Home ਕਾਰੋਬਾਰ ਕੋਰੋਨਾ ਸੰਕਟ ਅਤੇ ਲੌਕਡਾਊਨ ਕਾਰਨ ਹਵਾਬਾਜ਼ੀ ਉਦਯੋਗ ਨੂੰ 19,000 ਕਰੋੜ ਰੁਪਏ ਦਾ ਨੁਕਸਾਨ ਹੋਇਆ

ਕੋਰੋਨਾ ਸੰਕਟ ਅਤੇ ਲੌਕਡਾਊਨ ਕਾਰਨ ਹਵਾਬਾਜ਼ੀ ਉਦਯੋਗ ਨੂੰ 19,000 ਕਰੋੜ ਰੁਪਏ ਦਾ ਨੁਕਸਾਨ ਹੋਇਆ

0
ਕੋਰੋਨਾ ਸੰਕਟ ਅਤੇ ਲੌਕਡਾਊਨ ਕਾਰਨ ਹਵਾਬਾਜ਼ੀ ਉਦਯੋਗ ਨੂੰ 19,000 ਕਰੋੜ ਰੁਪਏ ਦਾ ਨੁਕਸਾਨ ਹੋਇਆ

ਨਵੀਂ ਦਿੱਲੀ, 20 ਮਾਰਚ (ਹਮਦਰਦ ਨਿਊਜ਼ ਸਰਵਿਸ) : ਦੇਸ਼ ‘ਚ ਕੋਰੋਨਾ ਮਹਾਂਮਾਰੀ ਤੋਂ ਬਾਅਦ ਲਗਾਏ ਲੌਕਡਾਊਨ ਅਤੇ ਫਿਰ ਘਰੇਲੂ ਤੇ ਅੰਤਰਰਾਸ਼ਟਰੀ ਉਡਾਨਾਂ ‘ਤੇ ਪਾਬੰਦੀ ਕਾਰਨ ਹਵਾਬਾਜ਼ੀ ਉਦਯੋਗ ਨੂੰ ਵੱਡਾ ਨੁਕਸਾਨ ਹੋਇਆ ਹੈ। ਸਰਕਾਰ ਵੱਲੋਂ ਲੋਕ ਸਭਾ ‘ਚ ਦਿੱਤੀ ਗਈ ਜਾਣਕਾਰੀ ਅਨੁਸਾਰ ਨਾ ਸਿਰਫ਼ ਏਅਰਲਾਈਨਾਂ ਸਗੋਂ ਹਵਾਈ ਅੱਡਿਆਂ ਨੂੰ ਵੀ ਨੁਕਸਾਨ ਹੋਇਆ ਹੈ। ਇਸ ਦੇ ਨਾਲ ਹੀ ਵੱਧ ਰਹੇ ਹਵਾਈ ਬਾਲਣ ਦੀਆਂ ਕੀਮਤਾਂ ਨੇ ਵੀ ਕਾਰੋਬਾਰੀਆਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ।
ਲੋਕ ਸਭਾ ‘ਚ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਵੱਲੋਂ ਦੱਸਿਆ ਗਿਆ ਹੈ ਕਿ ਅਪ੍ਰੈਲ ਤੋਂ ਦਸੰਬਰ 2019 ਦੇ ਮੁਕਾਬਲੇ 2010 ਦੌਰਾਨ ਇਨ੍ਹਾਂ ਤਿੰਨ ਤਿਮਾਹੀਆਂ ‘ਚ ਘਰੇਲੂ ਆਵਾਜਾਈ 10.8 ਕਰੋੜ ਤੋਂ ਘੱਟ ਕੇ 3 ਕਰੋੜ ਹੋ ਗਈ ਹੈ। ਉੱਥੇ ਹੀ ਅੰਤਰਰਾਸ਼ਟਰੀ ਟ੍ਰੈਫ਼ਿਕ ਸਵਾ 5 ਕਰੋੜ ਤੋਂ ਘੱਟ ਕੇ 56 ਲੱਖ ਆ ਚੁੱਕਾ ਹੈ।
ਸਰਕਾਰ ਵੱਲੋਂ ਇਹ ਵੀ ਦੱਸਿਆ ਗਿਆ ਹੈ ਕਿ ਮੌਜੂਦਾ ਵਿੱਤੀ ਸਾਲ ਦੀਆਂ ਤਿੰਨ ਤਿਮਾਹੀਆਂ ‘ਚ ਭਾਰਤੀ ਹਵਾਬਾਜ਼ੀ ਕੰਪਨੀਆਂ ਦਾ ਨੁਕਸਾਨ 16,000 ਕਰੋੜ ਰੁਪਏ ਹੋਇਆ ਹੈ, ਜਦਕਿ ਇਸ ਦੌਰਾਨ ਹਵਾਈ ਅੱਡਿਆਂ ਦਾ ਵਿੱਤੀ ਨੁਕਸਾਨ 3000 ਕਰੋੜ ਰੁਪਏ ਹੋ ਗਿਆ ਹੈ।
ਸਰਕਾਰ ਨੇ ਪੜਾਅਵਾਰ ਹਵਾਈ ਸੇਵਾਵਾਂ ਦੀ ਸ਼ੁਰੂਆਤ ਤਾਂ ਕੀਤੀ ਹੈ ਪਰ ਇਸ ‘ਚ ਕਿਰਾਏ ‘ਤੇ ਨੱਥ ਪਾ ਕੇ ਰੱਖੀ ਹੈ, ਜਿਸ ਕਾਰਨ ਘਾਟਾ ਹੋਰ ਵੱਧ ਗਿਆ ਹੈ। ਸਭ ਤੋਂ ਵੱਧ ਨੁਕਸਾਨ ਹਵਾਈ ਫਿਊਲ ਵਧਣ ਕਾਰਨ ਕੰਪਨੀਆਂ ਨੂੰ ਹੋਇਆ ਹੈ। 25 ਮਈ 2020 ਨੂੰ ਹਵਾਈ ਬਾਲਣ 21.45 ਰੁਪਏ ਪ੍ਰਤੀ ਲੀਟਰ ਹੁੰਦਾ ਸੀ, 1 ਫ਼ਰਵਰੀ 2021 ਤਕ 151% ਵੱਧ ਕੇ 53.80 ਰੁਪਏ ਪ੍ਰਤੀ ਲੀਟਰ ਹੋ ਗਿਆ ਸੀ। ਹਾਲਾਂਕਿ ਤੇਲ ਕੀਮਤਾਂ ਦੇ ਵਾਧੇ ਤੋਂ ਬਾਅਦ ਵੀ ਸਰਕਾਰ ਨੇ ਕੰਪਨੀਆਂ ਨੂੰ ਘੱਟੋ-ਘੱਟ ਕਿਰਾਏ ‘ਚ 10 ਫ਼ੀਸਦੀ ਅਤੇ ਵੱਧ ਤੋਂ ਵੱਧ ਕਿਰਾਇਆ 30 ਫ਼ੀਸਦੀ ਵਧਾਉਣ ਦਾ ਅਧਿਕਾਰ ਦਿੱਤਾ ਹੈ।

