ਖ਼ੁਦਕੁਸ਼ੀ ਨਾ ਕਰਨਾ…

ਜ਼ਿੰਦਗੀ ਦੁੱਖਾਂ – ਸੁੱਖਾਂ ਅਤੇ ਖ਼ੁਸ਼ੀਆਂ – ਗਮੀਆਂ ਦਾ ਸੁਮੇਲ ਹੈ। ਸਮਾਂ ਆਪਣੀ ਤੋਰ ਨਾਲ ਚਲਦਾ ਜਾਂਦਾ ਹੈ ਅਤੇ ਜੀਵਨ ਵਿੱਚ ਕਦੇ ਆਸ਼ਾ ਤੇ ਕਦੇ ਨਿਰਾਸ਼ਾ ਹੱਥ ਲੱਗ ਜਾਂਦੀ ਹੈ। ਪਰ ਕਈ ਵਾਰ ਇਨਸਾਨ ਅੰਦਰੋਂ ਟੁੱਟ – ਹਾਰ ਕੇ ਖ਼ੁਦਕੁਸ਼ੀ ਕਰਨ ਦੀ ਸੋਚ ਲੈਂਦਾ ਹੈ ਜਾਂ ਖ਼ੁਦਕੁਸ਼ੀ ਕਰ ਬੈਠਦਾ ਹੈ। ਇੰਝ ਕਰਨ ਨਾਲ ਕਿਸੇ ਵੀ ਪ੍ਰਸਥਿਤੀ ਵਿੱਚ ਨਾ ਕੋਈ ਫ਼ਰਕ ਪੈਂਦਾ ਹੈ ਅਤੇ ਨਾ ਹੀ ਕਿਸੇ ਮੁਸ਼ਕਲ ਜਾਂ ਮਾੜੇ ਪਲ ਤੋਂ ਛੁਟਕਾਰਾ ਮਿਲਦਾ ਹੈ। ਸਗੋਂ ਸਮੁੱਚੀ ਸਥਿਤੀ ਬਦ ਤੋਂ ਬਦਤਰ ਬਣ ਜਾਂਦੀ ਹੈ। ਪਰਿਵਾਰ ਖੇਰੂੰ – ਖੇਰੂੰ ਹੋ ਕੇ ਸੰਕਟਗ੍ਰਸਤ ਹੋ ਜਾਂਦਾ ਹੈ। ਛੋਟੇ – ਛੋਟੇ ਬੱਚਿਆਂ , ਬਜ਼ੁਰਗਾਂ ਅਤੇ ਪਰਿਵਾਰਕ ਦੇ ਹੋਰ ਸਦੱਸਾਂ ‘ਤੇ ਮੁਸੀਬਤਾਂ ਦਾ ਪਹਾੜ ਟੁੱਟ ਪੈਂਦਾ ਹੈ। ਉਹ ਹੋਰ ਜ਼ਿਆਦਾ ਆਰਥਿਕ ਬਦਹਾਲੀ , ਦੁੱਖਾਂ ਤੇ ਮਾਨਸਿਕ ਪ੍ਰੇਸ਼ਾਨੀਆਂ ਵਿੱਚ ਘਿਰ ਜਾਂਦੇ ਹਨ। ਖ਼ੁਦਕੁਸ਼ੀ ਕਰਨ ਨਾਲ ਕਦੇ ਕਿਸੇ ਵੀ ਪਰੇਸ਼ਾਨੀ ਦਾ ਕੋਈ ਵੀ ਹੱਲ ਨਹੀਂ ਨਿਕਲਦਾ। ਖ਼ੁਦਕੁਸ਼ੀ ਕਰਨ ਨਾਲ ਪ੍ਰੇਸ਼ਾਨੀਆਂ ਘਟਦੀਆਂ ਨਹੀਂ। ਜਿਹੜੇ ਵੀ ਇਨਸਾਨ ਨਿਜੀ ਜਾਂ ਪਰਿਵਾਰਕ ਸਮੱਸਿਆਵਾਂ ਤੋਂ ਘਬਰਾ ਕੇ ਅਜਿਹਾ ਕਰਨ ਬਾਰੇ ਸੋਚਦੇ ਹਨ, ਉਹ ਇਸ ਤਰ੍ਹਾਂ ਕਦੇ ਵੀ ਨਾ ਕਰਨ। ਜ਼ਿੰਦਗੀ ਦੁੱਖਾਂ ਭਰੀ ਹੋ ਸਕਦੀ ਹੈ , ਪਰ ਇਸ ਨੂੰ ਸੁਧਾਰਿਆ ਜਾ ਸਕਦਾ ਹੈ। ਇਹ ਅਨਮੋਲ ਜੀਵਨ ਪ੍ਰਮਾਤਮਾ ਦੀ ਮਹਾਨ ਦੇਣ ਹੈ। ਇਹ ਬਹੁਕੀਮਤੀ ਹੈ ਤੇ ਅਦਭੁੱਤ ਹੈ। ਫਿਰ ਇਸ ਨੂੰ ਖ਼ਤਮ ਕਰਨਾ ਕਿਵੇਂ ਸਹੀ ਹੋ ਸਕਦਾ ਹੈ ?
ਕਦੇ ਖ਼ੁਦਕੁਸ਼ੀ ਨਾ ਕਰਨਾ…
ਮੈਡਮ ਰਜਨੀ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ

Video Ad
Video Ad