Home ਦੁਨੀਆ ਕੋਰੋਨਾ ਦਾ ਇਲਾਜ ਲੱਭਦੇ-ਲੱਭਦੇ ਲੱਭਿਆ ਕੈਂਸਰ ਦਾ ਤੋੜ

ਕੋਰੋਨਾ ਦਾ ਇਲਾਜ ਲੱਭਦੇ-ਲੱਭਦੇ ਲੱਭਿਆ ਕੈਂਸਰ ਦਾ ਤੋੜ

0
ਕੋਰੋਨਾ ਦਾ ਇਲਾਜ ਲੱਭਦੇ-ਲੱਭਦੇ ਲੱਭਿਆ ਕੈਂਸਰ ਦਾ ਤੋੜ

ਲੰਡਨ, 24 ਮਾਰਚ (ਹਮਦਰਦ ਨਿਊਜ਼ ਸਰਵਿਸ) : ਖ਼ਤਰਨਾਕ ਬਿਮਾਰੀ ਕੈਂਸਰ ਦਾ ਇਲਾਜ ਨਾ ਹੋਣ ਕਾਰਨ ਬਹੁਤ ਸਾਰੇ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪੈਂਦੀ ਹੈ, ਪਰ ਹੁਣ ਆਸ ਦੀ ਇੱਕ ਕਿਰਨ ਦਿਖਾਈ ਦੇ ਰਹੀ ਹੈ, ਕਿਉਂਕਿ ਕੋਵਿਡ-19 ਮਹਾਂਮਾਰੀ ਦਾ ਇਲਾਜ ਲੱਭਦੇ-ਲੱਭਦੇ ਜਰਮਨੀ ਦੇ ਇੱਕ ਵਿਗਿਆਨੀ ਜੋੜੇ ਨੂੰ ਕੈਂਸਰ ਦਾ ਤੋੜ ਮਿਲ ਗਿਆ ਹੈ। ਬਾਇਓਐਨਟੈਕ ਦੇ ਸੀਈਓ ਡਾ. ਉਗਰ ਸਾਹਿਨ ਅਤੇ ਉਨ੍ਹਾਂ ਦੀ ਪਤਨੀ ਡਾ. ਓਜਲੇਮ ਤੁਰੇਸੀ ਨੇ ਸਰੀਰ ਦੀ ਰੋਗਾਂ ਨਾਲ ਲੜਨ ਦੀ ਤਾਕਤ ਨੂੰ ਟਿਊਮਰ ਨਾਲ ਮੁਕਾਬਲਾ ਕਰਨ ਵਿੱਚ ਸਮਰੱਥ ਬਣਾਉਣ ਦਾ ਤਰੀਕਾ ਲੱਭ ਲਿਆ ਹੈ। ਹੁਣ ਉਹ ਇਸ ਦੀ ਵੈਕਸੀਨ ਬਣਾਉਣ ਵਿੱਚ ਜੁਟ ਗਏ ਹਨ।
ਜੋੜੇ ਦਾ ਕਹਿਣਾ ਹੈ ਕਿ ਜੇਕਰ ਸਭ ਕੁਝ ਠੀਕ ਰਿਹਾ ਤਾਂ ਆਉਣ ਵਾਲੇ ਸਾਲਾਂ ਵਿੱਚ ਉਹ ਕੈਂਸਰ ਦਾ ਟੀਕਾ ਵੀ ਉਪਲੱਬਧ ਕਰਵਾ ਦੇਣਗੇ। ਇਹ ਜੋੜਾ ਪਿਛਲੇ 20 ਸਾਲ ਤੋਂ ਕੈਂਸਰ ਦੇ ਇਲਾਜ ਲਈ ਖੋਜ ਕਰ ਰਿਹਾ ਹੈ। ਡਾ. ਤੁਰੇਸੀ ਨੇ ਦੱਸਿਆ ਕਿ ਬਾਇਓਐਨਟੈਕ ਦਾ ਕੋਵਿਡ-19 ਟੀਕਾ ਮੈਸੇਂਜਰ-ਆਰਐਨਏ (ਐਮਆਰਐਨਏ) ਦੀ ਮਦਦ ਨਾਲ ਮਨੁੱਖੀ ਸਰੀਰ ਨੂੰ ਉਸ ਪ੍ਰੋਟੀਨ ਦੇ ਉਤਪਾਦਨ ਦਾ ਸੰਦੇਸ਼ ਦਿੰਦਾ ਹੈ, ਜੋ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਤਾਕਤ ਨੂੰ ਵਾਇਰਸ ’ਤੇ ਵਾਰ ਕਰਨ ਵਿੱਚ ਸਮਰੱਥ ਬਣਾਉਂਦਾ ਹੈ। ਇਸ ਨੂੰ ਇਵੇਂ ਸਮਝਿਆ ਜਾਵੇ ਕਿ ਐਮ-ਆਰਐਨਏ ਜੇਨੇਟਿਕ ਕੋਡ ਦਾ ਛੋਟਾ ਹਿੱਸਾ ਹੁੰਦਾ ਹੈ, ਜੋ ਸੈੱਲਾਂ ਵਿੱਚ ਪ੍ਰੋਟੀਨ ਦਾ ਨਿਰਮਾਣ ਕਰਦਾ ਹੈ। ਇਸ ਦੀ ਵਰਤੋਂ ਪ੍ਰਤੀਰੋਧੀ ਸਮਰੱਥਾ ਨੂੰ ਸੁਰੱਖਿਅਤ ਐਂਟੀਬੌਡੀ ਪੈਦਾ ਕਰਨ ਲਈ ਪ੍ਰੇਰਿਤ ਕਰਦਾ ਹੈ ਅਤੇ ਇਸ ਦੇ ਲਈ ਉਨ੍ਹਾਂ ਨੂੰ ਅਸਲ ਵਾਇਰਸ ਦੀ ਵੀ ਲੋੜ ਨਹੀਂ ਹੁੰਦੀ ਹੈ। ਡਾ. ਤੁਰੇਸੀ ਨੇ ਕਿਹਾ ਕਿ ਉਨ੍ਹਾਂ ਨੇ ਕੋਰੋਨਾ ਵੈਕਸੀਨ ਬਣਾਉਣ ਦੌਰਾਨ ਇਸੇ ਆਧਾਰ ’ਤੇ ਕੈਂਸਰ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਕੁਝ ਟੀਕੇ ਤਿਆਰ ਕਰ ਲਏ ਹਨ। ਹੁਣ ਉਹ ਜਲਦ ਇਸ ਦਾ ਕਲੀਨੀਕਲ ਟ੍ਰਾਇਲ ਕਰਨ ਜਾ ਰਹੇ ਹਨ। ਹੁਣ ਤੱਕ ਦੀ ਖੋਜ ਸਾਬਤ ਕਰਦੀ ਹੈ ਕਿ ਐਮ-ਆਰਐਨਏ ਆਧਾਰਤ ਟੀਕੇ ਕੈਂਸਰ ਦੀ ਦਸਤਕ ਤੋਂ ਪਹਿਲਾਂ ਹੀ ਸਰੀਰ ਨੂੰ ਉਸ ਨਾਲ ਲੜਨ ਦੀ ਤਾਕਤ ਦੇ ਦੇਣਗੇ। ਭਾਵ ਹੁਣ ਕੈਂਸਰ ਦੇ ਮਰੀਜ਼ਾਂ ਨੂੰ ਕੀਮੋਥੈਰੇਪੀ ਅਤੇ ਰੇਡਿਓਥੈਰੇਪੀ ਨਾਲ ਹੋਣ ਵਾਲੇ ਅਸਹਿਣਯੋਗ ਦਰਦ ਤੋਂ ਛੁਟਕਾਰਾ ਮਿਲ ਜਾਵੇਗਾ। ਨਾਲ ਹੀ ਵਾਲ਼ ਝੜਨ, ਭੁੱਟ ਮਿਟਣ, ਭਾਰ ਘਟਣ ਜਿਹੀਆਂ ਸਮੱਸਿਆਵਾਂ ਤੋਂ ਵੀ ਮੁਕਤੀ ਮਿਲ ਜਾਵੇਗੀ।
ਉੱਧਰ ਕੋਰੋਨਾ ਵੈਕਸੀਨ ਬਣਾਉਣ ਵਿੱਚ ਸ਼ਾਮਲ ਆਕਸਫੋਰਡ ਦੇ ਵਿਗਿਆਨੀ ਪ੍ਰੋਫੈਸਰ ਸਾਰਾ ਗਿਲਬਰਟ ਅਤੇ ਪ੍ਰੋਫੈਸਰ ਐਡ੍ਰੀਆਨ ਹਿਲ ਵੀ ਕੈਂਸਰ ਦੇ ਇਲਾਜ ਵਿੱਚ ਐਮ-ਆਰਐਨਏ ਤਕਨੀਕ ਦੀ ਵਰਤੋਂ ਵਿੱਚ ਜੁਟ ਗਏ ਹਨ। ਉਨ੍ਹਾਂ ਨੇ ਗਰਮੀਆਂ ਵਿੱਚ ਫੇਫੜਿਆਂ ਦੇ ਕੈਂਸਰ ਤੋਂ ਪੀੜਤ ਮਰੀਜ਼ਾਂ ’ਤੇ ਐਮ-ਆਰਐਨਏ ਆਧਾਰਤ ਟੀਕੇ ਦੇ ਪ੍ਰੀਖਣ ਦੀਆਂ ਤਿਆਰੀਆਂ ਵੀ ਪੂਰੀਆਂ ਕਰ ਲਈਆਂ ਹਨ। ਉਨ੍ਹਾਂ ਨੇ ਵੈਕਸੀਟੇਕ ਨਾਮਕ ਕੰਪਨੀ ਸਥਾਪਤ ਕੀਤੀ ਹੈ, ਜੋ ਪ੍ਰੋਸਟੇਟ ਕੈਂਸਰ ਦੇ ਇਲਾਜ ਵਿੱਚ ਕਾਰਗਰ ਵੈਕਸੀਨ ’ਤੇ ਪਹਿਲਾਂ ਹੀ ਕੰਮ ਕਰ ਰਹੀ ਹੈ। ਸ਼ੁਰੂਆਤੀ ਅਜ਼ਮਾਇਸ਼ ਵਿੱਚ ਇਸ ਵੈਕਸੀਨ ਦੇ ਬੇਹੱਦ ਸਕਾਰਾਤਮਕ ਨਤੀਜੇ ਮਿਲੇ ਹਨ। ਇਸ ਕਾਰਨ ਉਮੀਦ ਦੀ ਇੱਕ ਕਿਰਨ ਜਾਗ ਗਈ ਹੈ।