Home ਦੁਨੀਆ ਕੋਰੋਨਾ ਦੀ ਨਵੀਂ ਲਹਿਰ ਕਾਰਨ ਬੰਗਲਾਦੇਸ਼ ‘ਚ ਇਕ ਹਫ਼ਤੇ ਦਾ ਲੌਕਡਾਊਨ ਲੱਗਿਆ

ਕੋਰੋਨਾ ਦੀ ਨਵੀਂ ਲਹਿਰ ਕਾਰਨ ਬੰਗਲਾਦੇਸ਼ ‘ਚ ਇਕ ਹਫ਼ਤੇ ਦਾ ਲੌਕਡਾਊਨ ਲੱਗਿਆ

0
ਕੋਰੋਨਾ ਦੀ ਨਵੀਂ ਲਹਿਰ ਕਾਰਨ ਬੰਗਲਾਦੇਸ਼ ‘ਚ ਇਕ ਹਫ਼ਤੇ ਦਾ ਲੌਕਡਾਊਨ ਲੱਗਿਆ

ਨਵੀਂ ਦਿੱਲੀ, 3 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਕੋਰੋਨਾ ਦੀ ਨਵੀਂ ਲਹਿਰ ਬੰਗਲਾਦੇਸ਼ ‘ਚ ਤੇਜ਼ੀ ਨਾਲ ਫੈਲ ਰਹੀ ਹੈ। ਇੱਥੇ 5 ਅਪ੍ਰੈਲ ਤੋਂ ਇਕ ਹਫ਼ਤੇ ਦਾ ਲੌਕਡਾਊਨ ਲਗਾਇਆ ਜਾ ਰਿਹਾ ਹੈ। ਉੱਥੇ ਹੀ ਬ੍ਰਿਟੇਨ ‘ਚ ਆਕਸਫ਼ੋਰਡ ਦੀ ਐਸਟ੍ਰਾਜ਼ੈਨੇਕਾ ਵੈਕਸੀਨ ਲਗਾਏ ਜਾਣ ਤੋਂ ਬਾਅਦ 7 ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਇਕ ਵਾਰ ਫਿਰ ਐਸਟ੍ਰਾਜ਼ੈਨੇਕਾ ਵੈਕਸੀਨ ਲੱਗਣ ਤੋਂ ਬਾਅਦ ਬਲੱਡ ਕਲੋਟਿੰਗ (ਖੂਨ ਜੰਮਣ) ‘ਤੇ ਬਹਿਸ ਸ਼ੁਰੂ ਹੋ ਗਈ ਹੈ। ਇਸ ਕੰਪਨੀ ਵੱਲੋਂ ਹੁਣ ਤਕ 1 ਕਰੋੜ 80 ਲੱਖ ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ। ਇਸ ‘ਚੋਂ 30 ਲੋਕਾਂ ਨੂੰ ਬਲੱਡ ਕਲੋਟਿੰਗ ਦੀ ਸਮੱਸਿਆ ਆਈ ਹੈ।

ਬੰਗਲਾਦੇਸ਼ ਦੇ ਟਰਾਂਸਪੋਰਟ ਮੰਤਰੀ ਅਬਦੁੱਲ ਕਾਦਿਰ ਨੇ ਸ਼ਨਿੱਚਰਵਾਰ ਸਵੇਰੇ ਲੌਕਡਾਊਨ ਦਾ ਐਲਾਨ ਕੀਤਾ। ਕਾਦਿਰ ਬੰਗਲਾਦੇਸ਼ ‘ਚ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਪਾਰਟੀ ਦੇ ਜਨਰਲ ਸੱਕਤਰ ਵੀ ਹਨ। ਉਨ੍ਹਾਂ ਕਿਹਾ ਕਿ ਲੌਕਡਾਊਨ ‘ਚ ਸਾਰੇ ਦਫ਼ਤਰ ਤੇ ਅਦਾਲਤ ਬੰਦ ਰਹਿਣਗੇ। ਹਾਲਾਂਕਿ ਫ਼ੈਕਟਰੀਆਂ ਤੇ ਕੰਪਨੀਆਂ ਨੂੰ ਰਾਹਤ ਦਿੱਤੀ ਗਈ ਹੈ। ਲੋਕ ਪ੍ਰਸ਼ਾਸਨ ਮੰਤਰੀ ਫ਼ਰਹਦ ਹੁਸੈਨ ਨੇ ਕਿਹਾ ਕਿ ਫ਼ੈਕਟਰੀ ਤੇ ਕੰਪਨੀਆਂ ਨੂੰ ਬੰਦ ਕਰਨ ਤੋਂ ਬਾਅਦ ਕਰਮਚਾਰੀ ਪਿੰਡਾਂ ‘ਚ ਵਾਪਸ ਆਉਣ ਲੱਗੇ ਹਨ। ਇਸ ਲਈ ਉਨ੍ਹਾਂ ਨੂੰ ਚਾਲੂ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ।

