ਕੋਰੋਨਾ ਵਾਇਰਸ ਦੀ ਦੂਜੀ ਲਹਿਰ ਵਿਚਕਾਰ ਉਡਾਣ ਸੇਵਾਵਾਂ ਨੂੰ ਘਟਾਉਣ ਦੀ ਕੋਈ ਯੋਜਨਾ ਨਹੀਂ ਹੈ : ਹਰਦੀਪ ਸਿੰਘ ਪੁਰੀ

ਨਵੀਂ ਦਿੱਲੀ, 27 ਮਾਰਚ (ਹਮਦਰਦ ਨਿਊਜ਼ ਸਰਵਿਸ) : ਦੇਸ਼ ‘ਚ ਕੋਰੋਨਾ ਵਾਇਰਸ ਦੇ ਰੋਜ਼ਾਨਾ ਸਾਹਮਣੇ ਆਉਣ ਵਾਲੇ ਮਾਮਲਿਆਂ ‘ਚ ਪਿਛਲੇ ਕੁਝ ਦਿਨਾਂ ‘ਚ ਇਕ ਵਾਰ ਫਿਰ ਤੇਜ਼ੀ ਵੇਖਣ ਨੂੰ ਮਿਲ ਰਹੀ ਹੈ। ਕਈ ਤਰ੍ਹਾਂ ਦੀਆਂ ਪਾਬੰਦੀਆਂ ਵੀ ਲਗਾਈਆਂ ਜਾ ਰਹੀਆਂ ਹਨ। ਅਜਿਹੀ ਸਥਿਤੀ ‘ਚ ਇਹ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ ਕਿ ਆਉਣ ਵਾਲੇ ਦਿਨਾਂ ‘ਚ ਉਡਾਣ ਸੇਵਾਵਾਂ ਉੱਤੇ ਕੋਈ ਵੱਡਾ ਪ੍ਰਭਾਵ ਪਵੇਗਾ ਜਾਂ ਨਹੀਂ। ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਸ਼ਨਿੱਚਰਵਾਰ ਨੂੰ ਇਸ ਦਾ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੀ ਦੂਜੀ ਲਹਿਰ ਵਿਚਕਾਰ ਉਡਾਣ ਸੇਵਾਵਾਂ ਨੂੰ ਘਟਾਉਣ ਦੀ ਕੋਈ ਯੋਜਨਾ ਨਹੀਂ ਹੈ। ਹਾਲਾਂਕਿ ਕੋਰੋਨਾ ਦੇ ਮਾਮਲਿਆਂ ‘ਚ ਵਾਧੇ ਕਾਰਨ ਸਾਰੀਆਂ ਸੇਵਾਵਾਂ ਨੂੰ ਮੁੜ ਤੋਂ ਸ਼ੁਰੂ ਕਰਨ ਦੀ ਯੋਜਨਾ 1 ਅਪ੍ਰੈਲ ਤੋਂ ਰੋਕ ਦਿੱਤੀ ਗਈ ਹੈ।
ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਏਐਨਆਈ ਨੂੰ ਕਿਹਾ, “ਕਟੌਤੀ (ਉਡਾਣ ਸੇਵਾਵਾਂ) ਦਾ ਕੋਈ ਇਰਾਦਾ ਨਹੀਂ ਹੈ। ਘਰੇਲੂ ਉਡਾਣਾਂ ਨੂੰ ਪਿਛਲੇ ਸਾਲ ਮਾਰਚ ‘ਚ ਰੋਕ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ 25 ਮਈ ਨੂੰ ਦੁਬਾਰਾ ਸ਼ੁਰੂ ਕੀਤਾ ਗਿਆ ਸੀ। ਅਸੀਂ ਅੱਗੇ ਵੀ ਬਾਕੀ ਬੰਦ ਪਈਆਂ ਸੇਵਾਵਾਂ ਨੂੰ ਜਾਰੀ ਰੱਖਿਆ। ਸਾਡਾ ਇਰਾਦਾ 1 ਅਪ੍ਰੈਲ ਤੋਂ ਪੂਰਾ 100 ਫ਼ੀਸਦੀ ਸ਼ੁਰੂ ਕਰਨਾ ਸੀ। ਇਸ ਸਮੇਂ 80 ਫ਼ੀਸਦੀ ਸੇਵਾਵਾਂ ਕਾਰਜਸ਼ੀਲ ਹਨ। ਕੋਵਿਡ ਦੀ ਦੂਜੀ ਲਹਿਰ ਕਾਰਨ ਅਸੀਂ 100 ਫ਼ੀਸਦੀ ਸ਼ੁਰੂਆਤ ਨਹੀਂ ਕਰ ਰਹੇ ਹਾਂ।”
