Home ਕਰੋਨਾ ਕੋਰੋਨਾ ਵਾਇਰਸ ਕਾਰਨ ਪਾਕਿਸਤਾਨ ਨੇ 12 ਦੇਸ਼ਾਂ ਦੀਆਂ ਉਡਾਣਾਂ ‘ਤੇ ਲਗਾਈ ਪਾਬੰਦੀ

ਕੋਰੋਨਾ ਵਾਇਰਸ ਕਾਰਨ ਪਾਕਿਸਤਾਨ ਨੇ 12 ਦੇਸ਼ਾਂ ਦੀਆਂ ਉਡਾਣਾਂ ‘ਤੇ ਲਗਾਈ ਪਾਬੰਦੀ

0
ਕੋਰੋਨਾ ਵਾਇਰਸ ਕਾਰਨ ਪਾਕਿਸਤਾਨ ਨੇ 12 ਦੇਸ਼ਾਂ ਦੀਆਂ ਉਡਾਣਾਂ ‘ਤੇ ਲਗਾਈ ਪਾਬੰਦੀ

ਮੁੰਬਈ, 21 ਮਾਰਚ (ਹਮਦਰਦ ਨਿਊਜ਼ ਸਰਵਿਸ) : ਪਾਕਿਸਤਾਨ ‘ਚ ਇਕ ਵਾਰ ਫਿਰ ਕੋਰੋਨਾ ਵਾਇਰਸ ਨੇ ਜ਼ੋਰ ਫੜ ਲਿਆ ਹੈ। ਦੇਸ਼ ‘ਚ 8 ਮਹੀਨਿਆਂ ਬਾਅਦ ਸਭ ਤੋਂ ਵੱਧ ਕੇਸ ਦਰਜ ਕੀਤੇ ਗਏ ਹਨ। ਪਾਕਿਸਤਾਨ ਨੇ ਕੋਰੋਨਾ ਲਾਗ ਦੇ ਮਾਮਲਿਆਂ ‘ਚ ਵਾਧੇ ਦੇ ਮੱਦੇਨਜ਼ਰ ਕੋਵਿਡ-19 ਸਟੈਂਡਰਡ ਆਪ੍ਰੇਟਿੰਗ ਪ੍ਰਕਿਰਿਆਵਾਂ (ਐਸਓਪੀਜ਼) ਤਹਿਤ ਦੱਖਣੀ ਅਫ਼ਰੀਕਾ, ਰਵਾਂਡਾ ਅਤੇ ਤਨਜ਼ਾਨੀਆ ਸਮੇਤ 12 ਅਫ਼ਰੀਕੀ ਦੇਸ਼ਾਂ ਦੀ ਯਾਤਰਾ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਬ੍ਰਿਟੇਨ ਤੋਂ ਆਉਣ ਵਾਲੀਆਂ ਉਡਾਣਾਂ ਉੱਤੇ ਪਾਬੰਦੀ ਨੂੰ ਘੱਟ ਕਰ ਦਿੱਤਾ ਗਿਆ ਹੈ।
ਪਾਕਿਸਤਾਨ ‘ਚ ਕੋਰੋਨਾ ਵਾਇਰਸ ਦੇ ਦੱਖਣੀ ਅਫ਼ਰੀਕਾ ਅਤੇ ਬ੍ਰਾਜ਼ੀਲ ਜਿਹੇ ਰੂਪ ਉਭਰਨ ਤੋਂ ਬਾਅਦ ਸਿਵਲ ਏਵੀਏਸ਼ਨ ਅਥਾਰਟੀ (ਸੀਏਏ) ਨੇ ਦੇਸ਼ਾਂ ਦੀ ਨਵੀਂ ਸੂਚੀ ਅਧਿਸੂਚਿਤ ਕੀਤੀ ਹੈ, ਜਿਨ੍ਹਾਂ ‘ਚ ਦੇਸ਼ਾਂ ਨੂੰ ਏ, ਬੀ ਅਤੇ ਸੀ ਕੈਟਾਗਰੀਆਂ ‘ਚ ਵੰਡਿਆ ਗਿਆ ਹੈ ਅਤੇ ਸੀ ਕੈਟਾਗਰੀ ‘ਚ 12 ਦੇਸ਼ਾਂ ਉੱਤੇ ਪੂਰਨ ਯਾਤਰਾ ਪਾਬੰਦੀ ਲਗਾ ਦਿੱਤੀ ਗਈ ਹੈ। ਇਨ੍ਹਾਂ 12 ਦੇਸ਼ਾਂ ‘ਤੇ ਇਹ ਪਾਬੰਦੀ 23 ਮਾਰਚ ਤੋਂ 5 ਅਪ੍ਰੈਲ ਤਕ ਲਾਗੂ ਰਹੇਗੀ।

