Home ਤਾਜ਼ਾ ਖਬਰਾਂ ਕੋਰੋਨਾ ਕਰਕੇ ਸਿੱਖ ਜੱਥੇ ਨੂੰ ਨਨਕਾਣਾ ਸਾਹਿਬ ਜਾਣ ਦੀ ਨਹੀਂ ਮਿਲੀ ਮਨਜ਼ੂਰੀ

ਕੋਰੋਨਾ ਕਰਕੇ ਸਿੱਖ ਜੱਥੇ ਨੂੰ ਨਨਕਾਣਾ ਸਾਹਿਬ ਜਾਣ ਦੀ ਨਹੀਂ ਮਿਲੀ ਮਨਜ਼ੂਰੀ

0
ਕੋਰੋਨਾ ਕਰਕੇ ਸਿੱਖ ਜੱਥੇ ਨੂੰ ਨਨਕਾਣਾ ਸਾਹਿਬ ਜਾਣ ਦੀ ਨਹੀਂ ਮਿਲੀ ਮਨਜ਼ੂਰੀ

ਨਵੀਂ ਦਿੱਲੀ, 16 ਮਾਰਚ (ਹਮਦਰਦ ਨਿਊਜ਼ ਸਰਵਿਸ) : ਕੇਂਦਰ ਸਰਕਾਰ ਨੇ ਪਾਕਿਸਤਾਨ ‘ਚ ਕੋਵਿਡ-19 ਦੇ ਕੇਸਾਂ ‘ਚ ਵਾਧੇ ਨੂੰ ਵੇਖਦੇ ਹੋਏ ਸਿੱਖ ਜੱਥੇ ਨੂੰ ਇਸ ਸਾਲ ਫ਼ਰਵਰੀ ‘ਚ ਨਨਕਾਣਾ ਸਾਹਿਬ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ ਹੈ। ਇਸ ਨਾਲ ਵੱਡੀ ਗਿਣਤੀ ‘ਚ ਭਾਰਤੀਆਂ ਦੀ ਸੁਰੱਖਿਆ ਨੂੰ ਖ਼ਤਰਾ ਸੀ। ਇਹ ਜਾਣਕਾਰੀ ਕੇਂਦਰੀ ਗ੍ਰਹਿ ਰਾਜ ਮੰਤਰੀ ਜੀ. ਕ੍ਰਿਸ਼ਨ ਰੈੱਡੀ ਨੇ ਦਿੱਤੀ।
ਕ੍ਰਿਸ਼ਨ ਰੈੱਡੀ ਨੇ ਲੋਕ ਸਭਾ ‘ਚ ਦੱਸਿਆ ਕਿ ਭਾਰਤ ਤੇ ਪਾਕਿਸਤਾਨ ਦਰਮਿਆਨ 1974 ‘ਚ ਹੋਏ ਸਮਝੌਤੇ ਤਹਿਤ ਸਿੱਖ ਸ਼ਰਧਾਲੂ ਹਰ ਸਾਲ ਚਾਰ ਮੌਕਿਆਂ ‘ਤੇ ਪਾਕਿਸਤਾਨ ਦੀ ਯਾਤਰਾ ਕਰ ਸਕਦੇ ਹਨ। ਇਹ ਚਾਰ ਮੌਕੇ ਜਿਵੇਂ ਵਿਸਾਖੀ, ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ, ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਤੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹਨ।
ਉਨ੍ਹਾਂ ਕਿਹਾ ਕਿ 1974 ਦੇ ਸਮਝੌਤੇ ਤਹਿਤ 18 ਫ਼ਰਵਰੀ ਦੀ ਸਿੱਖ ਜਥੇ ਨੂੰ ਪਾਕਿਸਤਾਨ ਦੀ ਯਾਤਰਾ ਕਵਰ ਨਹੀਂ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਜਾਣਕਾਰੀ ਮੁਤਾਬਕ ਹਾਲੇ ਤਕ ਇਸ ਤਰ੍ਹਾਂ ਦੇ ਸਮਾਗਮ ‘ਚ ਕੋਈ ਜੱਥਾ ਪਾਕਿਸਤਾਨ ਨਹੀਂ ਜਾਂਦਾ ਰਿਹਾ।
ਇਕ ਲਿਖਤੀ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਪਾਕਿਸਤਾਨ ‘ਚ ਕੋਵਿਡ-19 ਦੇ ਵੱਧਦੇ ਕੇਸਾਂ ਤੇ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖਦੇ ਹੋਏ ਇਸ ਯਾਤਰਾ ਦੀ ਇਜਾਜ਼ਤ ਨਹੀਂ ਦਿੱਤੀ ਗਈ’। ਰੈੱਡੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ‘ਤੇ ਸਿੱਖ ਸ਼ਰਧਾਲੂਆਂ ਦਾ ਇਕ ਜੱਥਾ 28 ਨਵੰਬਰ 2020 ਤੋਂ 1 ਦਸੰਬਰ 2020 ਤਕ ਪਾਕਿਸਤਾਨ ਗਿਆ ਸੀ।