Home ਕਰੋਨਾ ਕੋਰੋਨਾ ਬਾਰੇ ਕੇਂਦਰ ਸਰਕਾਰ ਦੀ ਚਿਤਾਵਨੀ – ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ, ਵੱਧ ਚੌਕਸ ਰਹਿਣ ਦੀ ਲੋੜ

ਕੋਰੋਨਾ ਬਾਰੇ ਕੇਂਦਰ ਸਰਕਾਰ ਦੀ ਚਿਤਾਵਨੀ – ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ, ਵੱਧ ਚੌਕਸ ਰਹਿਣ ਦੀ ਲੋੜ

0
ਕੋਰੋਨਾ ਬਾਰੇ ਕੇਂਦਰ ਸਰਕਾਰ ਦੀ ਚਿਤਾਵਨੀ – ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ, ਵੱਧ ਚੌਕਸ ਰਹਿਣ ਦੀ ਲੋੜ

ਨਵੀਂ ਦਿੱਲੀ, 31 ਮਾਰਚ (ਹਮਦਰਦ ਨਿਊਜ਼ ਸਰਵਿਸ) : ਕੇਂਦਰ ਸਰਕਾਰ ਨੇ ਸਾਰੇ ਸੂਬਿਆਂ ਨੂੰ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਬਾਰੇ ਚਿਤਾਵਨੀ ਦਿੱਤੀ ਗਈ ਹੈ। ਕੇਂਦਰ ਨੇ ਮੰਗਲਵਾਰ ਨੂੰ ਕਿਹਾ ਕਿ ਦੇਸ਼ ‘ਚ ਕੋਰੋਨਾ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਖ਼ਾਸਕਰ ਕੁਝ ਸੂਬਿਆਂ ਲਈ ਇਹ ਇਕ ਵੱਡੀ ਸਮੱਸਿਆ ਹੈ। ਸਰਕਾਰ ਨੇ ਕਿਹਾ ਕਿ ਪੂਰਾ ਦੇਸ਼ ਖ਼ਤਰੇ ‘ਚ ਹੈ, ਇਸ ਲਈ ਕਿਸੇ ਨੂੰ ਵੀ ਲਾਪਰਵਾਹੀ ਨਹੀਂ ਵਰਤਣੀ ਚਾਹੀਦੀ।
ਸਰਕਾਰ ਨੇ ਕਿਹਾ ਕਿ ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ 10 ਜ਼ਿਲ੍ਹਿਆਂ ‘ਚੋਂ 8 ਮਹਾਰਾਸ਼ਟਰ ਦੇ ਹਨ ਅਤੇ ਦਿੱਲੀ ਨੂੰ ਵੀ ਜ਼ਿਲ੍ਹੇ ਵਜੋਂ ਇਸ ਸੂਚੀ ‘ਚ ਸ਼ਾਮਲ ਕੀਤਾ ਗਿਆ ਹੈ। ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਦੱਸਿਆ ਕਿ ਜਿਨ੍ਹਾਂ 10 ਜ਼ਿਲ੍ਹਿਆਂ ‘ਚ ਸਭ ਤੋਂ ਵੱਧ ਐਕਟਿਵ ਮਾਮਲੇ ਹਨ, ਉਨ੍ਹਾਂ ‘ਚ ਪੁਣੇ (59,475), ਮੁੰਬਈ (46,248), ਨਾਗਪੁਰ (45,322), ਠਾਣੇ (35,264), ਨਾਸਿਕ (26,553), ਔਰੰਗਾਬਾਦ (21,282), ਬੰਗਲੁਰੂ (16,259), ਨਾਂਦੇੜ (15,171), ਦਿੱਲੀ (8,032) ਅਤੇ ਅਹਿਮਦਨਗਰ (7,952) ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਦਿੱਲੀ ‘ਚ ਤਕਨੀਕੀ ਤੌਰ ‘ਤੇ ਬਹੁਤ ਸਾਰੇ ਜ਼ਿਲ੍ਹੇ ਹਨ, ਪਰ ਇਸ ਨੂੰ ਇੱਕ ਜ਼ਿਲ੍ਹੇ ਵਜੋਂ ਲਿਆ ਗਿਆ ਹੈ।
ਨੀਤੀ ਆਯੋਗ ਮੈਂਬਰ (ਸਿਹਤ) ਵੀ.ਕੇ. ਪੌਲ ਨੇ ਕਿਹਾ ਕਿ ਅਸੀਂ ਬਹੁਤ ਗੰਭੀਰ ਅਤੇ ਖ਼ਤਰਨਾਕ ਸਥਿਤੀ ‘ਚੋਂ ਲੰਘ ਰਹੇ ਹਾਂ, ਖ਼ਾਸਕਰ ਕੁਝ ਜ਼ਿਲ੍ਹਿਆਂ ‘ਚ। ਪਰ ਪੂਰਾ ਦੇਸ਼ ਖ਼ਤਰੇ ‘ਚ ਹੈ, ਇਸ ਲਈ ਸਾਨੂੰ ਵਾਇਰਸ ਦੀ ਚੇਨ ਤੋੜਨ ਅਤੇ ਜਾਨਾਂ ਬਚਾਉਣ ਲਈ ਕਾਫ਼ੀ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ। ਉਨ੍ਹਾਂ ਚਿਤਾਵਨੀ ਦਿੱਤੀ ਕਿ ਹਸਪਤਾਲ ਤੇ ਆਈਸੀਯੂ ਨਾਲ ਸਬੰਧਤ ਤਿਆਰੀਆਂ ਨੂੰ ਪੁਖਤਾ ਰੱਖਣਾ ਪਵੇਗਾ। ਜੇ ਮਾਮਲੇ ਇਸੇ ਤੇਜ਼ੀ ਨਾਲ ਵੱਧਦੇ ਰਹੇ ਤਾਂ ਸਿਹਤ ਪ੍ਰਣਾਲੀ ਵਿਗੜ ਜਾਵੇਗੀ।
ਵੀ.ਕੇ. ਪੌਲ ਨੇ ਕਿਹਾ ਕਿ ਜ਼ਿਆਦਾਤਰ ਸੂਬਿਆਂ ‘ਚ ਆਈਸੋਲੇਸ਼ਨ ਸਹੀ ਤਰ੍ਹਾਂ ਨਹੀਂ ਹੋ ਰਿਹਾ ਹੈ। ਲੋਕਾਂ ਨੂੰ ਘਰਾਂ ‘ਚ ਹੀ ਆਈਸੋਲੇਟ ਜਾਂ ਕੁਆਰੰਟੀਨ ਕਰਨ ਲਈ ਕਹਿ ਦਿੱਤਾ ਜਾਂਦਾ ਹੈ, ਪਰ ਉਨ੍ਹਾਂ ਦੀ ਨਿਗਰਾਨੀ ਸਹੀ ਤਰੀਕੇ ਨਾਲ ਨਹੀਂ ਹੋ ਰਹੀ ਹੈ। ਸੂਬਿਆਂ ‘ਚ ਕੇਸਾਂ ਦੀ ਗਤੀ ਤੇਜ਼ੀ ਨਾਲ ਵੱਧ ਰਹੀ ਹੈ, ਪਰ ਉਸ ਮੁਤਾਬਕ ਟੈਸਟ ਨਹੀਂ ਹੋ ਰਹੇ ਹਨ। ਕਾਂਟੈਕਟ ਟ੍ਰੇਸਿੰਗ ‘ਚ ਕਮੀ ਆਈ ਹੈ।

