Home ਨਜ਼ਰੀਆ ਕੋਰੋਨਾ ਬਾਰੇ ਪੀਐਮ ਮੋਦੀ ਨੇ ਮੁੱਖ ਮੰਤਰੀਆਂ ਨਾਲ ਕੀਤੀ ਵਿਚਾਰ-ਚਰਚਾ

ਕੋਰੋਨਾ ਬਾਰੇ ਪੀਐਮ ਮੋਦੀ ਨੇ ਮੁੱਖ ਮੰਤਰੀਆਂ ਨਾਲ ਕੀਤੀ ਵਿਚਾਰ-ਚਰਚਾ

0
ਕੋਰੋਨਾ ਬਾਰੇ ਪੀਐਮ ਮੋਦੀ ਨੇ ਮੁੱਖ ਮੰਤਰੀਆਂ ਨਾਲ ਕੀਤੀ ਵਿਚਾਰ-ਚਰਚਾ

ਨਵੀਂ ਦਿੱਲੀ, 8 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਇਕ ਵਾਰ ਫਿਰ ਕੋਰੋਨਾ ਵਾਇਰਸ ਨੂੰ ਲੈ ਕੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਤੋਂ ਬਾਅਦ ਪੀਐਮ ਮੋਦੀ ਨੇ ਕਿਹਾ, “ਕੋਰੋਨਾ ਕਰਫ਼ਿਊ ਲੋਕਾਂ ਨੂੰ ਜਾਗਰੂਕ ਕਰ ਰਿਹਾ ਹੈ। ਸਾਨੂੰ ਇਸ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ। ਹੁਣ ਮਾਈਕ੍ਰੋ ਕੰਟੇਨਮੈਂਟ ਜ਼ੋਨ ਵੱਲ ਧਿਆਨ ਦਿਓ। ਸਰਕਾਰ ਨੂੰ ਇਸ ‘ਚ ਹੋਰ ਸਖ਼ਤ ਮਿਹਨਤ ਕਰਨੀ ਪਵੇਗੀ ਅਤੇ ਇਸ ਸਖ਼ਤ ਮਿਹਨਤ ਆਪਣਾ ਅਸਰ ਵੀ ਵਿਖਾਏਗੀ। ਅਸੀਂ ਪਿਛਲੀ ਵਾਰ 10 ਲੱਖ ਐਕਟਿਵ ਕੇਸ ਵੇਖੇ ਹਨ। ਸਾਨੂੰ ਉਸ ‘ਤੇ ਸਫ਼ਲਤਾ ਮਿਲੀ ਸੀ। ਹੁਣ ਸਾਡੇ ਕੋਲ ਤਜ਼ਰਬਾ ਤੇ ਸਰੋਤ ਦੋਵੇਂ ਹਨ। ਅਸੀਂ ਇਸ ਵਾਇਰਸ ਨੂੰ ਰੋਕ ਸਕਦੇ ਹਾਂ।”

