਤਰ ਵਿਨੀ ਮਹਾਜਨ ਨੂੰ ਨਿਰਦੇਸ਼ ਦਿੱਤੇ ਕਿ ਇਕ ਵਿਆਪਕ ਜਨ ਚੇਤਨਾ ਮੁਹਿੰਮ ਚਲਾਈ ਜਾਵੇ ਅਤੇ ਲੋਕਾਂ ਨੂੰ ਸ਼ੁਰੂਆਤੀ ਦੌਰ ਮੌਕੇ ਹੀ ਹਸਪਤਾਲਾਂ ਵਿਖੇ ਮੁਆਇਨੇ ਲਈ ਜਾਣ ਹਿੱਤ ਪ੍ਰੇਰਿਤ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਹਸਪਤਾਲਾਂ ‘ਚ ਸਿਹਤ ਸਬੰਧੀ ਸੁਵਿਧਾਵਾਂ ਦੀ ਗੁਣਵੱਤਾ ਵਿੱਚ ਸੁਧਾਰ ਕੀਤੇ ਜਾਣ ਦੀ ਵੀ ਲੋੜ ਹੈ ਅਤੇ ਲੋੜੀਂਦੀਆਂ ਸਹੂਲਤਾਂ ਵਾਲੇ ਮਨਜ਼ੂਰਸ਼ੁਦਾ ਹਸਪਤਾਲਾਂ ਦੀ ਸੂਚੀ ਵੀ ਜਨਤਕ ਕਰ ਦਿੱਤੀ ਜਾਣੀ ਚਾਹੀਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹੋਈਆਂ ਮੌਤਾਂ ਦਾ ਆਡਿਟ ਸਭ ਜ਼ਿਲ੍ਹਿਆਂ ਵੱਲੋਂ ਕੀਤਾ ਜਾਣਾ ਚਾਹੀਦਾ ਹੈ ਅਤੇ ਜਿਨਾਂ ਨਿਜੀ ਸੰਸਥਾਨਾਂ ਵੱਲੋਂ ਮਾਹਿਰਾਂ ਨਾਲ ਸਮੂਹਿਕ ਵਿਚਾਰ-ਵਟਾਂਦਰੇ ‘ਚ ਹਿੱਸਾ ਨਹੀਂ ਲਿਆ ਗਿਆ, ਉਨ੍ਹਾਂ ਨੂੰ ਅਜਿਹਾ ਕਰਨ ਲਈ ਹੱਲਾਸ਼ੇਰੀ ਦਿੱਤੀ ਜਾਣੀ ਚਾਹੀਦੀ ਹੈ।

ਸਿਹਤ ਵਿਭਾਗ ਵੱਲੋਂ ਮੁੱਖ ਮੰਤਰੀ ਨੂੰ ਸੂਚਿਤ ਕੀਤਾ ਗਿਆ ਸੀ ਕਿ ਪੀ.ਜੀ.ਆਈ. ਵੱਲੋਂ ਪੰਜਾਬ ਦੇ ਮਰੀਜਾਂ ਨੂੰ ਸਹੀ ਮਾਧਿਅਮ ਰਾਹੀਂ ਰੈਫ਼ਰ ਕੀਤੇ ਜਾਣ ਦੇ ਬਾਵਜੂਦ ਵੀ ਦਾਖਲ ਕਰਨ ਤੋਂ ਇਨਕਾਰ ਕੀਤਾ ਜਾ ਰਿਹਾ ਹੈ, ਇਸ ’ਤੇ ਕਾਰਵਾਈ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਕੱਲ ਦੀ ਵੀਡੀਓ ਕਾਨਫਰੰਸਿੰਗ ਮੀਟਿੰਗ ‘ਚ ਪ੍ਰਧਾਨ ਮੰਤਰੀ ਕੋਲ ਇਹ ਮਾਮਲਾ ਚੁੱਕਣਗੇ ਅਤੇ ਉਨ੍ਹਾਂ ਨੂੰ ਬੇਨਤੀ ਕਰਨਗੇ ਕਿ ਉਹ ਪੀ.ਜੀ.ਆਈ. ਨੂੰ ਸੂਬਾ ਸਰਕਾਰ ਦੁਆਰਾ ਰੈਫਰ ਕੀਤੇ ਮਰੀਜਾਂ ਲਈ ਘੱਟੋ-ਘੱਟ 50 ਆਈ.ਸੀ.ਯੂ. ਬੈੱਡ ਰਾਖਵੇਂ ਰੱਖਣ ਲਈ ਨਿਰਦੇਸ਼ ਦੇਣ।

ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਮੈਡੀਕਲ ਮਾਹਰਾਂ ਨਾਲ ਹਫ਼ਤਾਵਾਰੀ ਕੋਵਿਡ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਟੀਕਾਕਰਨ ਮੁਹਿੰਮ ਤਹਿਤ ਰੋਜ਼ਾਨਾ ਲਗਭਗ 90,000 ਲੋਕਾਂ ਨੂੰ ਟੀਕੇ ਲਗਾਏ ਜਾ ਰਹੇ ਹਨ, ਪਰ ਇਸ ਨੂੰ ਰੋਜ਼ਾਨਾ 2 ਲੱਖ ਲੋਕਾਂ ਤੱਕ ਪਹੁੰਚਾਉਣ ਦੀ ਲੋੜ ਹੈ। ਉਹਨਾਂ ਸਿਹਤ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਇਸ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਤੁਰੰਤ ਕਦਮ ਚੁੱਕੇ ਜਾਣ ਕਿਉਂ ਜੋ ਟੀਕਾਕਰਨ ਕੋਰੋਨਾ ਦੇ ਫੈਲਾਅ ਨੂੰ ਰੋਕਣ ਦਾ ਇਕੋ ਇਕ ਜ਼ਰੀਆ ਹੈ।

ਉਨ੍ਹਾਂ ਨੇ ਮੁੱਖ ਸਕੱਤਰ ਨੂੰ ਬਿਹਤਰ ਢੰਗ ਨਾਲ ਤਿਆਰ ਕੀਤੀਆਂ ਮੀਡੀਆ ਮੁਹਿੰਮਾਂ ਨਾਲ ਟੀਕਾਕਰਨ ਸਬੰਧੀ ਲੋਕਾਂ ਵਿੱਚ ਫੈਲੀਆਂ ਅਫ਼ਵਾਹਾਂ ਦਾ ਸੁਚੱਜਾ ਹੱਲ ਕਰਨ ਲਈ ਕਿਹਾ। ਉਨਾਂ ਕਿਹਾ ਕਿ ਉਹ ਫਿਰ ਤੋਂ ਕੇਂਦਰ ਸਰਕਾਰ ਨੂੰ ਅਪੀਲ ਕਰਨਗੇ ਕਿ ਉਹ ਉਹਨਾਂ ਖੇਤਰਾਂ ‘ਚ 45 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਟੀਕਾ ਲਗਵਾਉਣ ਦੀ ਛੋਟ ਦੇਣ, ਜਿਨ੍ਹਾਂ ਖੇਤਰਾਂ ਵਿੱਚ ਕੋਵਿਡ ਦੇ ਪਾਜ਼ੀਟਿਵ ਕੇਸਾਂ ਦੀ ਗਿਣਤੀ ਹਫ਼ਤਾਵਾਰੀ ਦੁੱਗਣੀ ਹੋ ਰਹੀ ਹੈ। ਉਨ੍ਹਾਂ ਆਪਣੀ ਮੰਗ ਨੂੰ ਦੁਹਰਾਇਆ ਕਿ ਕੇਂਦਰ ਸਰਕਾਰ ਨੂੰ 18 ਸਾਲ ਤੋਂ ਵੱਧ ਉਮਰ ਦੇ ਵਿਦਿਆਰਥੀਆਂ, ਅਧਿਆਪਕਾਂ, ਕੌਂਸਲਰਾਂ, ਸਰਪੰਚਾਂ ਆਦਿ ਨੂੰ ਟੀਕੇ ਲਗਾਉਣ ਦੀ ਆਗਿਆ ਦੇਣੀ ਚਾਹੀਦੀ ਹੈ।