ਮਹਾਰਾਸ਼ਟਰ-ਪੰਜਾਬ ‘ਚ ਪਾਜ਼ੀਟਿਵਿਟੀ ਦਰ ‘ਚ ਵਾਧਾ
ਸਿਹਤ ਮੰਤਰਾਲੇ ਅਨੁਸਾਰ ਮਹਾਰਾਸ਼ਟਰ, ਪੰਜਾਬ, ਛੱਤੀਸਗੜ੍ਹ, ਮੱਧ ਪ੍ਰਦੇਸ਼, ਤਾਮਿਲਨਾਡੂ, ਕਰਨਾਟਕ, ਗੁਜਰਾਤ ਅਤੇ ਦਿੱਲੀ ‘ਚ ਪਿਛਲੇ ਦਿਨਾਂ ‘ਚ ਨਵੇਂ ਕੇਸਾਂ ‘ਚ ਵਾਧਾ ਹੋਇਆ ਹੈ। ਇਸ ਮਿਆਦ ਦੌਰਾਨ ਔਸਤਨ ਪਾਜ਼ੀਟਿਵਿਟੀ ਦਰ ‘ਚ ਵਾਧਾ ਦਰਜ ਕੀਤਾ ਗਿਆ ਹੈ। ਨਾਲ ਹੀ ਕੁਝ ਸੂਬਿਆਂ ‘ਚ ਪਾਜ਼ੀਟਿਵਿਟੀ ਦਰ ਭਾਰਤ ਦੀ ਔਸਤ ਨਾਲੋਂ ਵੱਧ ਹੈ। ਭਾਰਤ ਦੀ ਔਸਤਨ ਪਾਜ਼ੀਟਿਵਿਟੀ ਦਰ 5.65% ਹੈ, ਜਦਕਿ ਇਨ੍ਹਾਂ ਸੂਬਿਆਂ ‘ਚ ਇਸ ਨਾਲੋਂ ਵੱਧ ਦਰ ਹੈ। ਮਹਾਰਾਸ਼ਟਰ ‘ਚ 23.44%, ਪੰਜਾਬ ‘ਚ 8.82%, ਛੱਤੀਸਗੜ੍ਹ ‘ਚ 8.24% ਅਤੇ ਮੱਧ ਪ੍ਰਦੇਸ਼ ‘ਚ 7.82% ਦੀ ਲਾਗ ਨਾਲ ਲਾਗ ਦੇ ਮਾਮਲੇ ਵੱਧ ਰਹੇ ਹਨ।

ਕੋਵੈਕਸੀਨ ਅਤੇ ਕੋਵਿਸ਼ੀਲਡ ਬ੍ਰਾਜ਼ੀਲ ਅਤੇ ਬ੍ਰਿਟੇਨ ਵੇਰੀਐਂਟ ‘ਤੇ ਵੀ ਪ੍ਰਭਾਵਸ਼ਾਲੀ
ਕੇਂਦਰ ਸਰਕਾਰ ਨੇ ਕਿਹਾ ਹੈ ਕਿ ਕੋਰੋਨਾ ਲਾਗ ਦੇ ਖ਼ਤਰਨਾਕ ਬ੍ਰਿਟੇਨ ਅਤੇ ਬ੍ਰਾਜ਼ੀਲੀਅਨ ਵੇਰੀਐਂਟ ਵਿਰੁੱਧ ਕੋਵੈਕਸੀਨ ਅਤੇ ਕੋਵਿਸ਼ੀਲਡ ਟੀਕਾ ਪ੍ਰਭਾਵਸ਼ਾਲੀ ਹੈ। ਸਰਕਾਰ ਨੇ ਕਿਹਾ ਕਿ ਦੱਖਣ ਅਫ਼ਰੀਕੀ ਵੇਰੀਐਂਟ ਉੱਤੇ ਰਿਸਰਚ ਜਾਰੀ ਹੈ। ਇਸ ਦੇ ਨਤੀਜੇ ਛੇਤੀ ਹੀ ਸਾਹਮਣੇ ਆ ਜਾਣਗੇ।