19 ਹਜ਼ਾਰ ਉਡਾਨਾਂ ਰਾਹੀਂ ਯਾਤਰੀਆਂ ਨੂੰ ਵਿਦੇਸ਼ ਤੋਂ ਭਾਰਤ ਲਿਆਂਦਾ
ਸਰਕਾਰ ਵੱਲੋਂ ਦਿੱਤੇ ਗਏ ਇਕ ਹੋਰ ਸਵਾਲ ਦੇ ਜਵਾਬ ‘ਚ ਇਹ ਦੱਸਿਆ ਗਿਆ ਹੈ ਕਿ ਮਿਸ਼ਨ ‘ਵੰਦੇ ਭਾਰਤ’ ਤਹਿਤ ਫ਼ਰਵਰੀ 2021 ਦੇ ਅੰਤ ਤਕ, 19,000 ਉਡਾਨਾਂ ਰਾਹੀਂ ਵਿਦੇਸ਼ਾਂ ਤੋਂ ਯਾਤਰੀਆਂ ਨੂੰ ਭਾਰਤ ਲਿਆਉਣ ਦਾ ਕੰਮ ਕੀਤਾ ਜਾ ਚੁੱਕਾ ਹੈ। ਇਸ ‘ਚੋਂ ਏਅਰ ਇੰਡੀਆ ਦੀਆਂ 9 ਹਜ਼ਾਰ ਤੋਂ ਜ਼ਿਆਦਾ ਉਡਾਨਾਂ ਹਨ। ਉੱਥੇ ਹੀ ਬਾਕੀ ਨਿੱਜੀ ਖੇਤਰ ਵੱਲੋਂ ਚਲਾਈਆਂ ਜਾ ਰਹੀਆਂ ਸਨ। ਨਾਲ ਹੀ ਦੇਸ਼ ‘ਚ 27 ਦੇਸ਼ਾਂ ਨਾਲ ਏਅਰ ਬਬਲ ਸਮਝੌਤੇ ਹੋਏ ਹਨ, ਜਿਨ੍ਹਾਂ ਰਾਹੀਂ ਹਵਾਈ ਸੇਵਾਵਾਂ ਇਕ ਦੇਸ਼ ਤੋਂ ਦੂਜੇ ਦੇਸ਼ ‘ਚ ਚਲਾਈਆਂ ਜਾ ਰਹੀਆਂ ਹਨ।