‘ਕੋਰੋਨਾ ਦੀ ਦੂਜੀ ਲਹਿਰ ਪਹਿਲਾਂ ਨਾਲੋਂ ਵੱਧ ਖਤਰਨਾਕ ਹੋ ਸਕਦੀ ਹੈ’

ਨਵੀਂ ਦਿੱਲੀ, 27 ਮਾਰਚ (ਹਮਦਰਦ ਨਿਊਜ਼ ਸਰਵਿਸ) : ਭਾਰਤ ‘ਚ ਪਿਛਲੇ 20-25 ਦਿਨਾਂ ‘ਚ ਕੋਰੋਨਾ ਦੀ ਲਾਗ ਦੇ ਨਵੇਂ ਕੇਸਾਂ ‘ਚ ਕਾਫ਼ੀ ਵਾਧਾ ਹੋਇਆ ਸੀ। ਇਸ ਮਹੀਨੇ ਮਾਰਚ ਦੀ ਸ਼ੁਰੂਆਤ ਤਕ ਕੋਰੋਨਾ ਦੇ ਨਵੇਂ ਕੇਸਾਂ ਦੀ ਗਿਣਤੀ 24 ਘੰਟੇ ‘ਚ ਘੱਟ ਕੇ 10 ਹਜ਼ਾਰ ਤੋਂ ਵੀ ਘੱਟ ਹੋ ਗਈ ਸੀ, ਜੋ ਹੁਣ 50 ਹਜ਼ਾਰ ਹੋ ਗਈ ਹੈ। ਨਵੇਂ ਮਾਮਲਿਆਂ ‘ਚ ਹੋਏ ਇਸ ਵਾਧੇ ਨੂੰ ਕਈ ਮਾਹਰ ਕੋਰੋਨਾ ਦੀ ਦੂਜੀ ਲਹਿਰ ਮੰਨਦੇ ਹਨ। ਉਹ ਇਹ ਵੀ ਕਹਿ ਰਹੇ ਹਨ ਕਿ ਇਹ ਪਹਿਲੀ ਲਹਿਰ, ਜੋ ਪਿਛਲੇ ਸਾਲ ਜੁਲਾਈ ਦੇ ਆਸ-ਪਾਸ ਸੀ, ਉਸ ਤੋਂ ਵੀ ਜ਼ਿਆਦਾ ਖ਼ਤਰਨਾਕ ਹੋ ਸਕਦੀ ਹੈ।
ਮਹਾਂਮਾਰੀ ਵਿਗਿਆਨੀ ਡਾ. ਗਿਰੀਧਰ ਬਾਬੂ ਨੇ ਰੀਪ੍ਰੋਡਕਸ਼ਨ ਨੰਬਰ (ਆਰ.ਓ.) ਦੇ ਅਧਾਰ ‘ਤੇ ਦੱਸਿਆ ਹੈ ਕਿ ਕਿਸ ਤਰ੍ਹਾਂ ਕੋਰੋਨਾ ਦੀ ਇਹ ਲਹਿਰ ਵੱਧ ਨੁਕਸਾਨਦੇਹ ਸਾਬਤ ਹੋ ਸਕਦੀ ਹੈ। ਡਾ. ਗਿਰੀਧਰ ਮੁਤਾਬਕ ਆਰ.ਓ. 19 ਸੂਬਿਆਂ ‘ਚ ਇੱਕ ਤੋਂ ਵੱਧ ਹੈ। 7 ਮਾਰਚ ਨੂੰ ਆਰ.ਓ. 1.23 ਸੀ, ਜੋ ਹੁਣ 1.65 ਹੈ, ਜੋ ਕਿ ਚੰਗਾ ਸੰਕੇਤ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਤੇਜ਼ੀ ਦਰਸਾਉਂਦੀ ਹੈ ਕਿ ਸਥਿਤੀ ਵਿਗੜਦੀ ਜਾ ਰਹੀ ਹੈ। ਅਜਿਹੀ ਸਥਿਤੀ ‘ਚ ਇਹ ਮਹੱਤਵਪੂਰਨ ਹੈ ਕਿ ਸਾਰੀਆਂ ਸਾਵਧਾਨੀਆਂ ਵਰਤੀਆਂ ਜਾਣ। ਉਨ੍ਹਾਂ ਯੂ.ਕੇ. ਵੇਰੀਐਂਟ ਦੇ ਮਾਮਲੇ ਸਾਹਮਣੇ ਆਉਣ ‘ਤੇ ਚਿੰਤਾ ਜ਼ਾਹਰ ਕੀਤੀ ਹੈ।
ਗਿਰੀਧਰ ਬਾਬੂ ਦਾ ਕਹਿਣਾ ਹੈ ਕਿ ਦੋ ਗੱਲਾਂ ‘ਤੇ ਸਭ ਤੋਂ ਵੱਧ ਧਿਆਨ ਦੇਣ ਦੀ ਜ਼ਰੂਰਤ ਹੈ, ਇਕ ਹੈ ਭੀੜ ਇਕੱਠੀ ਕਰਨ ‘ਤੇ ਪਾਬੰਦੀ ਅਤੇ ਦੂਜੀ ਟੀਕਾਕਰਨ ਨੂੰ ਤੇਜ਼ ਕਰਨਾ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸ਼ਨਿੱਚਰਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ‘ਚ ਕੋਰੋਨਾ ਦੇ ਕੇਸਾਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਅਨੁਸਾਰ ਪਿਛਲੇ 24 ਘੰਟਿਆਂ ‘ਚ ਦੇਸ਼ ਵਿੱਚ ਕੋਰੋਨਾ ਵਾਇਰਸ ਦੇ 62,258 ਨਵੇਂ ਕੇਸ ਸਾਹਮਣੇ ਆਏ ਹਨ। ਇਸ ਸਾਲ 2021 ‘ਚ ਇਕ ਸਾਲ ‘ਚ ਇਹ ਸਭ ਤੋਂ ਵੱਧ ਕੇਸ ਦਰਜ ਕੀਤੇ ਗਏ ਹਨ।
ਇਸ ਤੋਂ ਪਹਿਲਾਂ 26 ਮਾਰਚ ਨੂੰ ਦੇਸ਼ ਭਰ ‘ਚ 59,118 ਨਵੇਂ ਮਰੀਜ਼ਾਂ ਦੀ ਰਿਪੋਰਟ ਸਾਹਮਣੇ ਆਈ ਸੀ। ਉਸ ਤੋਂ ਪਹਿਲਾਂ 18 ਅਕਤੂਬਰ 2020 ਨੂੰ ਇਕ ਦਿਨ ‘ਚ ਲਾਗ ਦੇ 61,871 ਨਵੇਂ ਕੇਸ ਸਾਹਮਣੇ ਆਏ ਸਨ। ਦੇਸ਼ ‘ਚ ਹੁਣ ਐਕਟਿਵ ਮਾਮਲਿਆਂ ਦੀ ਗਿਣਤੀ ਸਾਢੇ 4 ਲੱਖ ਨੂੰ ਪਾਰ ਕਰ ਗਈ ਹੈ, ਜੋ ਫ਼ਰਵਰੀ ‘ਚ ਘੱਟ ਕੇ 2 ਲੱਖ ਹੋ ਗਈ ਸੀ।

Video Ad
Video Ad