ਪ੍ਰਧਾਨ ਮੰਤਰੀ ਨੇ ਕਿਹਾ, “ਮੈਂ ਸਾਰੇ ਮੁੱਖ ਮੰਤਰੀਆਂ ਨੂੰ ਅਪੀਲ ਕਰ ਰਿਹਾ ਹਾਂ ਕਿ ਤੁਸੀਂ ਮਸ਼ੀਨਰੀ ਜ਼ਰੀਏ ਸਰਵੇਖਣ ਕਰੋ। ਪਹਿਲਾਂ ਕੋਰੋਨਾ ਦੇ ਹਲਕੇ ਲੱਛਣ ਤੋਂ ਲੋਕ ਡਰ ਜਾਂਦੇ ਸਨ। ਇਨ੍ਹੀਂ ਦਿਨੀਂ ਲੋਕ ਸਮਝ ਰਹੇ ਹਨ ਕਿ ਜੁਕਾਮ ਹੋ ਗਿਆ ਹੈ। ਉਹ ਪਰਿਵਾਰ ਨਾਲ ਪਹਿਲਾਂ ਵਾਂਗ ਜ਼ਿੰਦਗੀ ਬਤੀਤ ਕਰ ਰਹੇ ਹਨ। ਇਸ ਨਾਲ ਪੂਰਾ ਪਰਿਵਾਰ ਲਪੇਟ ‘ਚ ਆ ਜਾਂਦਾ ਹੈ। ਇਸ ਦਾ ਮੂਲ ਕਾਰਨ ਇਹ ਹੈ ਕਿ ਕੋਈ ਲੱਛਣ ਨਹੀਂ ਹਨ। ਇਸ ਦੇ ਲਈ ਪ੍ਰੋ ਕਟਿਵ ਟੈਸਟਿੰਗ ਦੀ ਲੋੜ ਹੈ। ਜਿੰਨੀ ਵੱਧ ਟੈਸਟਿੰਗ ਅਸੀਂ ਕਰਾਂਗੇ, ਓਨੇ ਹੀ ਲੋਕ ਸਾਹਮਣੇ ਆਉਣਗੇ। ਇਸ ਤਰ੍ਹਾਂ ਅਸੀਂ ਪਰਿਵਾਰ ਨੂੰ ਬਚਾ ਸਕਦੇ ਹਾਂ। ਟੀਕੇ ਤੋਂ ਜ਼ਿਆਦਾ ਟੈਸਟਿੰਗ ਦੀ ਵੱਧ ਲੋੜ ਹੈ। ਸਾਨੂੰ ਖੁਦ ਟੈਸਟਿੰਗ ਕਰਵਾਉਣ ਜਾਣਾ ਹੈ। ਲੋਕਾਂ ਦਾ ਇੰਤਜ਼ਾਰ ਨਹੀਂ ਕਰਨਾ ਹੈ।”

ਮੋਦੀ ਨੇ ਕਿਹਾ, “ਕੋਰੋਨਾ ਇਕ ਅਜਿਹੀ ਚੀਜ਼ ਹੈ ਕਿ ਜਦੋਂ ਤਕ ਤੁਸੀਂ ਇਸ ਨੂੰ ਘਰ ਨਹੀਂ ਲਿਆਉਂਦੇ ਉਦੋਂ ਤਕ ਨਹੀਂ ਆਵੇਗਾ। ਟੈਸਟਿੰਗ ਤੇ ਟ੍ਰੈਕਿੰਗ ਦੀ ਬਹੁਤ ਜ਼ਰੂਰਤ ਹੈ। ਇਸ ਨੂੰ ਹਲਕੇ ਤਰੀਕੇ ਨਾਲ ਨਾ ਲਓ। 70% ਆਰਟੀਪੀਸੀਆਰ ਟੈਸਟ ਹੋਣਾ ਜ਼ਰੂਰੀ ਹੈ। ਮੇਰੇ ਕੋਲ ਸ਼ਿਕਾਇਤ ਆਈ ਹੈ ਕਿ ਟੈਸਟ ‘ਚ ਲਾਪਰਵਾਹੀ ਹੋ ਰਹੀ ਹੈ। ਇਸ ਨੂੰ ਰੋਕਣਾ ਹੋਵੇਗਾ। ਟੈਸਟ ਲਈ ਸੈਂਪਲ ਸਹੀ ਤਰੀਕੇ ਨਾਲ ਲੈਣਾ ਚਾਹੀਦਾ ਹੈ। ਜਿਹੜੇ ਸੂਬਿਆਂ ‘ਚ ਲਾਪਰਵਾਹੀ ਹੋ ਰਹੀ ਹੈ, ਉਨ੍ਹਾਂ ਨੂੰ ਇਸ ਨੂੰ ਰੋਕਣਾ ਚਾਹੀਦਾ ਹੈ। ਜੇ ਕੋਈ ਪਾਜ਼ੀਟਿਵ ਕੇਸ ਹੋਵੇਗਾ ਤਾਂ ਇਲਾਜ ਹੋਵੇਗਾ। ਜੇ ਅਜਿਹਾ ਨਹੀਂ ਹੋਵੇਗਾ ਤਾਂ ਮਰੀਜ਼ ਆਪਣੇ ਪਰਿਵਾਰ ਨੂੰ ਇਹ ਬਿਮਾਰੀ ਦੇ ਸਕਦਾ ਹੈ। ਕੁਝ ਲੈਬ ਟੈਸਟ ਰਿਪੋਰਟਾਂ ਵੀ ਵੱਖ-ਵੱਖ ਦੇ ਰਹੀਆਂ ਹਨ। ਇਹ ਕਮੀ ਹੈ। ਇਸ ‘ਚ ਸੁਧਾਰ ਕਰਨਾ ਹੋਵੇਗਾ।”

