Home ਤਾਜ਼ਾ ਖਬਰਾਂ ਕੋਵਿਸ਼ੀਲਡ ਬਾਰੇ ਕੇਂਦਰ ਸਰਕਾਰ ਦੀ ਅਹਿਮ ਹਦਾਇਤ – ਹੁਣ 1 ਨਹੀਂ 2 ਮਹੀਨੇ ਬਾਅਦ ਲੱਗੇਗਾ ਦੂਜਾ ਟੀਕਾ

ਕੋਵਿਸ਼ੀਲਡ ਬਾਰੇ ਕੇਂਦਰ ਸਰਕਾਰ ਦੀ ਅਹਿਮ ਹਦਾਇਤ – ਹੁਣ 1 ਨਹੀਂ 2 ਮਹੀਨੇ ਬਾਅਦ ਲੱਗੇਗਾ ਦੂਜਾ ਟੀਕਾ

0
ਕੋਵਿਸ਼ੀਲਡ ਬਾਰੇ ਕੇਂਦਰ ਸਰਕਾਰ ਦੀ ਅਹਿਮ ਹਦਾਇਤ – ਹੁਣ 1 ਨਹੀਂ 2 ਮਹੀਨੇ ਬਾਅਦ ਲੱਗੇਗਾ ਦੂਜਾ ਟੀਕਾ

