
ਬਠਿੰਡਾ,25 ਫ਼ਰਵਰੀ, ਹ.ਬ. : ਕੇਂਦਰੀ ਜੇਲ੍ਹ ’ਚ ਸ਼ੁੱਕਰਵਾਰ ਰਾਤ ਖੂਨੀ ਝੜਪ ਹੋ ਗਈ। ਜਿਸ ਵਿਚ ਇੱਕ ਗੈਂਗਸਟਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਜ਼ਖ਼ਮੀ ਗੈਂਗਸਟਰ ਰਾਜਵੀਰ ਸਿੰਘ ਹੈ ਜੋ ਭਾਰਤ ਤੋਂ ਭੱਜ ਕੇ ਪਾਕਿਸਤਾਨ ਵਿਚ ਲੁਕਿਆ ਅੱਤਵਾਦੀ ਰਿੰਦਾ ਦਾ ਚਚੇਰਾ ਭਰਾ ਦੱਸਿਆ ਜਾ ਰਿਹਾ ਹੈ। ਫਿਲਹਾਲ ਗੈਂਗਸਟਰ ਰਾਜਵੀਰ ਦੀ ਹਾਲਤ ਠੀਕ ਹੈ। ਜੇਲ੍ਹ ਵਿਚ ਬੰਦ ਗੁਰਦਾਸਪੁਰ ਨਿਵਾਸੀ ਗੈਂਗਸਟਰ ਰਾਜਵੀਰ ਸਿੰਘ ’ਤੇ ਸ਼ੁੱਕਰਵਾਰ ਨੂੰ ਉਸ ਦੇ ਸਾਥੀਆਂ ਨੇ ਬੈਰਕ ’ਚ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ। ਰਾਜਵੀਰ ਦੇ ਸਿਰ ’ਤੇ ਸੱਟਾਂ ਲੱਗਣ ਕਾਰਨ ਜੇਲ੍ਹ ਮੁਲਾਜ਼ਮ ਉਸ ਨੂੰ ਸਿਵਲ ਹਸਪਤਾਲ ਲੈ ਗਏ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਜ਼ਖਮੀ ਗੈਂਗਸਟਰ ਵਿਦੇਸ਼ ਬੈਠੇ ਗੈਂਗਸਟਰ ਰਿੰਦਾ ਦਾ ਚਚੇਰਾ ਭਰਾ ਦੱਸਿਆ ਜਾਂਦਾ ਹੈ। ਸਿਵਲ ਹਸਪਤਾਲ ’ਚ ਇਲਾਜ ਲਈ ਲਿਆਂਦੇ ਗਏ ਗੈਂਗਸਟਰ ਰਾਜਵੀਰ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਜਦੋਂ ਉਹ ਆਪਣੇ ਸਾਥੀਆਂ ਸ਼ੁਭਮ, ਗੁਰਮਖ ਸਿੰਘ ਅਤੇ ਜਗਰੋਸ਼ਨ ਸਿੰਘ ਨਾਲ ਆਪਣੀ ਬੈਰਕ ’ਚ ਬੈਠਾ ਸੀ ਤਾਂ ਇਨ੍ਹਾਂ ਚਾਰਾਂ ’ਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਉਸ ਨੇ ਦੱਸਿਆ ਕਿ ਇਸ ਦੌਰਾਨ ਸ਼ੁਭਮ, ਗੁਰਮਖ ਅਤੇ ਜਗਰੋਸ਼ਨ ਸਿੰਘ ਨੇ ਉਸ ’ਤੇ ਕਿਸੇ ਚੀਜ਼ ਨਾਲ ਹਮਲਾ ਕਰ ਕੇ ਉਸ ਦੇ ਸਿਰ ’ਤੇ ਸੱਟਾਂ ਮਾਰੀਆਂ। ਜਿਸ ਕਾਰਨ ਉਸ ਦੇ ਸਿਰ ’ਤੇ ਸੱਟਾਂ ਲੱਗੀਆਂ। ਜ਼ਖ਼ਮੀ ਗੈਂਗਸਟਰ ਦਾ ਇਲਾਜ ਕਰ ਰਹੇ ਸਿਵਲ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਉਨ੍ਹਾਂ ਨੇ ਉਕਤ ਜ਼ਖ਼ਮੀ ਦੀ ਹੋਈ ਸੱਟ ਸਬੰਧੀ ਐਮਐਲਆਰ ਕੱਟ ਕੇ ਸਬੰਧਤ ਥਾਣੇ ਨੂੰ ਭੇਜ ਦਿੱਤਾ ਹੈ।