ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨੀ ਪਈ ਮਹਿੰਗੀ – ਮਾਸਕ ਨਾ ਪਾਉਣ ‘ਤੇ 4 ਮੁਸਾਫ਼ਰਾਂ ਨੂੰ ਨੋ-ਫਲਾਈ ਸੂਚੀ ‘ਚ ਪਾਇਆ

ਨਵੀਂ ਦਿੱਲੀ, 17 ਮਾਰਚ (ਹਮਦਰਦ ਨਿਊਜ਼ ਸਰਵਿਸ) : ਏਅਰ ਇੰਡੀਆ ਦੀ ਖੇਤਰੀ ਇਕਾਈ ਆਰਮ ਅਲਾਇੰਸ ਏਅਰ ਨੇ ਵੀਰਵਾਰ ਨੂੰ ਕੋਵਿਡ-19 ਨਿਯਮਾਂ ਦੀ ਪਾਲਣਾ ਨਾ ਕਰਨ ‘ਤੇ 4 ਯਾਤਰੀਆਂ ਨੂੰ ‘ਨੋ-ਫਲਾਈ’ ਸੂਚੀ ‘ਚ ਪਾ ਦਿੱਤਾ। ਬੀਤੀ 16 ਮਾਰਚ ਨੂੰ ਜੰਮੂ ਤੋਂ ਦਿੱਲੀ ਲਈ ਉਡਾਣ ਸਮੇਂ ਪਾਇਲਟ ਅਤੇ ਚਾਲਕ ਦਲ ਵੱਲੋਂ ਵਾਰ-ਵਾਰ ਅਪੀਲਾਂ ਕਰਨ ਦੇ ਬਾਵਜੂਦ ਚਾਰ ਮੁਸਾਫ਼ਰਾਂ ਨੇ ਮਾਸਕ ਪਹਿਨਣ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਇਨ੍ਹਾਂ ਵਿਰੁੱਧ ਕਾਰਵਾਈ ਕੀਤੀ ਗਈ।
ਦਿੱਲੀ ਏਅਰਪੋਰਟ ‘ਤੇ ਲੈਂਡਿੰਗ ਤੋਂ ਬਾਅਦ ਚਾਰੇ ਯਾਤਰੀਆਂ ਨੂੰ ਸੁਰੱਖਿਆ ਏਜੰਸੀਆਂ ਦੇ ਹਵਾਲੇ ਕਰ ਦਿੱਤਾ ਗਿਆ। ਏਅਰਲਾਈਨਸ ਦੇ ਸੂਤਰਾਂ ਨੇ ਦੱਸਿਆ ਕਿ ਪਾਇਲਟ ਕੈਪਟਨ ਵਿਕਾਸ ਤੋਮਰ ਵੱਲੋਂ ਅਪੀਲ ਕਰਨ ਅਤੇ ਚਾਰਾਂ ਲੋਕਾਂ ਵੱਲੋਂ ਮਾਸਕ ਨਾ ਪਹਿਨਣ ਤੇ ਕੋਵਿਡ-19 ਨਿਯਮਾਂ ਦੀ ਪਾਲਣ ਨਾ ਕਰਨ ਦੀ ਸ਼ਿਕਾਇਤ ਮਗਰੋਂ ਇਹ ਕਦਮ ਚੁੱਕਿਆ ਗਿਆ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ(ਡੀਜੀਸੀਏ) ਨੇ ਕੋਵਿਡ-19 ਪ੍ਰੋਟੋਕੋਲ ਦੀ ਉਲੰਘਣਾ ਕਰਨ ਵਾਲੇ ਯਾਤਰੀਆਂ ਲਈ ਇਕ ਸਰਕੂਲਰ ਜਾਰੀ ਕੀਤਾ ਸੀ, ਜੋ ਉਡਾਨ ਦੌਰਾਨ ਵਾਰ-ਵਾਰ ਚਿਤਾਵਨੀ ਦੇਣ ਤੋਂ ਬਾਅਦ ਵੀ ਨਿਯਮਾਂ ਦੀ ਉਲੰਘਣਾ ਕਰਦੇ ਹਨ।
ਤਿੰਨ ਮਹੀਨਿਆਂ ਲਈ ਨੋ-ਫਲਾਈ ਸੂਚੀ ‘ਚ ਰੱਖਿਆ