ਪੁਰੀ ਨੇ ਕਿਹਾ ਕਿ ਕੋਰੋਨਾ ਲਾਗ ਦੀ ਦੂਜੀ ਲਹਿਰ ਦੌਰਾਨ ਜਿਹੜੇ ਯਾਤਰੀ ਕੋਰੋਨਾ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਹਨ, ਅਸੀਂ ਹਵਾਈ ਅੱਡਿਆਂ ਦੇ ਅਧਿਕਾਰੀਆਂ ਨੂੰ ਉਨ੍ਹਾਂ ਨੂੰ ਬਲੈਕ ਲਿਸਟ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ, “ਮੈਂ ਹਵਾਈ ਅੱਡਿਆਂ ਅਤੇ ਏਅਰਲਾਈਨ ਕੰਪਨੀਆਂ ਨੂੰ ਕਿਹਾ ਹੈ ਕਿ ਜਿਹੜੇ ਯਾਤਰੀ ਮਾਸਕ ਜਾਂ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਨਹੀਂ ਕਰਦੇ, ਉਨ੍ਹਾਂ ਨੂੰ ‘ਨੋ ਫਲਾਇਰ ਲਿਸਟ’ ‘ਚ ਪਾ ਦਿੱਤਾ ਜਾਵੇ।”
ਇਸ ਦੇ ਨਾਲ ਹੀ ਹਰਦੀਪ ਪੁਰੀ ਨੇ ਕਿਹਾ ਕਿ ਏਅਰ ਇੰਡੀਆ ਨੂੰ ਜੂਨ ਦੇ ਆਖਰ ਤਕ ਨਵਾਂ ਮਾਲਕ ਮਿਲ ਜਾਵੇਗਾ। ਇਕ ਸਮਾਗਮ ‘ਚ ਬੋਲਦਿਆਂ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਇਸ ਸਾਲ ਮਈ ‘ਚ ਵਿੱਤੀ ਟੈਂਡਰ ਦੀ ਚੋਣ ਕਰ ਲਈ ਜਾਵੇਗੀ ਅਤੇ ਜੂਨ ‘ਚ ਸੰਭਾਵਿਤ ਖਰੀਦਦਾਰ ਦੀ ਐਲਾਨ ਕਰ ਦਿੱਤਾ ਜਾਵੇਗਾ। ਹਰਦੀਪ ਪੁਰੀ ਨੇ ਦੱਸਿਆ ਕਿ ਪਿਛਲੀ ਬੈਠਕ ‘ਚ ਸੋਮਵਾਰ ਨੂੰ ਫ਼ੈਸਲਾ ਲਿਆ ਗਿਆ ਸੀ ਕਿ ਸ਼ਾਰਟਲਿਸਟ ਕੀਤੇ ਗਏ ਬੋਲੀਕਾਰ ਨੂੰ ਦੱਸਿਆ ਗਿਆ ਹੈ ਕਿ ਉਹ 64 ਦਿਨਾਂ ਦੇ ਅੰਦਰ ਬੋਲੀਕਰਤਾ ‘ਚ ਦੱਸ ਦਿੱਤੇ ਜਾਣਗੇ।
ਉਨ੍ਹਾਂ ਕਿਹਾ ਕਿ ਸਰਕਾਰੀ ਜਹਾਜ਼ ਦੇ ਨਿੱਜੀਕਰਨ ‘ਚ ਕੋਵਿਡ ਕਾਲ ਕਾਰਨ ਦੇਰੀ ਹੋ ਗਈ ਹੈ। ਵਿੱਤੀ ਟੈਂਡਰ ਮੰਗਾਉਣ ਦੀ ਪ੍ਰਕਿਰਿਆ ਛੇਤੀ ਹੀ ਸ਼ੁਰੂ ਕੀਤੀ ਜਾਵੇਗੀ। ਸਰਕਾਰ ਨੇ ਇਸ ਸਾਲ ਦੇ ਅਖੀਰ ਤਕ ਏਅਰ ਇੰਡੀਆ ਦੀ ਵਿਕਰੀ ਦੀ ਪ੍ਰਕਿਰਿਆ ਪੂਰੀ ਕਰਨ ਦਾ ਟੀਚਾ ਤੈਅ ਕੀਤਾ ਹੈ।

Video Ad
Video Ad