ਕੋਰੋਨਾ ਟੀਕਾਕਰਨ ਦੌਰਾਨ ਵੱਡੀ ਲਾਪਰਵਾਹੀ : ਤਿੰਨ ਔਰਤਾਂ ਨੂੰ ਕੋਰੋਨਾ ਟੀਕੇ ਦੀ ਬਜਾਏ ਲਗਾ ਦਿੱਤਾ ਐਂਟੀ ਰੈਬੀਜ਼ ਟੀਕਾ

ਸ਼ਾਮਲੀ, 9 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਉੱਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲ੍ਹੇ ‘ਚ ਕੋਰੋਨਾ ਟੀਕਾਕਰਨ ਦੌਰਾਨ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਇੱਥੇ 3 ਔਰਤਾਂ ਨੂੰ ਕੋਰੋਨਾ ਦੀ ਬਜਾਏ ਐਂਟੀ ਰੈਬੀਜ਼ (ਕੁੱਤੇ ਵੱਲੋਂ ਕੱਟੇ ਜਾਣ ‘ਤੇ ਲਗਾਇਆ ਜਾਣ ਵਾਲਾ ਟੀਕਾ) ਲਗਾ ਦਿੱਤਾ ਗਿਆ। ਇਨ੍ਹਾਂ ‘ਚੋਂ 70 ਸਾਲਾ ਬਜ਼ੁਰਗ ਔਰਤ ਦੀ ਸਿਹਤ ਖ਼ਰਾਬ ਹੋਣ ਤੋਂ ਬਾਅਦ ਇਸ ਲਾਪਰਵਾਹੀ ਦਾ ਖੁਲਾਸਾ ਹੋਇਆ। ਤਿੰਨਾਂ ਔਰਤਾਂ ਦੀ ਉਮਰ 60 ਸਾਲ ਤੋਂ ਵੱਧ ਹੈ।

Video Ad

ਘਟਨਾ ਜ਼ਿਲ੍ਹਾ ਸ਼ਾਮਲੀ ਦੇ ਕਾਂਧਲਾ ਕਮਿਊਨਿਟੀ ਸਿਹਤ ਕੇਂਦਰ ਦੀ ਹੈ। ਵੀਰਵਾਰ ਨੂੰ ਕਾਂਧਲਾ ਵਾਸੀ ਸਰੋਜ (70), ਅਨਾਰਕਲੀ (72) ਅਤੇ ਸੱਤਿਆਵਤੀ (60) ਕੋਰੋਨਾ ਟੀਕੇ ਦੀ ਪਹਿਲੀ ਖੁਰਾਕ ਲੈਣ ਲਈ ਸਿਹਤ ਕੇਂਦਰ ਪਹੁੰਚੀਆਂ ਸਨ। ਤਿੰਨਾਂ ਨੇ ਦੱਸਿਆ ਕਿ ਸਿਹਤ ਕੇਂਦਰ ‘ਚ ਮੌਜੂਦ ਕਰਮਚਾਰੀਆਂ ਨੇ ਮੈਡੀਕਲ ਸਟੋਰ ਤੋਂ 10-10 ਰੁਪਏ ਦੀ ਸਰਿੰਜ ਮੰਗਵਾਈ ਅਤੇ ਉਨ੍ਹਾਂ ਨੂੰ ਟੀਕਾ ਲਗਾ ਦਿੱਤਾ। ਇਸ ਤੋਂ ਬਾਅਦ ਇਹ ਤਿੰਨੇ ਆਪਣੇ ਘਰ ਚਲੀਆਂ ਗਈਆਂ।

ਘਰ ਪਹੁੰਚਣ ਤੋਂ ਥੋੜ੍ਹੀ ਦੇਰ ਬਾਅਦ ਹੀ ਸਰੋਜ ਦੀ ਹਾਲਤ ਵਿਗੜ ਗਈ। ਉਸ ਨੂੰ ਚੱਕਰ ਆਉਣ ਲੱਗੇ ਅਤੇ ਘਬਰਾਹਟ ਮਹਿਸੂਸ ਹੋਣ ਲੱਗੀ। ਪਰਿਵਾਰਕ ਮੈਂਬਰਾਂ ਨੇ ਉਸ ਨੂੰ ਇੱਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ। ਡਾਕਟਰਾਂ ਨੇ ਸਿਹਤ ਕੇਂਦਰ ਦੀ ਪਰਚੀ ਵੇਖ ਕੇ ਦੱਸਿਆ ਕਿ ਉਨ੍ਹਾਂ ਨੂੰ ਐਂਟੀ ਰੇਬੀਜ਼ ਟੀਕਾ ਲਗਾਇਆ ਗਿਆ ਹੈ। ਲਾਪਰਵਾਹੀ ਸਾਹਮਣੇ ਆਉਣ ਤੋਂ ਬਾਅਦ ਔਰਤਾਂ ਦੇ ਪਰਿਵਾਰਕ ਮੈਂਬਰਾਂ ਨੇ ਹੰਗਾਮਾ ਕੀਤਾ ਅਤੇ ਮੈਡੀਕਲ ਅਫ਼ਸਰ ਸੰਜੇ ਅਗਰਵਾਲ ਨੂੰ ਸ਼ਿਕਾਇਤ ਕੀਤੀ।

ਜ਼ਿਲ੍ਹਾ ਅਧਿਕਾਰੀ ਜਸਜੀਤ ਕੌਰ ਨੇ ਦੱਸਿਆ ਕਿ ਡਿਊਟੀ ‘ਤੇ ਤਾਇਨਾਤ ਰਹੇ ਫ਼ਾਰਮਾਸਿਸ਼ਟ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਜਦਕਿ ਜਨ ਔਸ਼ਧੀ ਸੈਂਟਰ ਦੇ ਫ਼ਾਰਮਾਸਿਸ਼ਟ ਦੀਆਂ ਸੇਵਾਵਾਂ ਖ਼ਤਮ ਕਰ ਦਿੱਤੀਆਂ ਗਈਆਂ ਹਨ। ਮਾਮਲੇ ਦੀ ਜਾਂਚ ਲਈ ਕੈਰਾਨਾ ਹੈਲਥ ਸੈਂਟਰ ਇੰਚਾਰਜ ਅਤੇ ਇਕ ਏਸੀਐਮਓ ਦੀ ਟੀਮ ਬਣਾਈ ਗਈ ਹੈ। ਜਾਂਚ ਰਿਪੋਰਟ ‘ਚ ਦੋਸ਼ੀ ਪਾਏ ਜਾਣ ਵਾਲੇ ਹੋਰ ਮੁਲਾਜ਼ਮਾਂ ਵਿਰੁੱਧ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।

Video Ad