
ਕੈਲੀਫੋਰਨੀਆ, 21 ਜਨਵਰੀ, ਹ.ਬ. : ਅਮਰੀਕਾ ਦੇ ਕੈਲੀਫੋਰਨੀਆ ’ਚ 21 ਜਨਵਰੀ ਨੂੰ ਹੋਈ ਗੋਲੀਬਾਰੀ ਦੇ ਮਾਮਲੇ ’ਚ ਪੁਲਸ ਨੂੰ ਹਮਲਾਵਰ ਦੀ ਲਾਸ਼ ਵੈਨ ’ਚੋਂ ਮਿਲੀ ਹੈ। ਲਾਸ ਏਂਜਲਸ ਟਾਈਮਜ਼ ਦੀ ਰਿਪੋਰਟ ਮੁਤਾਬਕ ਹਮਲਾਵਰ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਲਈ। ਹਾਲਾਂਕਿ ਪੁਲਿਸ ਨੇ ਇਸ ਸਬੰਧ ਵਿੱਚ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ। ਪੁਲਿਸ ਹਮਲਾਵਰ ਦੀ ਭਾਲ ਵਿੱਚ ਸ਼ਨੀਵਾਰ ਦੇਰ ਰਾਤ ਤੋਂ ਤਲਾਸ਼ੀ ਮੁਹਿੰਮ ਚਲਾ ਰਹੀ ਸੀ। ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸ਼ੱਕੀ ਹਮਲਾਵਰ ਚਿੱਟੇ ਰੰਗ ਦੀ ਵੈਨ ’ਚ ਭੱਜ ਗਿਆ ਹੈ। ਪੁਲਸ ਨੇ ਜਿਵੇਂ ਹੀ ਇਸ ਵੈਨ ਨੂੰ ਦੇਖਿਆ ਤਾਂ ਇਸ ਨੂੰ ਘੇਰ ਲਿਆ। ਹਮਲਾਵਰ ਏਸ਼ੀਆਈ ਮੂਲ ਦਾ ਦੱਸਿਆ ਜਾ ਰਿਹਾ ਹੈ। ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਸ ਨੇ ਕਿਸ ਕਾਰਨ ਹਮਲਾ ਕੀਤਾ। ਅਮਰੀਕਾ ਦੇ ਕੈਲੀਫੋਰਨੀਆ ਵਿਚ 21-22 ਜਨਵਰੀ ਦੀ ਦਰਮਿਆਨੀ ਰਾਤ ਨੂੰ ਗੋਲੀਬਾਰੀ ਦੀ ਘਟਨਾ ਵਾਪਰੀ।