ਖੰਨਾ ’ਚ 13 ਮਾਰਚ ਤੋਂ ਲਾਪਤਾ ਔਰਤ ਦਾ ਕਤਲ

ਪਿੰਡ ਕੋਟ ਸੇਖੋਂ ਦੇ ਹੀ ਵਿਅਕਤੀ ’ਤੇ ਘੁੰਮੀ ਸ਼ੱਕ ਦੀ ਸੂਈ
ਖੰਨਾ, 17 ਮਾਰਚ (ਹਮਦਰਦ ਨਿਊਜ਼ ਸਰਵਿਸ) : ਲੁਧਿਆਣਾ ਜ਼ਿਲ੍ਹੇ ਦੇ ਸ਼ਹਿਰ ਖੰਨਾ ਵਿੱਚ ਪੈਂਦੇ ਪਿੰਡ ਕੋਟ ਸੇਖੋਂ ਵਿੱਚ ਇੱਕ ਔਰਤ 13 ਮਾਰਚ ਤੋਂ ਲਾਪਤਾ ਸੀ, ਜਿਸ ਦੀ ਲਾਸ਼ ਅੱਜ ਪਿੰਡ ’ਚੋਂ ਹੀ ਪ੍ਰਾਪਤ ਹੋਈ। ਪੁਲਿਸ ਮੁਤਾਬਕ ਮਹਿਲਾ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕੀਤਾ ਗਿਆ। ਇਹ ਹਥਿਆਰ ਲਾਸ਼ ਦੇ ਨੇੜਿਓਂ ਹੀ ਪ੍ਰਾਪਤ ਹੋਇਆ ਤੇ ਇੱਕ ਬੈਗ ਵੀ ਬਰਾਮਦ ਹੋਇਆ, ਜਿਸ ’ਚ ਇੱਕ ਔਰਤ ਦੇ ਕੱਪੜੇ ਪਏ ਸਨ। ਉਸ ਦੇ ਕਤਲ ਮਾਮਲੇ ਵਿੱਚ ਸ਼ੱਕ ਦੀ ਸੂਈ ਪਿੰਡ ਦੇ ਹੀ ਇੱਕ ਵਿਅਕਤੀ ਦੁਆਲੇ ਘੁੰਮ ਰਹੀ ਹੈ, ਕਿਉਂਕਿ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਉਸ ’ਤੇ ਸ਼ੱਕ ਜ਼ਾਹਰ ਕੀਤਾ ਹੈ।
ਮ੍ਰਿਤਕਾ ਦੀ ਪਛਾਣ 40 ਸਾਲਾ ਚਰਨਜੀਤ ਕੌਰ ਵਜੋਂ ਹੋਈ, ਜੋ ਕਿ ਕੋਟ ਸੇਖੋਂ ਪਿੰਡ ਦੇ ਵਾਸੀ ਟਰਾਂਸਪੋਰਟਰ ਜਸਪਾਲ ਸਿੰਘ ਦੀ ਪਤਨੀ ਹੈ। ਮ੍ਰਿਤਕਾ ਦੇ ਦਿਓਰ ਗੁਰਦੀਪ ਸਿੰਘ ਨੇ ਦੱਸਿਆ ਕਿ ਉਸ ਦੀ ਭਰਜਾਈ 13 ਮਾਰਚ ਤੋਂ ਲਾਪਤਾ ਸੀ। ਉਨ੍ਹਾਂ ਨੂੰ ਸ਼ੱਕ ਸੀ ਕਿ ਇਸੇ ਪਿੰਡ ਦਾ ਵਾਸੀ ਸੁਖਵਿੰਦਰ ਸਿੰਘ ਚਰਨਜੀਤ ਕੌਰ ਨੂੰ ਆਪਣੇ ਨਾਲ ਲੈ ਲਿਆ ਗਿਆ ਹੈ ਤੇ ਅੱਜ ਚਰਨਜੀਤ ਕੌਰ ਦੀ ਲਾਸ਼ ਬਰਾਮਦ ਹੋ ਗਈ।
ਮ੍ਰਿਤਕਾ ਦੇ ਪਤੀ ਜਸਪਾਲ ਸਿੰਘ ਦਾ ਕਹਿਣਾ ਹੈ ਕਿ ਕੋਟ ਸੇਖੋਂ ਪਿੰਡ ਦੇ ਹੀ ਵਾਸੀ ਸੁਖਵਿੰਦਰ ਸਿੰਘ ਨੇ ਪਹਿਲਾਂ ਉਨ੍ਹਾਂ ਦਾ ਭਰੋਸਾ ਜਿੱਤਿਆ ਅਤੇ ਉਨ੍ਹਾਂ ਦੇ ਘਰ ਆਉਣਾ-ਜਾਣਾ ਸ਼ੁਰੂ ਕਰ ਦਿੱਤਾ। ਜਸਪਾਲ ਨੇ ਕਿਹਾ ਕਿ 13 ਮਾਰਚ ਦੀ ਸ਼ਾਮ ਉਸ ਦੀ ਪਤਨੀ ਚਰਨਜੀਤ ਕੌਰ ਘਰੋਂ ਲਾਪਤਾ ਹੋ ਗਈ। ਉੱਧਰ ਸੁਖਵਿੰਦਰ ਸਿੰਘ ਨੇ ਜਸਪਾਲ ਸਿੰਘ ਨੂੰ ਕਿਹਾ ਕਿ ਇੱਕ-ਦੋ ਦਿਨ ਵਿੱਚ ਉਨ੍ਹਾਂ ਨੂੰ ਖ਼ਬਰ ਮਿਲ ਜਾਵੇਗੀ। ਇਸ ਲਈ ਜਸਪਾਲ ਸਿੰਘ ਉਨ੍ਹਾਂ ਨੂੰ ਸ਼ੱਕ ਹੈ ਕਿ ਸੁਖਵਿੰਦਰ ਨੇ ਹੀ ਚਰਨਜੀਤ ਕੌਰ ਦਾ ਕਤਲ ਕੀਤਾ ਹੈ। ਸੁਖਵਿੰਦਰ ਖੁਦ ਨੂੰ ਬਾਬਾ ਕਹਿੰਦਾ ਹੈ। ਡੀਐਸਪੀ ਹਰਦੀਪ ਸਿੰਘ ਚੀਮਾ ਨੇ ਕਿਹਾ ਕਿ ਮੁਢਲੀ ਜਾਂਚ ਵਿੱਚ ਕਤਲ ਦੀ ਗੱਲ ਸਾਹਮਣੇ ਆ ਰਹੀ ਹੈ। ਇਸ ਘਟਨਾ ਦੀ ਹਰ ਪਹਿਲੂ ਤੋਂ ਜਾਂਚ ਕਰਕੇ ਦੋਸ਼ੀ ਪਾਏ ਜਾਣ ਵਾਲੇ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ।

Video Ad
Video Ad