ਖੇਤੀਬਾੜੀ ਕਾਨੂੰਨਾਂ ‘ਚ ਸੋਧ ਕਰਨ ਲਈ ਸਰਕਾਰ ਤਿਆਰ, ਗੱਲਬਾਤ ਲਈ ਅੱਗੇ ਆਉਣ ਕਿਸਾਨ : ਰਾਜਨਾਥ ਸਿੰਘ

ਲਖਨਊ, 16 ਮਾਰਚ (ਹਮਦਰਦ ਨਿਊਜ਼ ਸਰਵਿਸ) : ਕੇਂਦਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਕਈ ਦਿਨਾਂ ਤੋਂ ਕਿਸਾਨ ਦਿੱਲੀ ਦੀਆਂ ਸਰਹੱਦਾਂ ‘ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਇਸ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਸਾਨਾਂ ਨੂੰ ਸਰਕਾਰ ਨਾਲ ਗੱਲਬਾਤ ਦੀ ਅਪੀਲ ਕੀਤੀ ਹੈ। ਲਖਨਊ ‘ਚ ਭਾਜਪਾ ਦੀ ਸੂਬਾ ਕਾਰਜਕਾਰੀ ਕਮੇਟੀ ਦੀ ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਨਾਲ ਗੱਲਬਾਤ ਲਈ ਹਮੇਸ਼ਾ ਤਿਆਰ ਹੈ। ਉਨ੍ਹਾਂ ਕਿਹਾ ਕਿ ਸਮੱਸਿਆ ਦਾ ਹੱਲ ਸਿਰਫ਼ ਗੱਲਬਾਤ ਨਾਲ ਕੀਤਾ ਜਾ ਸਕਦਾ ਹੈ।
ਇਸ ਪ੍ਰੋਗਰਾਮ ‘ਚ ਉਨ੍ਹਾਂ ਕਿਹਾ, “ਭਾਜਪਾ ਦਾ ਸੰਕਲਪ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਹੈ, ਕਿਸੇ ਵੀ ਸੂਰਤ ‘ਚ ਐਮਐਸਪੀ ਖਤਮ ਨਹੀਂ ਕੀਤੀ ਜਾਵੇਗੀ। ਅਸੀਂ ਸਾਰੇ ਕਿਸਾਨਾਂ ਦੇ ਪਰਿਵਾਰ ‘ਚੋਂ ਹਾਂ। ਅਸੀਂ ਖੇਤੀਬਾੜੀ ਕਾਨੂੰਨਾਂ ਨੂੰ ਸੋਧਣ ਅਤੇ ਹੱਲ ਕਰਨ ਲਈ ਤਿਆਰ ਹਾਂ। ਜੋ ਵੀ ਖੇਤੀਬਾੜੀ ਦੇ ਹਿੱਤ ‘ਚ ਜ਼ਰੂਰੀ ਹੋਵੇਗਾ, ਉਹੀ ਕੀਤਾ ਜਾਵੇਗਾ।”
ਇਸ ਤੋਂ ਇਲਾਵਾ ਰਾਜਨਾਥ ਨੇ ਆਗਾਮੀ ਵਿਧਾਨ ਸਭਾ ਚੋਣਾਂ ‘ਚ ਵੀ ਭਾਜਪਾ ਦੀ ਜਿੱਤ ਦਾ ਦਾਅਵਾ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਸਾਲ 2022 ‘ਚ ਹੋਣ ਵਾਲੀਆਂ ਚੋਣਾਂ ਵਿਚ ਭਾਜਪਾ 2017 ਨਾਲੋਂ ਜ਼ਿਆਦਾ ਸੀਟਾਂ ਜਿੱਤੇਗੀ। ਦੱਸ ਦਈਏ ਕਿ ਯੂਪੀ ਵਿਧਾਨ ਸਭਾ ‘ਚ ਕੁੱਲ 403 ਸੀਟਾਂ ਹਨ। ਸਾਲ 2017 ਦੀਆਂ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੂੰ 312 ਸੀਟਾਂ ਮਿਲੀਆਂ ਸਨ।
‘ਬੰਗਾਲ ‘ਚ ਭਾਜਪਾ ਦੀ ਸਰਕਾਰ ਬਣੇਗੀ’
ਇਸ ਤੋਂ ਬਾਅਦ ਪੱਛਮੀ ਮਿਦਨਾਪੁਰ ‘ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਮੌਜੂਦਾ ਸਮੇਂ ਕ੍ਰਿਕਟ ਬੋਰਡ ਬੀਸੀਸੀਆਈ ਦੇ ਮੁਖੀ ਸੌਰਭ ਗਾਂਗੁਲੀ ਬਾਰੇ ਕਿਹਾ ਕਿ ਜਦੋਂ ਵੀ ਗਾਂਗੁਲੀ ਨੇ ਕ੍ਰੀਜ਼ ਨੂੰ ਪਾਰ ਕੀਤਾ ਤਾਂ ਯਕੀਨ ਹੁੰਦਾ ਸੀ ਕਿ ਉਹ ਛੱਕਾ ਮਾਰਨਗੇ। ਇਸੇ ਤਰ੍ਹਾਂ ਲੋਕਾ ਸਭਾ ‘ਚ ਤੁਹਾਡੇ ਸਮਰਥਨ ਨਾਲ ਆਸੀਂ ਕ੍ਰੀਜ਼ ਪਾਰ ਕਰ ਲਈ ਹੈ ਅਤੇ ਯਕੀਨੀ ਤੌਰ ‘ਤੇ ਅਸੀਂ ਵਿਧਾਨ ਸਭਾ ਚੋਣਾਂ ‘ਚ ਛੱਕਾ ਮਾਰਾਂਗੇ ਅਤੇ ਭਾਜਪਾ ਦੀ ਸਰਕਾਰ ਬਣੇਗੀ।

Video Ad
Video Ad