ਨਵੀਂ ਦਿੱਲੀ, 23 ਮਾਰਚ (ਹਮਦਰਦ ਨਿਊਜ਼ ਸਰਵਿਸ) : ਭਾਰਤ ‘ਚ ਇਕ ਵਾਰ ਫਿਰ ਕੋਰੋਨਾ ਵਾਇਰਸ ਦੇ ਕੇਸਾਂ ‘ਚ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ। ਅਜਿਹੀ ਸਥਿਤੀ ‘ਚ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਐਵੀਏਸ਼ਨ (ਡੀਜੀਸੀਏ) ਨੇ ਸਾਰੀਆਂ ਕੌਮਾਂਤਰੀ ਉਡਾਣਾਂ ਲਈ ਲਾਗੂ ਮੁਅੱਤਲੀ ਨੂੰ 30 ਅਪ੍ਰੈਲ 2021 ਤਕ ਵਧਾ ਦਿੱਤਾ ਹੈ। ਇਸ ਦਾ ਮਤਲਬ ਅਗਲੇ ਮਹੀਨੇ ਦੇ ਅੰਤ ਤਕ ਸਾਰੀਆਂ ਕੌਮਾਂਤਰੀ ਉਡਾਣਾਂ ‘ਤੇ ਪਾਬੰਦੀ ਲਗਾਈ ਗਈ ਹੈ। ਨਾਲ ਹੀ ਡੀ.ਸੀ.ਸੀ.ਏ. ਦਫ਼ਤਰ ਨੇ ਕਿਹਾ ਹੈ ਕਿ ਜੇਕਰ ਜ਼ਰੂਰਤ ਮਹਿਸੂਸ ਪਈ ਤਾਂ ਸਬੰਧਤ ਅਥਾਰਟੀ ਦੀ ਮਨਜ਼ੂਰੀ ਨਾਲ ਕੁਝ ਕੌਮਾਂਤਰੀ ਰੂਟਾਂ ‘ਤੇ ਉਡਾਣਾਂ ਦਾ ਸੰਚਾਲਨ ਕੀਤਾ ਜਾ ਸਕਦਾ ਹੈ।
ਫ਼ਰਵਰੀ ਦੇ ਅਖੀਰ ‘ਚ ਕੇਂਦਰੀ ਸਿਹਤ ਮੰਤਰਾਲੇ ਨੇ ਕਈ ਦੇਸ਼ਾਂ ਤੋਂ ਆਉਣ ਵਾਲੀਆਂ ਉਡਾਣਾਂ ਅਤੇ ਯਾਤਰੀਆਂ ਲਈ ਸੋਧੇ ਦਿਸ਼ਾ-ਨਿਰਦੇਸ਼ਾਂ ਦਾ ਇਕ ਸੈਟ ਜਾਰੀ ਕੀਤਾ। ਇਹ ਦਿਸ਼ਾ-ਨਿਰਦੇਸ਼ ਬ੍ਰਿਟੇਨ, ਯੂਰਪ ਅਤੇ ਮੱਧ ਪੂਰਬ ਤੋਂ ਉਡਾਣਾਂ ਰਾਹੀਂ ਆਉਣ ਵਾਲੇ ਸਾਰੇ ਅੰਤਰਰਾਸ਼ਟਰੀ ਯਾਤਰੀਆਂ ਲਈ ਲਾਗੂ ਕੀਤੇ ਗਏ ਸਨ। ਨਵੀਂ ਸਟੈਂਡਰਡ ਆਪ੍ਰੇਟਿੰਗ ਪ੍ਰਕਿਰਿਆ (ਐਸਓਪੀ) 22 ਫ਼ਰਵਰੀ 2021 ਤੋਂ ਲਾਗੂ ਕੀਤੀ ਗਈ ਸੀ। ਹੁਣ ਵਿਦੇਸ਼ਾਂ ‘ਚ ਕੋਰੋਨਾ ਵਾਇਰਸ ਦੇ ਨਵੇਂ ਦਬਾਅ ਦੇ ਵਧਣ ਨਾਲ ਭਾਰਤ ‘ਚ ਪਾਜ਼ੀਟਿਵ ਮਾਮਲਿਆਂ ਦੀ ਵੱਧ ਰਹੀ ਗਿਣਤੀ ਦੇ ਮੱਦੇਨਜ਼ਰ ਕੌਮਾਂਤਰੀ ਉਡਾਣਾਂ ‘ਤੇ ਆਰਜ਼ੀ ਪਾਬੰਦੀ ਲਗਾਈ ਗਈ ਹੈ।
ਸਿਹਤ ਮੰਤਰਾਲੇ ਦੁਆਰਾ 22 ਫ਼ਰਵਰੀ ਤੋਂ ਲਾਗੂ ਨਿਯਮਾਂ ਦੇ ਅਨੁਸਾਰ ਸਾਰੇ ਅੰਤਰਰਾਸ਼ਟਰੀ ਯਾਤਰੀਆਂ ਨੂੰ ਨਿਯਮਿਤ ਯਾਤਰਾ ਤੋਂ ਪਹਿਲਾਂ ਕੋਇਡ ਲਈ ਇਕ ਸਵੈ-ਘੋਸ਼ਣਾ ਪੱਤਰ (ਐਸਡੀਐਫ) ਜਮਾਂ ਕਰਨਾ ਪੈਂਦਾ ਸੀ। ਯਾਤਰੀਆਂ ਨੂੰ ਆlਨਲਾਈਨ ਪੋਰਟਲ www.newdelhiairport.in ‘ਤੇ ਇਕ ਨੈਗੇਟਿਵ ਕੋਵਿਡ-19 ਆਰਟੀ-ਪੀਸੀਆਰ ਰਿਪੋਰਟ ਵੀ ਅਪਲੋਡ ਕਰਨੀ ਹੁੰਦੀ ਸੀ। ਨਾਲ ਹੀ ਯਾਤਰੀਆਂ ਨੂੰ ਬੋਰਡਿੰਗ ਸਮੇਂ ਥਰਮਲ ਸਕ੍ਰੀਨਿੰਗ ਤੋਂ ਬਾਅਦ ਹੀ ਉਡਾਣ ‘ਚ ਸਵਾਰ ਹੋਣ ਦੀ ਮਨਜੂਰੀ ਦਿੱਤੀ ਜਾਂਦੀ ਸੀ।

