ਕੋਰੋਨਾ ਵੈਕਸੀਨ ਦੀ ਬਰਾਮਦ ‘ਤੇ ਕੋਈ ਪਾਬੰਦੀ ਨਹੀਂ : ਵਿਦੇਸ਼ ਮੰਤਰਾਲਾ

ਨਵੀਂ ਦਿੱਲੀ, 2 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਭਾਰਤ ਨੇ ਕੋਰੋਨਾ ਵਾਇਰਸ ਦੀ ਬਰਾਮਦ ‘ਤੇ ਕੋਈ ਰੋਕ ਨਹੀਂ ਲਗਾਈ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਇਹ ਜਾਣਕਾਰੀ ਦਿੱਤੀ। ਅਰਿੰਦਮ ਬਾਗਚੀ ਨੇ ਦੱਸਿਆ ਕਿ ਹੁਣ ਤਕ ਅਸੀਂ ਵਿਸ਼ਵ ਭਰ ਦੇ 80 ਤੋਂ ਵੱਧ ਦੇਸ਼ਾਂ ਨੂੰ ਇਹ ਟੀਕਾ ਸਪਲਾਈ ਕਰ ਚੁੱਕੇ ਹਾਂ।

Video Ad

ਜਦੋਂ ਬਾਗਚੀ ਨੂੰ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਦੀ ਤਾਜਿਕਸਤਾਨ ਦੀ ਯਾਤਰਾ ਬਾਰੇ ਪੁੱਛਿਆ ਗਿਆ, “ਕੀ ਵਿਦੇਸ਼ ਮੰਤਰੀ ਦੁਸ਼ਾਂਬੇ ‘ਚ ਆਪਣੇ ਪਾਕਿਸਤਾਨੀ ਹਮਰੁਤਬਾ ਨਾਲ ਮੁਲਾਕਾਤ ਕਰ ਸਕਦੇ ਹਨ?” ਤਾਂ ਉਨ੍ਹਾਂ ਕਿਹਾ, “ਮੈਨੂੰ ਉੱਥੇ ਪਾਕਿਸਤਾਨੀ ਵਫ਼ਦ ਨਾਲ ਕਿਸੇ ਵੀ ਤਰ੍ਹਾਂ ਦੀ ਮੁਲਾਕਾਤ ਬਾਰੇ ਕੋਈ ਜਾਣਕਾਰੀ ਨਹੀਂ ਹੈ।” ਭਾਰਤ ਨਾਲ ਵਪਾਰਕ ਸਬੰਧ ਬਹਾਲ ਕਰਨ ਅਤੇ ਫਿਰ ਇਸ ਨੂੰ ਵਾਪਸ ਲੈਣ ਦੇ ਸਵਾਲ ‘ਤੇ ਅਰਿੰਦਮ ਬਾਗਚੀ ਨੇ ਕਿਹਾ, “ਇਹ ਸਵਾਲ ਨੂੰ ਪੁੱਛੇ ਜਾਣ ਲਈ ਅਸੀ ਸਹੀ ਪਾਰਟੀ ਨਹੀਂ ਹਾਂ।”

ਬਾਗਚੀ ਨੇ ਮਿਆਂਮਾਰ ਵਿੱਚ ਹਿੰਸਾ ਕਾਰਨ ਭਾਰਤ ਪਹੁੰਚਣ ਵਾਲਿਆਂ ਬਾਰੇ ਵੀ ਸਰਕਾਰ ਦਾ ਪੱਖ ਰੱਖਿਆ। ਮਿਆਂਮਾਰ ਤੋਂ ਆਉਣ ਵਾਲੇ ਲੋਕਾਂ ਨੂੰ ਭਾਰਤ ‘ਚ ਦਾਖਲ ਹੋਣ ਦੀ ਇਜਾਜ਼ਤ ਦੇ ਸਵਾਲ ‘ਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ, “ਜਿੱਥੋਂ ਤਕ ਸਰਹੱਦ ਪਾਰੋਂ ਆਉਣ ਵਾਲੇ ਲੋਕਾਂ ਦੀ ਗੱਲ ਹੈ, ਅਸੀਂ ਆਪਣੇ ਕਾਨੂੰਨਾਂ ਅਤੇ ਮਨੁੱਖੀ ਕਦਰਾਂ ਕੀਮਤਾਂ ਨੂੰ ਧਿਆਨ ‘ਚ ਰੱਖਦਿਆਂ ਇਸ ਦਾ ਹੱਲ ਕਰ ਰਹੇ ਹਾਂ।” ਇਸ ਦੇ ਨਾਲ ਹੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਮਿਆਂਮਾਰ ‘ਚ ਹੋਈ ਹਿੰਸਾ ਦੀ ਨਿਖੇਧੀ ਕੀਤੀ।

ਬਾਗਚੀ ਨੇ ਕਿਹਾ, “ਅਸੀਂ ਕਿਸੇ ਵੀ ਤਰ੍ਹਾਂ ਦੀ ਹਿੰਸਾ ਦੀ ਨਿੰਦਾ ਕਰਦੇ ਹਾਂ। ਸਾਡਾ ਮੰਨਣਾ ਹੈ ਕਿ ਕਾਨੂੰਨ ਦਾ ਰਾਜ ਸਥਾਪਤ ਹੋਣਾ ਚਾਹੀਦਾ ਹੈ। ਅਸੀਂ ਮਿਆਂਮਾਰ ‘ਚ ਲੋਕਤੰਤਰ ਦੀ ਬਹਾਲੀ ਦੇ ਸਮਰਥਨ ‘ਚ ਖੜੇ ਹਾਂ। ਅਸੀਂ ਰਾਜਨੀਤਿਕ ਬੰਦੀਆਂ ਦੀ ਰਿਹਾਈ ਲਈ ਅਪੀਲ ਕੀਤੀ ਹੈ ਅਤੇ ਮੌਜੂਦਾ ਹਾਲਾਤ ਦਾ ਹੱਲ ਕੱਢਣ ਲਈ ਆਸੀਆਨ ਰਾਹੀਂ ਕਿਸੇ ਵੀ ਕੋਸ਼ਿਸ਼ ਦਾ ਸਮਰਥਨ ਕੀਤਾ ਹੈ।”

Video Ad