Home ਦੁਨੀਆ ਕੋਰੋਨਾ ਟੀਕਾ ਲਗਾਉਣ ‘ਚ ਪਾਕਿਸਤਾਨ ਦੀ ਰਫ਼ਤਾਰ ਬਹੁਤ ਹੌਲੀ ; 75% ਲੋਕਾਂ ਨੂੰ ਟੀਕਾ ਲਗਵਾਉਣ ‘ਚ 10 ਸਾਲ ਲੱਗਣਗੇ

ਕੋਰੋਨਾ ਟੀਕਾ ਲਗਾਉਣ ‘ਚ ਪਾਕਿਸਤਾਨ ਦੀ ਰਫ਼ਤਾਰ ਬਹੁਤ ਹੌਲੀ ; 75% ਲੋਕਾਂ ਨੂੰ ਟੀਕਾ ਲਗਵਾਉਣ ‘ਚ 10 ਸਾਲ ਲੱਗਣਗੇ

0

ਇਸਲਾਮਾਬਾਦ, 6 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ‘ਚ ਕੋਰੋਨਾ ਵਾਇਰਸ ਦੇ ਕੇਸ ਇੱਕ ਵਾਰ ਫਿਰ ਤੇਜ਼ੀ ਨਾਲ ਵੱਧ ਰਹੇ ਹਨ। ਕੋਵਿਡ-19 ਨੇ ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ‘ਚ ਵੀ ਆਪਣੀ ਰਫ਼ਤਾਰ ਵਧਾ ਦਿੱਤੀ ਹੈ। ਰੋਜ਼ਾਨਾ ਹਜ਼ਾਰਾਂ ਲੋਕ ਇਸ ਬਿਮਾਰੀ ਦੀ ਲਪੇਟ ‘ਚ ਆ ਰਹੇ ਹਨ। ਅਜਿਹੀ ਸਥਿਤੀ ‘ਚ ਟੀਕਾਕਰਨ ਮੁਹਿੰਮ ਵੀ ਚਲਾਈ ਜਾ ਰਹੀ ਹੈ।

ਇਕ ਰਿਪੋਰਟ ‘ਚ ਅਜਿਹਾ ਦਾਅਵਾ ਕੀਤਾ ਗਿਆ, ਜੋ ਸਰਕਾਰ ਦੀ ਟੀਕਾਕਰਨ ਮੁਹਿੰਮ ‘ਤੇ ਸਵਾਲ ਖੜ੍ਹੇ ਕਰ ਰਹੇ ਹਨ। ਅਸਲ ‘ਚ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਵੇਂ ਪਾਕਿਸਤਾਨ ‘ਚ ਕੋਰੋਨਾ ਟੀਕਾ ਲਗਾਇਆ ਜਾ ਰਿਹਾ ਹੈ, ਪਰ ਜੇ ਇਸੇ ਰਫ਼ਤਾਰ ਨਾਲ ਟੀਕਾਕਰਨ ਜਾਰੀ ਰਿਹਾ ਤਾਂ ਦੇਸ਼ ਦੀ 75 ਫ਼ੀਸਦੀ ਆਬਾਦੀ ਨੂੰ ਟੀਕਾ ਲਗਵਾਉਣ ‘ਚ ਇਕ ਦਹਾਕੇ ਤੋਂ ਵੱਧ ਦਾ ਸਮਾਂ ਲੱਗ ਜਾਵੇਗਾ। ਰਿਪੋਰਟ ‘ਚ ਇਹ ਵੀ ਕਿਹਾ ਗਿਆ ਹੈ ਕਿ ਦੂਜੇ ਵਿਕਾਸਸ਼ੀਲ ਦੇਸ਼ਾਂ ‘ਚ ਕੋਰੋਨਾ ਟੀਕਾਕਰਨ ਦੀ ਰਫ਼ਤਾਰ ਪਾਕਿਸਤਾਨ ਦੀ ਰਫ਼ਤਾਰ ਨਾਲੋਂ ਕਿਤੇ ਜ਼ਿਆਦਾ ਹੈ।

