ਮੁੰਬਈ, 20 ਮਾਰਚ (ਹਮਦਰਦ ਨਿਊਜ਼ ਸਰਵਿਸ) : ਮਹਾਰਾਸ਼ਟਰ ਦੇ ਰਤਨਾਗਿਰੀ ‘ਚ ਇਕ ਕੈਮੀਕਲ ਫ਼ੈਕਟਰੀ ‘ਚ ਧਮਾਕੇ ਤੋਂ ਬਾਅਦ ਅੱਗ ਲੱਗ ਗਈ। ਇਸ ਹਾਦਸੇ ‘ਚ 4 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਵਿਅਕਤੀ ਬੁਰੀ ਤਰ੍ਹਾਂ ਝੁਲਸ ਗਿਆ। ਇਹ ਘਟਨਾ ਖੇੜ ਤਾਲੁਕਾ ਇਲਾਕੇ ‘ਚ ਸਥਿੱਤ ਫ਼ੈਕਟਰੀ ‘ਚ ਵਾਪਰੀ। ਹਾਦਸੇ ਸਮੇਂ ਲਗਭਗ 50 ਲੋਕ ਫ਼ੈਕਟਰੀ ‘ਚ ਫਸ ਗਏ ਸਨ। ਇਨ੍ਹਾਂ ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ਰਤਨਾਗਿਰੀ ਫ਼ਾਇਰ ਬ੍ਰਿਗੇਡ ਤੋਂ ਮਿਲੀ ਜਾਣਕਾਰੀ ਅਨੁਸਾਰ ਬੁਆਇਲਰ ‘ਚ ਧਮਾਕੇ ਤੋਂ ਬਾਅਦ ਫ਼ੈਕਟਰੀ ਨੂੰ ਅੱਗ ਲੱਗ ਗਈ ਅਤੇ ਆਸਪਾਸ ਕੰਮ ਕਰ ਰਹੇ ਲੋਕ ਇਸ ‘ਚ ਫਸ ਗਏ। ਬੁਰੀ ਤਰ੍ਹਾਂ ਝੁਲਸੇ ਮੁਲਾਜ਼ਮ ਦਾ ਇਲਾਜ ਰਤਨਾਗਿਰੀ ਦੇ ਜ਼ਿਲ੍ਹਾ ਹਸਪਤਾਲ ਵਿਖੇ ਕੀਤਾ ਜਾ ਰਿਹਾ ਹੈ।

5 ਕਿਲੋਮੀਟਰ ਤਕ ਸੁਣਾਈ ਦਿੱਤੀ ਧਮਾਕੇ ਦਾ ਆਵਾਜ਼
ਫ਼ੈਕਟਰੀ ਦੇ ਆਸਪਾਸ ਦੇ ਲੋਕਾਂ ਨੇ ਦੱਸਿਆ ਕਿ ਬੁਆਇਲਰ ਦਾ ਧਮਾਕਾ ਇੰਨਾ ਤੇਜ਼ ਸੀ ਕਿ ਲਗਭਗ 5 ਕਿਲੋਮੀਟਰ ਤਕ ਇਸ ਦੀ ਆਵਾਜ਼ ਸੁਣਾਈ ਦਿੱਤੀ। ਹਾਦਸੇ ਤੋਂ ਬਾਅਦ ਚਾਰੇ ਪਾਸੇ ਧੂੰਆਂ ਫੈਲ ਗਿਆ। ਘਟਨਾ ਦੀ ਜਾਣਕਾਰੀ ਤੁਰੰਤ ਫ਼ਾਇਰ ਬ੍ਰਿਗੇਡ ਨੂੰ ਦਿੱਤੀ ਗਈ। ਇਸ ਮਗਰੋਂ ਫ਼ਾਇਰ ਬ੍ਰਿਗੇਡ ਦੀਆਂ 8 ਗੱਡੀਆਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਇਆ ਗਿਆ।
10 ਦਿਨ ਪਹਿਲਾਂ ਠਾਣੇ ਦੀ ਫ਼ੈਕਟਰੀ ‘ਚ ਅੱਗ ਲੱਗੀ ਸੀ
ਅਜਿਹੀ ਹੀ ਇਕ ਘਟਨਾ 10 ਮਾਰਚ ਨੂੰ ਮਹਾਰਾਸ਼ਟਰ ‘ਚ ਵਾਪਰੀ ਸੀ। ਉਸ ਦਿਨ ਠਾਣੇ ਦੇ ਅੰਬਰਨਾਥ ਦੇ ਮਹਾਰਾਸ਼ਟਰ ਉਦਯੋਗਿਕ ਵਿਕਾਸ ਕਾਰਪੋਰੇਸ਼ਨ (ਐਮਆਈਡੀਸੀ) ਇਲਾਕੇ ਦੀ ਕੈਮੀਕਲ ਫ਼ੈਕਟਰੀ ‘ਚ ਅੱਗ ਲੱਗ ਗਈ ਸੀ। ਅੱਗ ਸਭ ਤੋਂ ਪਹਿਲਾਂ ਇਕ ਬੁਲਾਇਲਰ ‘ਚ ਲੱਗੀ ਸੀ ਅਤੇ ਥੋੜ੍ਹੇ ਸਮੇਂ ‘ਚ ਹੀ ਇਸ ਨੇ ਸਾਰੀ ਫ਼ੈਕਟਰੀ ਨੂੰ ਆਪਣੀ ਲਪੇਟ ‘ਚ ਲੈ ਲਿਆ ਸੀ। ਰਾਹਤ ਦੀ ਗੱਲ ਇਹ ਸੀ ਕਿ ਇਸ ਹਾਦਸੇ ‘ਚ ਕਿਸੇ ਦੀ ਮੌਤ ਨਹੀਂ ਹੋਈ।
