Home ਤਾਜ਼ਾ ਖਬਰਾਂ ਕੋਰੋਨਾ ਮੁਕਤ ਹੋਇਆ ਉੱਤਰ ਕੋਰੀਆ : ਕੀਤਾ ਦਾਅਵਾ

ਕੋਰੋਨਾ ਮੁਕਤ ਹੋਇਆ ਉੱਤਰ ਕੋਰੀਆ : ਕੀਤਾ ਦਾਅਵਾ

0
ਕੋਰੋਨਾ ਮੁਕਤ ਹੋਇਆ ਉੱਤਰ ਕੋਰੀਆ : ਕੀਤਾ ਦਾਅਵਾ

ਸਿਓਲ, 7 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਤਾਨਾਸ਼ਾਹ ਕਿਮ ਜੋਂਗ ਉਨ ਦਾ ਦੇਸ਼ ਉੱਤਰ ਕੋਰੀਆ ਕੋਰੋਨਾ ਮੁਕਤ ਹੋ ਗਿਆ ਹੈ। ਇਸ ਸਬੰਧੀ ਦਾਅਵਾ ਕਰਦੇ ਹੋਏ ਇੱਕ ਰਿਪੋਰਟ ਵਿਸ਼ਵ ਸਿਹਤ ਸੰਗਠਨ ਨੂੰ ਸੌਂਪੀ ਗਈ ਹੈ।
ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਉਤਰ ਕੋਰੀਆ ਵਿੱਚ ਕੋਰੋਨਾ ਦਾ ਹੁਣ ਤੱਕ ਇੱਕ ਵੀ ਮਾਮਲਾ ਨਹੀਂ ਆਇਆ ਹੈ ਤੇ ਉਸ ਦਾ ਰਿਕਾਰਡ ਕਾਇਮ ਹੈ। ਦੱਸ ਦੇਈਏ ਕਿ ਕੋਰੋਨਾ ਮਹਾਂਮਾਰੀ ਦੀ ਸ਼ੁਰੂਆਤ ਨੂੰ ਇਕ ਸਾਲ ਤੋਂ ਜ਼ਿਆਦਾ ਦਾ ਸਮਾਂ ਲੰਘ ਚੁੱਕਾ ਹੈ ਤੇ ਹੁਣ ਤੱਕ ਉੱਤਰ ਕੋਰੀਆ ਨੇ ਆਪਣੀ ਕੋਸ਼ਿਸ਼ਾਂ ਦੇ ਬਦੌਲਤ ਖ਼ਤਰਨਾਕ ਵਾਇਰਸ ਤੋਂ ਦੂਰੀ ਬਰਕਰਾਰ ਰੱਖੀ ਹੈ। ਇਸ ਲੜੀ ’ਚ ਇਸ ਨੇ ਆਪਣੀਆਂ ਸਰਹੱਦਾਂ ਨੂੰ ਬੰਦ ਕਰ ਦਿੱਤਾ, ਸੈਰ-ਸਪਾਟੇ ’ਤੇ ਰੋਕ ਲਾ ਦਿੱਤੀ ਤੇ ਦੂਜੇ ਮੁਲਕਾਂ ਦੇ ਡਿਪਲੋਮੈਟ ਨੂੰ ਬਾਹਰ ਕਰ ਦਿੱਤਾ ਸੀ। ਇਸ ਤੋਂ ਇਲਾਵਾ ਸਰਹੱਦ ਪਾਰ ਟ੍ਰੈਫਿਕ ਨੂੰ ਲਗਭਗ ਬੰਦ ਕਰ ਦਿੱਤਾ। ਮਹਾਂਮਾਰੀ ਦੇ ਲੱਛਣ ਦਿਖਦਿਆਂ ਹੀ ਹਜ਼ਾਰਾਂ ਲੋਕਾਂ ਨੂੰ ਕੁਆਰੰਟਾਈਨ ਕਰ ਦਿੱਤਾ ਪਰ ਇਸ ਤੋਂ ਬਾਅਦ ਵੀ ਉੱਤਰ ਕੋਰੀਆ ਦਾ ਕਹਿਣਾ ਹੈ ਕਿ ਉਸ ਦੇ ਦੇਸ਼ ’ਚ ਕੋਵਿਡ-19 ਦਾ ਇਕ ਵੀ ਮਾਮਲਾ ਸਾਹਮਣੇ ਨਹੀਂ ਆਇਆ। ਉੱਤਰ ਕੋਰੀਆ ਦੇ ਇਸ ਦਾਅਵੇ ’ਤੇ ਭਰੋਸਾ ਕਰਨਾ ਮੁਸ਼ਕਲ ਹੈ ਕਿਉਂਕਿ ਉੱਤਰ ਕੋਰੀਆ ਦੀ ਸਿਹਤ ਵਿਵਸਥਾ ਚੰਗੀ ਨਹੀਂ ਹੈ ਤੇ ਦੇਸ਼ ਦਾ ਕਾਰੋਬਾਰ ਵੀ ਮਹਾਂਮਾਰੀ ਨਾਲ ਜੂਝ ਰਹੇ ਚੀਨ ਨਾਲ ਹੈ ਤੇ ਇਹ ਕਾਰੋਬਾਰ ਉਸ ਦੀ ਅਰਥਵਿਵਸਥਾ ਲਈ ਜੀਵਨ ਰੇਖਾ ਦੇ ਸਮਾਨ ਹੈ। ਬੁੱਧਵਾਰ ਨੂੰ ਉੱਤਰ ਕੋਰੀਆ ਨੇ ਕਿਹਾ ਕਿ ਉਸ ਨੇ ਮਹਾਂਮਾਰੀ ਦੀ ਸ਼ੁਰੂਆਤ ਤੋਂ ਇੱਕ ਅਪ੍ਰੈਲ ਤੱਕ 23 ਹਜ਼ਾਰ 121 ਲੋਕਾਂ ਦੀ ਜਾਂਚ ਕੀਤੀ ਹੈ, ਪਰ ਇਨ੍ਹਾਂ ’ਚ ਕਿਸੇ ਵੀ ਵਿਅਕਤੀ ਦੀ ਰਿਪੋਰਟ ਕੋਰੋਨਾ ਪੌਜ਼ੀਟਿਵ ਨਹੀਂ ਆਈ।