ਇਸ ਤੋਂ ਪਹਿਲਾਂ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਕੋਰੋਨਾ ਗਾਈਡਲਾਈਨ ਦੀ ਸਖ਼ਤੀ ਬਾਰੇ 18-ਸੂਤਰੀ ਨੋਟ ਵੀ ਜਾਰੀ ਕੀਤਾ ਗਿਆ ਸੀ। ਇਸ ‘ਚ ਕਿਹਾ ਗਿਆ ਹੈ ਕਿ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਲੋਕਾਂ ਦੇ ਇਕੱਠ ‘ਤੇ ਪਾਬੰਦੀ ਲਗਾਈ ਗਈ ਹੈ। ਸਾਰੇ ਸਮਾਜਿਕ, ਰਾਜਨੀਤਿਕ ਤੇ ਧਾਰਮਿਕ ਸਮਾਗਮ ਬੰਦ ਰਹਿਣਗੇ। ਬੱਸਾਂ ‘ਚ ਉਨ੍ਹਾਂ ਦੀ ਸਮਰੱਥਾ ਤੋਂ ਅੱਧੇ ਯਾਤਰੀ ਹੀ ਲਿਜਾਏ ਜਾ ਸਕਣਗੇ।

ਦੂਜੇ ਪਾਸੇ ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ‘ਚ ਵੀ ਕੋਰੋਨਾ ਵਾਇਰਸ ਦੇ ਕੇਸ ਤੇਜ਼ੀ ਨਾਲ ਵੱਧ ਰਹੇ ਹਨ। ਪਾਕਿਸਤਾਨ ਦੀ ਮੁੱਖ ਵਿਰੋਧੀ ਪਾਰਟੀ ਪੀਪੀਪੀ ਦੇ ਪ੍ਰਧਾਨ ਬਿਲਾਵਲ ਭੁੱਟੋ ਜ਼ਰਦਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਦੇਸ਼ ਵਾਇਰਸ ਦੀ ਤੀਜੀ ਲਹਿਰ ਨੂੰ ਰੋਕਣ ਦੀ ਸਥਿਤੀ ‘ਚ ਨਹੀਂ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਪਾਕਿਸਤਾਨ ਦੀ ਸਰਕਾਰ ਵੱਲੋਂ ਹਰੇਕ ਲਈ ਟੀਕਾ ਖਰੀਦਣ ਤੋਂ ਇਨਕਾਰ ਕਰਨਾ ਹੈ। ਇਹ ਗੱਲ ਉਨ੍ਹਾਂ ਆਪਣੀ ਪਾਰਟੀ ਵਰਕਰਾਂ ਦੀ ਮੀਟਿੰਗ ਦੌਰਾਨ ਕਹੀ। ਉਨ੍ਹਾਂ ਕਿਹਾ ਕਿ ਟੀਕਾਕਰਨ ਦੇ ਮਾਮਲੇ ‘ਚ ਅਸੀਂ ਭਾਰਤ, ਬੰਗਲਾਦੇਸ਼, ਅਫ਼ਗਾਨਿਸਤਾਨ ਅਤੇ ਸ੍ਰੀਲੰਕਾ ਤੋਂ ਵੀ ਪਿੱਛੇ ਹਾਂ। ਸਾਡੀ ਸਰਕਾਰ ਦੀ ਕਮਜ਼ੋਰੀ ਦਰਸਾਉਣ ਲਈ ਇਹ ਕਾਫ਼ੀ ਹੈ।