ਇਨ੍ਹਾਂ ਦੇਸ਼ਾਂ ‘ਤੇ ਲਗਾਈ ਗਈ ਹੈ ਪਾਬੰਦੀ
ਬੋਤਸਵਾਨਾ, ਬ੍ਰਾਜ਼ੀਲ, ਕੋਲੰਬੀਆ, ਕੋਮੋਰੋਸ, ਘਾਨਾ, ਕੀਨੀਆ, ਮੌਜ਼ਾਂਬਿਕ, ਪੇਰੂ, ਰਵਾਂਡਾ, ਦੱਖਣੀ ਅਫ਼ਰੀਕਾ, ਤਨਜ਼ਾਨੀਆ ਅਤੇ ਜਾਂਬੀਆ ਨੂੰ ਸੀ ਕੈਟਾਗਰੀ ‘ਚ ਰੱਖਿਆ ਗਿਆ ਹੈ। ਸੀਏਏ ਨੇ ਕਿਹਾ ਕਿ ਪਾਕਿਸਤਾਨ ‘ਚ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਇਹ ਅਸਥਾਈ ਕਦਮ ਚੁੱਕੇ ਜਾ ਰਹੇ ਹਨ। ਸੀਏਏ ਨੇ ਆਪਣੀ ਸੀ ਕੈਟਾਗਰੀ ਨੂੰ ਅਪਡੇਟ ਕੀਤਾ ਹੈ ਅਤੇ ਬ੍ਰਿਟੇਨ ਨੂੰ ਸੀ ਤੋਂ ਬੀ ਕੈਟਾਗਰੀ ‘ਚ ਪਾ ਦਿੱਤਾ ਹੈ।

ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲਿਆਂ ਦੀ ਜਾਂਚ ਨਹੀਂ ਕੀਤੀ ਜਾਵੇਗੀ
ਇਸ ‘ਚ ਕਿਹਾ ਗਿਆ ਹੈ ਕਿ ਏ-ਸ਼੍ਰੇਣੀ ਦੇ ਦੇਸ਼ਾਂ ਦੇ ਅੰਤਰਰਾਸ਼ਟਰੀ ਯਾਤਰੀਆਂ ਨੂੰ ਪਾਕਿਸਤਾਨ ਆਉਣ ਤੋਂ ਪਹਿਲਾਂ ਕੋਵਿਡ-19 ਦੀ ਜਾਂਚ ਕਰਵਾਉਣ ਦੀ ਜ਼ਰੂਰਤ ਨਹੀਂ ਹੈ। ਆਸਟ੍ਰੇਲੀਆ, ਭੂਟਾਨ, ਚੀਨ, ਫਿਜੀ, ਜਾਪਾਨ, ਕਜ਼ਾਕਿਸਤਾਨ, ਲਾਓਸ, ਮੰਗੋਲੀਆ, ਮੌਰੀਤਾਨੀਆ, ਮੋਰੱਕੋ, ਮਿਆਂਮਾਰ, ਨੇਪਾਲ, ਨਿਊਜ਼ੀਲੈਂਡ, ਸਾਊਦੀ ਅਰਬ, ਸਿੰਗਾਪੁਰ, ਦੱਖਣੀ ਕੋਰੀਆ, ਸ੍ਰੀਲੰਕਾ, ਤਾਜ਼ੀਕਿਸਤਾਨ, ਤ੍ਰਿਨੀਦਾਦ ਤੇ ਟੋਬੈਗੋ ਅਤੇ ਵੀਅਤਨਾਮ ਨੂੰ ਏ ਕੈਗਟਾਰੀ ‘ਚ ਰੱਖਿਆ ਗਿਆ ਹੈ।

ਕੋਰੋਨਾ ਦੇ 3667 ਨਵੇਂ ਮਾਮਲੇ ਸਾਹਮਣੇ ਆਏ
ਦੱਸ ਦੇਈਏ ਕਿ ਐਤਵਾਰ ਨੂੰ ਪਾਕਿਸਤਾਨ ‘ਚ ਕੋਵਿਡ-19 ਲਾਗ ਦੇ 3667 ਨਵੇਂ ਮਾਮਲੇ ਸਾਹਮਣੇ ਆਏ ਸਨ, ਜਿਸ ਤੋਂ ਬਾਅਦ ਦੇਸ਼ ‘ਚ ਕੁੱਲ ਕੇਸਾਂ ਦੀ ਗਿਣਤੀ 6.26 ਲੱਖ ਤੋਂ ਪਾਰ ਹੋ ਗਈ ਹੈ। ਇਸ ਦੌਰਾਨ ਰਾਸ਼ਟਰੀ ਸਿਹਤ ਸੇਵਾ ਮੰਤਰਾਲੇ ਨੇ ਕਿਹਾ ਕਿ ਪਿਛਲੇ ਇਕ ਦਿਨ ‘ਚ 44 ਲੋਕਾਂ ਦੀ ਲਾਗ ਕਾਰਨ ਮੌਤ ਹੋ ਗਈ ਹੈ, ਜਿਸ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 13,843 ਤਕ ਪਹੁੰਚ ਗਈ ਹੈ। ਹੁਣ ਤਕ ਦੇਸ਼ ‘ਚ 5.81 ਲੱਖ ਤੋਂ ਵੱਧ ਲੋਕ ਲਾਗ ਤੋਂ ਠੀਕ ਹੋ ਚੁੱਕੇ ਹਨ, ਜਦਕਿ 2900 ਮਰੀਜ਼ਾਂ ਦੀ ਹਾਲਤ ਨਾਜ਼ੁਕ ਹੈ।