ਡੀਜੀਸੀਏ ਨੇ ਇਹ ਵੀ ਕਿਹਾ ਕਿ ਅਜਿਹੇ ਯਾਤਰੀਆਂ ਨੂੰ ਘੱਟੋ-ਘੱਟ ਤਿੰਨ ਮਹੀਨਿਆਂ ਲਈ ਨੋ ਫ਼ਲਾਈ ਸੂਚੀ ‘ਚ ਰੱਖਿਆ ਜਾ ਸਕਦਾ ਹੈ। ਜੇ ਜਹਾਜ਼ ‘ਚ ਕੋਈ ਯਾਤਰੀ ਵਾਰ-ਵਾਰ ਚਿਤਾਵਨੀਆਂ ਦੇ ਬਾਅਦ ਵੀ ਮਾਸਕ ਨੂੰ ਪਹਿਨਣ ਤੋਂ ਇਨਕਾਰ ਕਰਦਾ ਹੈ ਤਾਂ ਉਸ ਨੂੰ ਰਵਾਨਗੀ ਤੋਂ ਪਹਿਲਾਂ ਜ਼ਰੂਰਤ ਪੈਣ ‘ਤੇ ਡੀ-ਬੋਰਡ ਕੀਤਾ ਜਾਣਾ ਚਾਹੀਦਾ ਹੈ। ਡੀਜੀਸੀਏ ਨੇ ਪਿਛਲੇ ਹਫ਼ਤੇ ਦਿਸ਼ਾ-ਨਿਰਦੇਸ਼ਾਂ ਨੂੰ ਜਾਰੀ ਕਰਦਿਆਂ ਦਿੱਲੀ ਹਾਈ ਕੋਰਟ ਦੇ ਇਸ ਤੱਥ ਨੂੰ ਨੋਟ ਕੀਤਾ ਸੀ ਕਿ 5 ਮਾਰਚ ਨੂੰ ਕੋਲਕਾਤਾ ਤੋਂ ਨਵੀਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਇਕ ਉਡਾਣ ‘ਚ ਮੁਸਾਫ਼ਰਾਂ ਨੇ ਆਪਣੀ ਠੋਡੀ ਹੇਠ ਮਾਸਕ ਪਾਇਆ ਸੀ।
ਡੀਸੀਜੀਏ ਨੇ ਜਾਰੀ ਕੀਤਾ ਸੀ ਸਰਕੂਲਰ
ਡੀਸੀਜੀਏ ਵੱਲੋਂ ਜਾਰੀ ਸਰਕੂਲਰ ‘ਚ ਕਿਹਾ ਗਿਆ ਸੀ ਕਿ ਹਵਾਈ ਅੱਡੇ ਵਿੱਚ ਦਾਖਲ ਹੋਣ ਤੋਂ ਬਾਅਦ ਰਵਾਨਗੀ ਦੇ ਸਮੇਂ ਤੱਕ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ। ਸਰਕੂਲਰ ‘ਚ ਇਹ ਵੀ ਕਿਹਾ ਗਿਆ ਹੈ ਕਿ ਹਵਾਈ ਯਾਤਰਾ ਦੌਰਾਨ ਸਮਾਜਿਕ ਦੂਰੀਆਂ ਅਤੇ ਕੋਰੋਨਾ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਵਾਲੇ ਯਾਤਰੀਆਂ ਨੂੰ ਹਵਾਈ ਜਹਾਜ਼ ਤੋਂ ਉਤਾਰ ਦਿੱਤਾ ਜਾਵੇਗਾ। ਇਸ ਦੇ ਨਾਲ ਜਿਹੜੇ ਆਪਣੀ ਯਾਤਰਾ ਦੌਰਾਨ ਵਾਰ-ਵਾਰ ਨਿਯਮਾਂ ਦੀ ਉਲੰਘਣਾ ਕਰਦੇ ਪਾਏ ਗਏ ਹਨ, ਉਨ੍ਹਾਂ ਨੂੰ ‘ਬੇਵਕੂਫ (ਉਪਦ੍ਰਵੀ) ਯਾਤਰੀ’ ਐਲਾਨਿਆ ਜਾਵੇਗਾ।

Video Ad

ਡੀਸੀਜੀਓ ਵੱਲੋਂ ਜਾਰੀ ਹਦਾਇਤਾਂ :