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੰਟੇਨਮੈਂਟ ਜ਼ੋਨ ‘ਚ ਟੈਸਟਿੰਗ ‘ਤੇ ਬਹੁਤ ਜ਼ੋਰ ਦੇਣਾ ਹੈ। ਇੱਥੇ ਇਕ ਵੀ ਵਿਅਕਤੀ ਟੈਸਟ ਤੋਂ ਬਗੈਰ ਨਹੀਂ ਛੱਡਿਆ ਜਾਣਾ ਚਾਹੀਦਾ। ਟ੍ਰੈਕਿੰਗ ਲਈ ਪ੍ਰਸ਼ਾਸਕੀ ਪੱਧਰ ‘ਤੇ ਬਹੁਤ ਜ਼ਿਆਦਾ ਤੇਜ਼ੀ ਦੀ ਲੋੜ ਹੈ। 72 ਘੰਟੇ ‘ਚ 30 ਕਾਂਟੈਕਟ ਟ੍ਰੇਸਿੰਗ ਤੋਂ ਟਾਰਗੈਟ ਘੱਟ ਨਹੀਂ ਹੋਣਾ ਚਾਹੀਦਾ। ਕੰਟੇਨਮੈਂਟ ਜ਼ੋਨ ਦੀਆਂ ਸੀਮਾਵਾਂ ਵੀ ਨਿਰਧਾਰਤ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਉਸ ਖੇਤਰ ਨੂੰ ਸੀਲ ਕਰੋ ਜਿੱਥੇ ਕੇਸ ਹਨ।

ਮੋਦੀ ਨੇ ਕਿਹਾ ਕਿ ਏਮਜ਼ ਦਿੱਲੀ ਹਰ ਮੰਗਲਵਾਰ ਅਤੇ ਸ਼ੁੱਕਰਵਾਰ ਨੂੰ ਵੈਬਿਨਾਰਾਂ ਦੀ ਮੇਜ਼ਬਾਨੀ ਕਰਦੀ ਹੈ। ਇਹ ਲਗਾਤਾਰ ਹੋਣਾ ਚਾਹੀਦਾ ਹੈ। ਸਾਰੇ ਹਸਪਤਾਲ ਇਸ ਨਾਲ ਜੁੜੇ ਰਹਿੰਦੇ ਹਨ। ਐਂਬੂਲੈਂਸਾਂ, ਵੈਂਟੀਲੇਟਰ ਅਤੇ ਆਕਸੀਜਨ ਦੀ ਸਮੀਖਿਆ ਵੀ ਜ਼ਰੂਰੀ ਹੈ। ਇਸ ਮੀਟਿੰਗ ‘ਚ ਟੀਕਾਕਰਨ ਦੇ ਕਈ ਨੁਕਤੇ ਸਾਹਮਣੇ ਆਏ। ਦੁਨੀਆ ਦੇ ਵੱਡੇ ਦੇਸ਼ਾਂ ਨੇ ਟੀਕਾਕਰਨ ਲਈ ਮਾਪਦੰਡ ਵੀ ਤੈਅ ਕੀਤੇ ਹਨ। ਭਾਰਤ ਉਨ੍ਹਾਂ ਤੋਂ ਵੱਖ ਨਹੀਂ ਹੈ।