ਕੌਣ ਹੈ ਛੱਤੀਸਗੜ੍ਹ ‘ਚ ਨਕਸਲੀ ਹਮਲੇ ਦਾ ਮੁੱਖ ਸਾਜ਼ਸ਼ਘਾੜਾ ਹਿਡਮਾ, ਜਿਸ ‘ਤੇ ਹੈ 25 ਲੱਖ ਰੁਪਏ ਦਾ ਇਨਾਮ

ਨਵੀਂ ਦਿੱਲੀ, 5 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਛੱਤੀਸਗੜ੍ਹ ਦੇ ਬੀਜਾਪੁਰ ‘ਚ ਪਿਛਲੇ 13 ਸਾਲਾਂ ‘ਚ ਹੋਏ ਸਭ ਤੋਂ ਵੱਡੇ ਨਕਸਲੀ ਹਮਲੇ ਨੂੰ ਅੰਜਾਮ ਦੇਣ ਪਿੱਛੇ 25 ਲੱਖ ਰੁਪਏ ਦੇ ਇਨਾਮੀ ਨਕਸਲ ਕਮਾਂਡਰ ਮਾੜਵੀ ਹਿਡਮਾ ਦਾ ਹੱਥ ਦੱਸਿਆ ਜਾ ਰਿਹਾ ਹੈ।
ਸ਼ਨਿੱਚਰਵਾਰ ਨੂੰ ਸੁਰੱਖਿਆ ਬਲਾਂ ਤੇ ਨਕਸਲੀਆਂ ਵਿਚਾਲੇ ਮੁਕਾਬਲੇ ਦੀ ਘਟਨਾ ਹਿਡਮਾ ਦੇ ਪਿੰਡ ‘ਚ ਵਾਪਰੀ ਹੈ। ਸੁਕਮਾ ਹਿਡਮਾ ਦਾ ਗੜ੍ਹ ਹੈ, ਜਿੱਥੋਂ ਹਿਡਮਾ ਸਾਰੀਆਂ ਨਕਸਲੀਆਂ ਗਤੀਵਿਧੀਆਂ ਨੂੰ ਚਲਾਉਂਦਾ ਹੈ। ਹਿਡਮਾ ਨੂੰ ਕਈ ਹੋਰ ਨਾਵਾਂ ਜਿਵੇਂ ਸੰਤੋਸ਼ ਉਰਫ਼ ਇੰਦਮੁਲ ਉਰਫ਼ ਪੋਡੀਆਮ ਭੀਮਾ ਨਾਲ ਵੀ ਜਾਣਿਆ ਜਾਂਦਾ ਹੈ।

Video Ad

ਕੱਦ ‘ਚ ਕਾਫ਼ੀ ਛੋਟਾ ਵਿਖਾਈ ਦੇਣ ਵਾਲੇ ਹਿਡਮਾ ਦਾ ਮਾਓਵਾਦੀ ਸੰਗਠਨਾਂ ‘ਚ ਰੁਤਬਾ ਕਾਫ਼ੀ ਵੱਡਾ ਹੈ। ਹਿਡਮਾ ਨਕਸਲੀਆਂ ਦੀ ਅਗਵਾਈ ਦੀ ਕਾਬਲੀਅਤ ਕਾਰਨ ਸਭ ਤੋਂ ਘੱਟ ਉਮਰ ‘ਚ ਮਾਓਵਾਦੀਆਂ ਦੀ ਟਾਪ ਸੈਂਟਰਲ ਕਮੇਟੀ ਦਾ ਮੈਂਬਰ ਬਣ ਗਿਆ ਹੈ। ਛੱਤੀਸਗੜ੍ਹ ‘ਚ ਕਈ ਨਕਸਲੀ ਹਮਲਿਆਂ ਨੂੰ ਅੰਜਾਮ ਦੇਣ ਵਾਲੇ ਮਾੜਵੀ ਹਿਡਮਾ ਦਾ ਜਨਮ ਸੁਕਮਾ ਜ਼ਿਲ੍ਹੇ ਦੇ ਪੁਵਰਤੀ ਪਿੰਡ ‘ਚ ਹੋਇਆ ਸੀ। ਇਹ ਪਿੰਡ ਪਹਾੜੀਆਂ ਅਤੇ ਸੰਘਣੇ ਜੰਗਲਾਂ ਵਿਚਕਾਰ ਹੈ।

ਇਸ ਪਿੰਡ ‘ਚ ਪਹੁੰਚਣਾ ਬਹੁਤ ਮੁਸ਼ਕਲ ਹੈ। ਹਿਡਮਾ ਦੇ ਪਿੰਡ ‘ਚ ਪਿਛਲੇ ਲਗਭਗ 20 ਸਾਲਾਂ ਤੋਂ ਕੋਈ ਸਕੂਲ ਨਹੀਂ ਹੈ। ਅੱਜ ਵੀ ਨਕਸਲੀਆਂ ਦੀ ਸਰਕਾਰ ਦਾ ਬੋਲਬਾਲਾ ਹੈ। ਹਿਡਮਾ ਦੀ ਉਮਰ ਜੇ 40 ਸਾਲ ਤੋਂ ਉੱਪਰ ਮੰਨੀ ਜਾਵੇ ਤਾਂ ਹਿਡਮਾ ਦਾ ਜਨਮ ਸੁਕਮਾ ‘ਚ ਉਸ ਸਮੇਂ ਹੋਇਆ ਸੀ ਜਦੋਂ ਨਕਸਲਵਾਦ ਇੱਥੇ ਸਿਖਰ ‘ਤੇ ਸੀ। ਹਿਡਮਾ ਅਜਿਹੇ ਮਾਹੌਲ ‘ਚ ਪਲਿਆ ਸੀ, ਜਿੱਥੇ ਸਿਰਫ਼ ਮਾਓਵਾਦੀ ਰਾਜ ਕਰਦੇ ਸਨ।