ਨਵੀਂ ਦਿੱਲੀ, 22 ਮਾਰਚ (ਹਮਦਰਦ ਨਿਊਜ਼ ਸਰਵਿਸ) : ਭਾਰਤ ‘ਚ ਕੋਰੋਨਾ ਵਾਇਰਸ ਮਹਾਂਮਾਰੀ ਦੇ ਵੱਧ ਰਹੇ ਖ਼ਤਰੇ ਨੂੰ ਵੇਖਦਿਆਂ ਟੀਕਾਕਰਨ ਮੁਹਿੰਮ ਵੀ ਤੇਜ਼ੀ ਨਾਲ ਚੱਲ ਰਹੀ ਹੈ। ਦੇਸ਼ ‘ਚ ਹੁਣ ਤਕ ਸਾਢੇ 4 ਕਰੋੜ ਤੋਂ ਵੱਧ ਕੋਰੋਨ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਇਸ ਦੌਰਾਨ ਸੋਮਵਾਰ ਨੂੰ ਕੇਂਦਰ ਸਰਕਾਰ ਵੱਲੋਂ ਕੋਵਿਸ਼ੀਲਡ ਨੂੰ ਲੈ ਕੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਕ ਮਹੱਤਵਪੂਰਨ ਨਿਰਦੇਸ਼ ਦਿੱਤਾ ਗਿਆ ਹੈ।
ਸਰਕਾਰ ਦਾ ਕਹਿਣਾ ਹੈ ਕਿ ਹੁਣ ਕੋਵਿਸ਼ੀਲਡ ਦੀ ਪਹਿਲੀ ਅਤੇ ਦੂਜੀ ਖੁਰਾਕ ਵਿਚਲਾ ਅੰਤਰ ਵਧਾ ਦਿੱਤਾ ਗਿਆ ਹੈ। ਇਹ ਅੰਤਰ ਹੁਣ 6 ਤੋਂ 8 ਹਫ਼ਤਿਆਂ ਤਕ ਹੋਵੇਗਾ। ਇਸ ਤੋਂ ਪਹਿਲਾਂ ਕੋਵਿਸ਼ੀਲਡ ਦੀ ਦੂਜੀ ਖੁਰਾਕ 4 ਤੋਂ 6 ਹਫ਼ਤਿਆਂ ‘ਚ ਦਿੱਤੀ ਜਾ ਰਹੀ ਸੀ। ਟੀਕਾਕਰਨ ਬਾਰੇ ਇਹ ਫ਼ੈਸਲਾ ਕੌਮੀ ਤਕਨੀਕੀ ਸਲਾਹਕਾਰ ਸਮੂਹ ਅਤੇ ਕੌਮੀ ਮਾਹਰ ਸਮੂਹ ਦੀ ਸਲਾਹ ਤੋਂ ਬਾਅਦ ਲਿਆ ਗਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਇਹ ਫ਼ੈਸਲਾ ਸਿਰਫ਼ ਕੋਵਿਸ਼ੀਲਡ ਲਈ ਲਿਆ ਗਿਆ ਹੈ। ਇਹ ਕੋਵੈਕਸੀਨ ‘ਤੇ ਲਾਗੂ ਨਹੀਂ ਹੋਵੇਗਾ।
ਕੇਂਦਰੀ ਸਿਹਤ ਮੰਤਰਾਲੇ ਨੇ ਸੋਮਵਾਰ ਨੂੰ ਦੱਸਿਆ ਕਿ ਕੋਵਿਡ-19 ਦੇ ਕੇਸ ਮਹਾਰਾਸ਼ਟਰ, ਪੰਜਾਬ, ਕਰਨਾਟਕ, ਗੁਜਰਾਤ ਅਤੇ ਮੱਧ ਪ੍ਰਦੇਸ਼ ‘ਚ ਤੇਜ਼ੀ ਨਾਲ ਵੱਧ ਰਹੇ ਹਨ ਅਤੇ ਲਾਗ ਦੇ ਨਵੇਂ ਮਾਮਲਿਆਂ ‘ਚ ਇਨ੍ਹਾਂ ਸੂਬਿਆਂ ਦੀ ਭਾਗੀਦਾਰੀ 80.5 ਫ਼ੀਸਦੀ ਹੈ। ਭਾਰਤ ‘ਚ ਕੋਰੋਨਾ ਵਾਇਰਸ ਦੀ ਲਾਗ ਦੇ 46,951 ਨਵੇਂ ਕੇਸ ਸਾਹਮਣੇ ਆਏ ਹਨ, ਜੋ ਕਿ ਇਸ ਸਾਲ ਇਕ ਦਿਨ ‘ਚ ਸਭ ਤੋਂ ਵੱਧ ਹਨ। ਮੰਤਰਾਲੇ ਨੇ ਕਿਹਾ ਕਿ ਮਹਾਰਾਸ਼ਟਰ ‘ਚ 30,535 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਇਕ ਦਿਨ ‘ਚ ਸਭ ਤੋਂ ਵੱਧ ਕੇਸ ਦਰਜ ਕੀਤੇ ਗਏ ਹਨ।
ਇਸ ਦੇ ਨਾਲ ਹੀ ਪੰਜਾਬ ‘ਚ 2644 ਅਤੇ ਕੇਰਲ ‘ਚ 1875 ਨਵੇਂ ਕੇਸ ਸਾਹਮਣੇ ਆਏ ਹਨ। ਮੰਤਰਾਲੇ ਵੱਲੋਂ ਇਹ ਕਿਹਾ ਗਿਆ ਕਿ ਮਹਾਰਾਸ਼ਟਰ, ਪੰਜਾਬ, ਤਾਮਿਲਨਾਡੂ, ਮੱਧ ਪ੍ਰਦੇਸ਼, ਦਿੱਲੀ, ਗੁਜਰਾਤ, ਕਰਨਾਟਕ ਅਤੇ ਹਰਿਆਣਾ ‘ਚ ਰੋਜ਼ਾਨਾ ਰਿਪੋਰਟ ਕੀਤੇ ਕੇਸਾਂ ਦੀ ਗਿਣਤੀ ‘ਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਭਾਰਤ ‘ਚ ਇਸ ਸਮੇਂ ਕੋਵਿਡ-19 ਦੇ 3,34,646 ਮਰੀਜ਼ ਇਲਾਜ ਅਧੀਨ ਹਨ ਅਤੇ ਇਹ ਲਾਗ ਦੇ ਕੁਲ ਮਾਮਲਿਆਂ ਦਾ 2.87 ਫ਼ੀਸਦੀ ਹੈ।
ਮੰਤਰਾਲੇ ਨੇ ਕਿਹਾ ਕਿ 8 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਮਹਾਰਾਸ਼ਟਰ, ਚੰਡੀਗੜ੍ਹ, ਪੰਜਾਬ, ਪੁਡੂਚੇਰੀ, ਗੋਆ, ਮੱਧ ਪ੍ਰਦੇਸ਼, ਗੁਜਰਾਤ ਅਤੇ ਹਰਿਆਣਾ ‘ਚ ਹਫ਼ਤਾਵਾਰੀ ਲਾਗ ਦੀ ਦਰ ਰਾਸ਼ਟਰੀ ਔਸਤ ਨਾਲੋਂ 3.7 ਫ਼ੀਸਦੀ ਤੋਂ ਵੱਧ ਹੈ।