ਅਰਬ ਨਿਊਜ਼ ਨੇ ਬਲੂਮਬਰਗ ਦੀ ਰਿਪੋਰਟ ਦੇ ਹਵਾਲੇ ਤੋਂ ਕਿਹਾ ਹੈ ਕਿ ਅਮਰੀਕਾ, ਬ੍ਰਿਟੇਨ ਤੇ ਇਜ਼ਰਾਈਲ ਵਰਗੇ ਦੇਸ਼ ਸਿਰਫ਼ ਤਿੰਨ ਮਹੀਨਿਆਂ ‘ਚ 75 ਫ਼ੀਸਦੀ ਅਬਾਦੀ ਨੂੰ ਟੀਕਾ ਲਗਾਉਣ ‘ਚ ਸਫ਼ਲ ਹੋਣਗੇ, ਜਦਕਿ ਪਾਕਿਸਤਾਨ ਨੂੰ ਇੰਨੀ ਹੀ ਅਬਾਦੀ ਨੂੰ ਟੀਕਾ ਲਗਾਉਣ ਲਈ 10 ਸਾਲ ਦੀ ਲੋੜ ਪਵੇਗੀ। ਰਿਪੋਰਟ ਅਨੁਸਾਰ ਭਾਰਤ ਨੂੰ ਵੈਕਸੀਨੇਸ਼ਨ ਰਾਹੀਂ ਤਿੰਨ ਸਾਲ ‘ਚ ਹੀ ਹਾਰਡ ਇਮਿਊਨਿਟੀ ਪ੍ਰਾਪਤ ਹੋ ਸਕਦੀ ਹੈ। ਇਹ ਰਿਪੋਰਟ ਅਜਿਹੇ ਸਮੇਂ ਸਾਹਮਣੇ ਆਈ ਹੈ, ਜਦੋਂ ਪਿਛਲੇ ਕੁਝ ਸਮੇਂ ‘ਚ ਪਾਕਿਸਤਾਨ ਵਿੱਚ ਕੋਰੋਨਾ ਦੇ ਮਾਮਲੇ ਬਹੁਤ ਤੇਜ਼ੀ ਨਾਲ ਵਧੇ ਹਨ। ਇਸ ਕਾਰਨ ਸਰਕਾਰ ਨੂੰ ਲਾਕਡਾਊਨ ਸਮੇਤ ਕਈ ਅਹਿਮ ਫ਼ੈਸਲੇ ਲੈਣੇ ਪਏ ਹਨ।

ਨੈਸ਼ਨਲ ਕਮਾਂਡ ਅਤੇ ਆਪ੍ਰੇਸ਼ਨ ਸੈਂਟਰ (ਐਸਓਏਸੀ) ਦੇ ਚੇਅਰਮੈਨ ਅਸਦ ਉਮਰ ਨੇ ਟਵੀਟ ਕੀਤਾ, “ਕੋਵਿਡ ਮਾਮਲਿਆਂ ਦੀ ਰੋਕਥਾਮ ਨੂੰ ਰੋਕਣ ਲਈ ਪਾਬੰਦੀਆਂ ਵਧਾ ਦਿੱਤੀਆਂ ਗਈਆਂ ਹਨ, ਤਾਲਾਬੰਦੀ ਕੀਤੀ ਗਈ ਹੈ, ਐਸਓਪੀ ਲਾਗੂ ਕੀਤੀ ਗਈ ਹੈ। ਕ੍ਰਿਪਾ ਕਰਕੇ ਐਸਓਪੀ ਦਾ ਪਾਲਣ ਕਰਦੇ ਰਹੋ ਅਤੇ ਸੁਰੱਖਿਅਤ ਰਹੋ।” ਇਸ ਦੇ ਨਾਲ ਹੀ ਹਾਲ ਹੀ ਇਕ ਰਿਪੋਰਟ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਇੱਕ ਸਾਲ ਦੇ ਅੰਦਰ ਟੀਕਾਕਰਨ ਰਾਹੀਂ ਜਰਮਨੀ, ਫ਼ਰਾਂਸ ‘ਚ ਹਾਰਡ ਇਮਿਊਨਿਟੀ ਆ ਜਾਵੇਗੀ।

ਦੱਸ ਦੇਈਏ ਕਿ ਪਿਛਲੇ 24 ਘੰਟੇ ‘ਚ ਪਾਕਿਸਤਾਨ ਵਿੱਚ 3953 ਨਵੇਂ ਕੇਸ ਸਾਹਮਣੇ ਆਏ ਹਨ। ਦੇਸ਼ ‘ਚ ਸੰਕਰਮਿਤ ਮਰੀਜ਼ਾਂ ਦੀ ਕੁੱਲ ਗਿਣਤੀ 696,184 ਹੋ ਗਈ ਹੈ। ਦੂਜੇ ਪਾਸੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੀ ਤੀਜੀ ਲਹਿਰ ਪਿਛਲੀ ਦੋ ਲਹਿਰ ਨਾਲੋਂ ਕਿਤੇ ਜ਼ਿਆਦਾ ਖ਼ਤਰਨਾਕ ਹੋਵੇਗੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਲੋਕ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰਨਗੇ ਤਾਂ ਉਨ੍ਹਾਂ ਦੀ ਸਰਕਾਰ ਸਖਤ ਪਾਬੰਦੀਆਂ ਲਗਾਉਣ ਲਈ ਮਜਬੂਰ ਹੋਵੇਗੀ।