  • ਹਵਾਈ ਯਾਤਰਾ ਦੌਰਾਨ ਮਾਸਕ ਪਹਿਨਣਾ, ਸਮਾਜਕ ਦੂਰੀਆਂ ਦੀ ਪਾਲਣਾ ਕਰਨਾ ਲਾਜ਼ਮੀ ਹੈ।
  • ਮਾਸਕ ਨੂੰ ਉਦੋਂ ਤਕ ਨੱਕ ਤੋਂ ਹੇਠਾਂ ਨਹੀਂ ਕੀਤਾ ਜਾ ਸਕਦਾ, ਜਦ ਤੱਕ ਕਿ ਕੋਈ ਅਪਵਾਦ ਦੀਆਂ ਸਥਿਤੀ ਨਾ ਹੋਵੇ।
  • ਹਵਾਈ ਅੱਡੇ ਵਿਚ ਯਾਤਰੀ ਦੇ ਦਾਖਲੇ ਸਮੇਂ ਸੀਆਈਐਸਐਫ ਜਾਂ ਹੋਰ ਪੁਲਿਸ ਮੁਲਾਜ਼ਮ ਇਹ ਸੁਨਿਸ਼ਚਿਤ ਕਰਨਗੇ ਕਿ ਕੋਈ ਵੀ ਮਾਸਕ ਤੋਂ ਬਿਨਾਂ ਅੰਦਰ ਨਾ ਆਵੇ।
  • ਏਅਰਪੋਰਟ ਡਾਇਰੈਕਟਰ/ਟਰਮੀਨਲ ਮੈਨੇਜਰ ਇਹ ਸੁਨਿਸ਼ਚਿਤ ਕਰਨਗੇ ਕਿ ਸਵਾਰੀਆਂ ਨੇ ਹਮੇਸ਼ਾ ਮਾਸਕ ਢੁਕਵੇਂ ਢੰਗ ਨਾਲ ਲਗਾਇਆ ਹੈ। ਇਸਦੇ ਨਾਲ ਹੀ ਯਾਤਰੀ ਸਮਾਜਿਕ ਦੂਰੀਆਂ ਦੇ ਨਿਯਮਾਂ ਦੀ ਸਹੀ ਢੰਗ ਨਾਲ ਪਾਲਣਾ ਕਰਨ।
  • ਜੇ ਕੋਈ ਯਾਤਰੀ ਹਵਾਈ ਅੱਡੇ ਦੇ ਅਹਾਤੇ ਜਾਂ ਜਹਾਜ਼ ਵਿਚ ਕੋਰੋਨਾ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਹੈ ਤਾਂ ਉਸਨੂੰ ਚੇਤਾਵਨੀ ਦੇ ਕੇ ਛੱਡ ਦਿੱਤਾ ਜਾਵੇਗਾ। ਹਾਲਾਂਕਿ, ਸਰਕੂਲਰ ਵਿੱਚ ਕਿਹਾ ਗਿਆ ਹੈ ਕਿ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾ ਸਕਦੀ ਹੈ।
  • ਰਵਾਨਗੀ ਤੋਂ ਪਹਿਲਾਂ ਜਹਾਜ਼ ‘ਚ ਬੈਠੇ ਯਾਤਰੀ ਚਿਤਾਵਨੀ ਤੋਂ ਬਾਅਦ ਵੀ ਮਾਸਕ ਠੀਕ ਢੰਗ ਨਾਲ ਨਹੀਂ ਪਹਿਣਦਾ ਤਾਂ ਉਸ ਨੂੰ ਹੇਠਾਂ ਉਤਾਰ ਦਿੱਤਾ ਜਾਵੇਗਾ।
  • ਉਡਾਣ ਦੌਰਾਨ ਜੇ ਕੋਈ ਵਾਰ-ਵਾਰ ਮਾਸਕ ਪਹਿਨਣ ਤੋਂ ਇਨਕਾਰ ਕਰਦਾ ਹੈ ਅਤੇ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਨਹੀਂ ਕਰਦਾ ਤਾਂ ਉਸ ਨਾਲ ‘ਉਪਦ੍ਰਵੀ (ਪ੍ਰੇਸ਼ਾਨ) ਕਰਨ ਵਾਲਾ ਯਾਤਰੀ’ ਵਾਂਗ ਸਲੂਕ ਕੀਤਾ ਜਾਵੇ।
Video Ad