ਕੋਵਿਡ ਟੀਕਿਆਂ ਦੀ ਸਪਲਾਈ ਸਬੰਧੀ ਮੁੱਖ ਸਕੱਤਰ ਵਿਨੀ ਮਹਾਜਨ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਕੇਂਦਰ ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਸੂਬੇ ਨੂੰ ਟੀਕੇ ਦੀ ਸਪਲਾਈ ਸਬੰਧੀ ਕਿਸੇ ਕਿਸਮ ਦੀ ਕਮੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਮੁੱਖ ਮੰਤਰੀ ਨੂੰ ਸਿਹਤ ਵਿਭਾਗ ਵੱਲੋਂ ਭਰੋਸਾ ਦਿੱਤਾ ਗਿਆ ਕਿ ਰੋਜ਼ਾਨਾ ਸੈਪਲਿੰਗ ਵਧਾ ਕੇ 50,000 ਕੀਤੀ ਜਾਵੇਗੀ, ਜਿਸ ‘ਚ 35,000 ਆਰਟੀਪੀਸੀਆਰ ਅਤੇ 15,000 ਰੈਪਿਡ ਐਂਟੀਜੇਨ ਟੈਸਟ ਕੀਤੇ ਜਾਣਗੇ। ਉਨ੍ਹਾਂ ਨੂੰ ਸੂਚਿਤ ਕੀਤਾ ਗਿਆ ਕਿ ਭਾਰਤ ਸਰਕਾਰ ਦੀਆਂ ਸੰਸਥਾਵਾਂ ਜਿਵੇਂ ਆਈ.ਆਈ.ਐਸ.ਈ.ਆਰ., ਆਈ.ਐਮ.ਟੈਕ, ਏਮਜ, ਪੀ.ਜੀ.ਆਈ. ‘ਚ ਰੋਜ਼ਾਨਾ ਸਿਰਫ਼ 100 ਸੈਂਪਲ ਲਏ ਜਾ ਰਹੇ ਹਨ ਜੋ ਕਿ ਬਹੁਤ ਘੱਟ ਹਨ ਅਤੇ ਇਹ ਮਾਮਲਾ ਕੇਂਦਰ ਕੋਲ ਉਠਾਇਆ ਜਾ ਰਿਹਾ ਹੈ।

ਡੀਜੀਪੀ ਦਿਨਕਰ ਗੁਪਤਾ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਸਾਰੇ ਜ਼ਿਲ੍ਹਿਆਂ ‘ਚ ਕੋਵਿਡ ਪ੍ਰੋਟੋਕੋਲ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਹੁਣ ਤਕ ਜਨਤਕ ਤੌਰ ‘ਤੇ ਮਾਸਕ ਨਾ ਪਹਿਨਣ ਵਾਲੇ 2.03 ਲੱਖ ਲੋਕਾਂ ਦਾ ਆਰਟੀਪੀਸੀਆਰ ਟੈਸਟ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹੁਣ ਤਕ 43,000 ਚਲਾਨ ਜਾਰੀ ਕੀਤੇ ਗਏ ਹਨ ਅਤੇ 3.60 ਕਰੋੜ ਰੁਪਏ ਦਾ ਜੁਰਮਾਨਾ ਇਕੱਤਰ ਕੀਤਾ ਗਿਆ। ਇਸ ਤੋਂ ਇਲਾਵਾ 206 ਐਫਆਈਆਰ ਦਰਜ ਕੀਤੀਆਂ ਗਈਆਂ ਅਤੇ 246 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਟੀਕਾਕਰਨ ਸਬੰਧੀ ਡੀ.ਜੀ.ਪੀ. ਨੇ ਕਿਹਾ ਕਿ 77 ਫ਼ੀਸਦੀ ਪੁਲਿਸ ਕਰਮਚਾਰੀਆਂ ਨੂੰ ਟੀਕੇ ਦੀ ਪਹਿਲੀ ਖੁਰਾਕ ਅਤੇ 26 ਫ਼ੀਸਦੀ ਨੂੰ ਦੂਜੀ ਖੁਰਾਕ ਦਿੱਤੀ ਗਈ ਹੈ।