ਦੱਸਿਆ ਜਾਂਦਾ ਹੈ ਕਿ ਹਿਡਮਾ ਨੇ ਸਿਰਫ਼ ਦਸਵੀਂ ਕਲਾਸ ਤਕ ਪੜ੍ਹਾਈ ਕੀਤੀ ਹੈ, ਪਰ ਪੜ੍ਹਨ ਤੇ ਲਿਖਣ ‘ਚ ਦਿਲਚਸਪੀ ਹੋਣ ਕਾਰਨ ਉਹ ਵਧੀਆ ਅੰਗਰੇਜ਼ੀ ਵੀ ਬੋਲਦਾ ਹੈ। ਦੱਸਿਆ ਜਾਂਦਾ ਹੈ ਕਿ ਹਿਡਮਾ ਹਮੇਸ਼ਾ ਆਪਣੇ ਨਾਲ ਇਕ ਨੋਟਬੁੱਕ ਰੱਖਦਾ ਹੈ, ਜਿਸ ‘ਚ ਉਹ ਆਪਣੇ ਨੋਟ ਬਣਾਉਂਦਾ ਰਹਿੰਦਾ ਹੈ। ਹਿਡਮਾ ਦੀ ਪਛਾਣ ਬਾਰੇ ਕਿਹਾ ਜਾਂਦਾ ਹੈ ਕਿ ਉਸ ਦੇ ਖੱਬੇ ਹੱਥ ‘ਚ ਇਕ ਉਂਗਲ ਨਹੀਂ ਹੈ, ਇਹ ਉਸ ਦੀ ਸਭ ਤੋਂ ਵੱਡੀ ਪਛਾਣ ਹੈ।

ਸਾਲ 1990 ‘ਚ ਹਿਡਮਾ ਮਾਓਵਾਦੀਆਂ ਨਾਲ ਜੁੜਿਆ ਸੀ। ਪਰ ਕੁਝ ਸਾਲਾਂ ‘ਚ ਉਹ ਨਕਸਲੀ ਸੰਗਠਨਾਂ ਦਾ ਇਕ ਵੱਡਾ ਨਾਮ ਬਣ ਗਿਆ। ਹਿਡਮਾ ਦੀ ਅਗਵਾਈ ਤੇ ਰਣਨੀਤੀ ਬਣਾਉਣ ਦੀ ਪ੍ਰਤਿਭਾ ਨੇ ਉਸ ਨੂੰ ਤੇਜ਼ੀ ਨਾਲ ਟਾਪ ਦੀ ਲੀਡਰਸ਼ਿਪ ‘ਚ ਪਹੁੰਚਾ ਦਿੱਤਾ ਅਤੇ ਹਿਡਮਾ ਨੂੰ ਏਰੀਆ ਕਮਾਂਡਰ ਬਣਾ ਦਿੱਤਾ ਗਿਆ। ਸਾਲ 2010 ‘ਚ ਤਾੜਮੇਟਲਾ ‘ਚ ਹੋਏ ਹਮਲੇ ‘ਚ ਸੀਆਰਪੀਐਫ ਦੇ 76 ਜਵਾਨਾਂ ਦੀ ਮੌਤ ‘ਚ ਹਿਡਮਾ ਦੀ ਅਹਿਮ ਭੂਮਿਕਾ ਸੀ।

ਇਸ ਤੋਂ ਬਾਅਦ ਸਾਲ 2013 ‘ਚ ਜੀਰਮ ਹਮਲੇ ‘ਚ ਹਿਡਮਾ ਦੀ ਮਹੱਤਵਪੂਰਣ ਭੂਮਿਕਾ ਸੀ, ਜਿਸ ਦੀ ਬਹੁਤ ਜ਼ਿਆਦਾ ਚਰਚਾ ਹੋਈ ਸੀ। ਇਸ ਹਮਲੇ ‘ਚ ਕਈ ਵੱਡੇ ਕਾਂਗਰਸੀ ਆਗੂਆਂ ਸਮੇਤ 31 ਲੋਕ ਮਾਰੇ ਗਏ ਸਨ। ਇਹ ਵੀ ਕਿਹਾ ਜਾਂਦਾ ਹੈ ਕਿ ਹਿਡਮਾ ਨੇ ਸਾਲ 2017 ‘ਚ ਬੁਰਕਾਪਾਲ ‘ਚ ਹੋਏ ਹਮਲੇ ‘ਚ ਮਹੱਤਵਪੂਰਣ ਭੂਮਿਕਾ ਨਿਭਾਈ ਸੀ। ਇਸ ਹਮਲੇ ‘ਚ ਸੀਆਰਪੀਐਫ ਦੇ 25 ਜਵਾਨ ਸ਼ਹੀਦ ਹੋ ਗਏ ਸਨ।

Video Ad