ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਉਣ ਮਗਰੋਂ ਗੁਜਰਾਤ ਦੇ 4 ਸ਼ਹਿਰਾਂ ‘ਚ ਲੱਗਿਆ ਨਾਈਟ ਕਰਫ਼ਿਊ

ਅਹਿਮਦਾਬਾਦ, 16 ਮਾਰਚ (ਹਮਦਰਦ ਨਿਊਜ਼ ਸਰਵਿਸ) : ਦੇਸ਼ ‘ਚ ਇਕ ਵਾਰ ਫਿਰ ਕੋਰੋਨਾ ਵਾਇਰਸ ਦਾ ਖ਼ਤਰਾ ਵੱਧਦਾ ਜਾ ਰਿਹਾ ਹੈ। ਮਹਾਰਾਸ਼ਟਰ, ਕਰਨਾਟਕ ਤੇ ਪੰਜਾਬ ਤੋਂ ਬਾਅਦ ਹੁਣ ਗੁਜਰਾਤ ‘ਚ ਕੋਰੋਨਾ ਵਾਇਰਸ ਦੇ ਮਾਮਲਿਆਂ ਨੇ ਸੂਬਾ ਅਤੇ ਕੇਂਦਰ ਸਰਕਾਰ ਦੀਆਂ ਪ੍ਰੇਸ਼ਾਨੀਆਂ ਵਧਾ ਦਿੱਤੀਆਂ ਹਨ। ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਗੁਜਰਾਤ ਸਰਕਾਰ ਨੇ ਸੂਬੇ ਦੇ ਚਾਰ ਮਹਾਂਨਗਰਾਂ ‘ਚ ਨਾਈਟ ਕਰਫ਼ਿਊ ਲਗਾਉਣ ਦਾ ਫ਼ੈਸਲਾ ਕੀਤਾ ਹੈ। ਗੁਜਰਾਤ ਸਰਕਾਰ ਦੇ ਆਦੇਸ਼ਾਂ ਅਨੁਸਾਰ ਅਹਿਮਦਾਬਾਦ, ਵਡੋਦਰਾ, ਸੂਰਤ ਅਤੇ ਰਾਜਕੋਟ ‘ਚ 17 ਤੋਂ 31 ਮਾਰਚ ਤਕ ਰਾਤ ਦਾ ਕਰਫਿਊ ਲਾਗੂ ਰਹੇਗਾ। ਇਨ੍ਹਾਂ ਚਾਰਾਂ ਸ਼ਹਿਰਾਂ ‘ਚ ਰਾਤ 10 ਵਜੇ ਤੋਂ ਸਵੇਰੇ 6 ਵਜੇ ਤਕ ਕਰਫਿਊ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ।
ਦੱਸ ਦੇਈਏ ਕਿ ਇਸ ਸਮੇਂ ਗੁਜਰਾਤ ਦੇ ਸ਼ਹਿਰੀ ਇਲਾਕਿਆਂ ‘ਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਇਹ 6ਵੀਂ ਵਾਰ ਹੈ ਜਦੋਂ ਇਨ੍ਹਾਂ ਸ਼ਹਿਰਾਂ ‘ਚ ਨਾਈਟ ਕਰਫ਼ਿਊ ਲਾਉਣ ਦਾ ਫ਼ੈਸਲਾ ਲਿਆ ਗਿਆ ਹੈ। ਪਿਛਲੇ ਸਾਲ ਦੀਵਾਲੀ ਤੋਂ ਬਾਅਦ ਨਵੰਬਰ ਮਹੀਨੇ ‘ਚ ਪਹਿਲੀ ਵਾਰ ਨਾਈਟ ਕਰਫ਼ਿਊ ਲਗਾਇਆ ਗਿਆ ਸੀ। ਇਸ ਤੋਂ ਇਲਾਵਾ ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਜਨਤਕ ਥਾਵਾਂ ‘ਤੇ ਲਾਜ਼ਮੀ ਤੌਰ ‘ਤੇ ਮਾਸਕ ਲਗਾਉਣ ਅਤੇ ਸਮਾਜਿਕ ਦੂਰੀਆਂ ਦੇ ਨਿਯਮਾਂ ਦੀ ਪਾਲਣਾ ਕਰਨ।
ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਗੁਜਰਾਤ ‘ਚ ਕੋਰੋਨਾ ਵਾਇਰਸ ਦੇ 890 ਨਵੇਂ ਮਾਮਲੇ ਸਾਹਮਣੇ ਆਏ ਸਨ, ਜਿਸ ਤੋਂ ਬਾਅਦ ਕੁੱਲ ਮਾਮਲੇ ਵੱਧ ਕੇ 2,79,097 ਹੋ ਗਏ। ਇਸ ‘ਚ ਸੂਰਤ ‘ਚ 262, ਅਹਿਮਦਾਬਾਦ ‘ਚ 209, ਵਡੋਦਰਾ ‘ਚ 97 ਅਤੇ ਰਾਜਕੋਟ ‘ਚ 95 ਨਵੇਂ ਕੇਸ ਸ਼ਾਮਲ ਹਨ। ਇਸ ਤੋਂ ਇਲਾਵਾ ਹੋਰ ਜ਼ਿਲ੍ਹਿਆਂ ‘ਚ ਵੀ ਕੋਰੋਨਾ ਵਾਇਰਸ ਦੇ 18 ਤੋਂ 30 ਨਵੇਂ ਮਰੀਜ਼ ਸਾਹਮਣੇ ਆਏ ਸਨ। ਹਾਲਾਂਕਿ ਇਸ ਦੌਰਾਨ ਸੂਬੇ ‘ਚ 594 ਮਰੀਜ਼ਾਂ ਦਾ ਇਲਾਜ ਵੀ ਕੀਤਾ ਗਿਆ। ਹਾਲਾਂਕਿ ਗੁਜਰਾਤ ‘ਚ ਹੁਣ ਤਕ ਕੋਰੋਨਾ ਵਿਸ਼ਾਣੂ ਦੇ 2,69,955 ਮਰੀਜ਼ ਠੀਕ ਹੋ ਚੁੱਕੇ ਹਨ। ਸਿਹਤ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸੂਬੇ ‘ਚ ਕੋਰੋਨਾ ਵਾਇਰਸ ਵਿਰੁੱਧ ਟੀਕਾਕਰਨ ਮੁਹਿੰਮ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ ਅਤੇ ਹੁਣ ਤਕ ਕੁੱਲ 1,07,323 ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ।
ਦੂਜੇ ਪਾਸੇ ਬਿਹਾਰ ਸਰਕਾਰ ਵੀ ਚੌਕਸ ਹੋ ਗਈ ਹੈ। ਕੋਰੋਨਾ ਵਾਇਰਸ ਦੇ ਵੱਧ ਰਹੇ ਕਹਿਰ ਨੂੰ ਵੇਖਦਿਆਂ ਬਿਹਾਰ ‘ਚ ਜਨਤਕ ਥਾਵਾਂ ‘ਤੇ ਹੋਲੀ ਸਮਾਗਮਾਂ ‘ਤੇ ਰੋਕ ਲਗਾਈ ਗਈ ਹੈ। ਬਿਹਾਰ ‘ਚ ਦੂਜੇ ਸੂਬਿਆਂ ਤੋਂ ਆਉਣ ਵਾਲੇ ਲੋਕਾਂ ਦੀ ਕੋਰੋਨਾ ਜਾਂਚ ਵੀ ਕੀਤੀ ਜਾਵੇਗੀ। ਹੋਲੀ ਦੇ ਤਿਉਹਾਰ ਮੌਕੇ ਦੂਜੇ ਸੂਬਿਆਂ ਤੋਂ ਵੱਡੀ ਗਿਣਤੀ ‘ਚ ਬਿਹਾਰ ਦੇ ਲੋਕ ਆਪਣੇ ਘਰ ਪਹੁੰਚਦੇ ਹਨ।

Video Ad
Video Ad