
ਪੱਟੀ,24 ਮਈ, ਹ.ਬ. : ਤਰਨਤਾਰਨ ਜ਼ਿਲ੍ਹੇ ਦੇ ਪਿੰਡ ਸੈਦਪੁਰ ’ਚ ਖੇਡ ਮੈਦਾਨ ਵਿਚੋਂ ਆਪਣੇ ਬੱਚੇ ਸਮੇਤ ਘਰ ਪਰਤ ਰਹੇ 28 ਸਾਲਾ ਨੌਜਵਾਨ ਨੂੰ ਬਾਈਕ ਸਵਾਰ ਕੁਝ ਲੋਕਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਫਰਾਰ ਹੋ ਗਏ। ਮੌਕੇ ’ਤੇ ਪੁੱਜੀ ਥਾਣਾ ਸਦਰ ਪੱਟੀ ਦੀ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਿਵਲ ਹਸਪਤਾਲ ਪੱਟੀ ਵਿਖੇ ਜਾਣਕਾਰੀ ਦਿੰਦੇ ਹੋਏ ਹਰਭਜਨ ਸਿੰਘ ਵਾਸੀ ਸੈਦਪੁਰ ਨੇ ਦੱਸਿਆ ਕਿ ਉਸ ਦਾ ਲੜਕਾ ਜਗਰੂਪ ਸਿੰਘ ਆਪਣੇ ਲੜਕੇ ਨੂੰ ਸਕੂਲ ਦੇ ਗਰਾਊਂਡ ’ਚੋਂ ਲੈਣ ਗਿਆ ਸੀ। ਜਦੋਂ ਉਹ ਗਰਾਊਂਡ ਤੋਂ ਬਾਹਰ ਆਇਆ ਤਾਂ ਮੋਟਰ ਸਾਈਕਲ ’ਤੇ ਸਵਾਰ ਤਿੰਨ ਲੋਕਾਂ ਨੇ ਉਸ ਨੂੰ ਗੋਲੀਆਂ ਮਾਰ ਦਿੱਤੀਆਂ ਜਿਸ ਨੂੰ ਤੁਰੰਤ ਨਿੱਜੀ ਹਸਪਤਾਲ ਲਿਜਾਇਆ ਗਿਆ। ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਦੱਸ ਦੇਈਏ ਕਿ ਮ੍ਰਿਤਕ ਨੌਜਵਾਨ ਆਪਣੇ ਪਿੱਛੇ ਪਤਨੀ ਮਨਜਿੰਦਰ ਕੌਰ ਤੇ ਇਕ ਛੋਟਾ ਲੜਕਾ ਛੱਡ ਗਿਆ ਹੈ। ਮ੍ਰਿਤਕ ਦੇ ਪਿਤਾ ਨੇ ਮੰਗ ਕੀਤੀ ਕਿ ਮੁਲਜ਼ਮਾਂ ਨੂੰ ਤੁਰੰਤ ਕਾਬੂ ਕੀਤਾ ਜਾਵੇ। ਉਸ ਨੇ ਸ਼ੰਕਾ ਪ੍ਰਗਟਾਈ ਕਿ ਗੋਲੀਆਂ ਮਾਰਨ ਵਾਲਿਆਂ ’ਚੋਂ ਇਕ ਨੌਜਵਾਨ ਵਿਦੇਸ਼ ਭੱਜਣ ਦੀ ਫਿਰਾਕ ਵਿਚ ਹੈ। ਦੂਜੇ ਪਾਸੇ ਵਾਰ ਵਾਰ ਫੋਨ ਕਰਨ ’ਤੇ ਵੀ ਥਾਣਾ ਮੁਖੀ ਨੇ ਫੋਨ ਨਹੀਂ ਚੁੱਕਿਆ। ਇਸ ਸਬੰਧੀ ਡੀਐਸਪੀ ਪੱਟੀ ਸਤਨਾਮ ਸਿੰਘ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਘਟਨਾ ਸਬੰਧੀ ਕੇਸ ਦਰਜ ਕੀਤਾ ਜਾ ਰਿਹਾ ਹੈ। ਫਿਲਹਾਲ ਉਹ ਬਾਹਰ ਹਨ ਅਤੇ ਵਧੇਰੇ ਜਾਣਕਾਰੀ ਨਹੀਂ ਦੇ ਸਕਦੇ।