ਖੰਨਾ ਡਰੱਗਜ਼ ਕੇਸ : ਪੰਜਾਬ ਦੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਸਣੇ 5 ਪੁਲਿਸ ਅਧਿਕਾਰੀ ਮੁਅੱਤਲ

ਲੁਧਿਆਣਾ, 25 ਮਾਰਚ (ਹਮਦਰਦ ਨਿਊਜ਼ ਸਰਵਿਸ) : ਲੁਧਿਆਣਾ ਦੇ ਖੰਨਾ ਵਿੱਚ ਪਿਛਲੇ ਸਾਲ ਡਰੱਗਜ਼ ਦੀ ਫੈਕਟਰੀ ਫੜ੍ਹੇ ਜਾਣ ਦੇ ਮਾਮਲੇ ਵਿੱਚ ਪਹਿਲਾਂ ਹੀ ਬੇਅਦਬੀ ਕੇਸ ’ਚ ਮੁਅੱਤਲ ਚੱਲ ਰਹੇ ਆਈਜੀ ਪਰਮਰਾਜ ਉਮਰਾਨੰਗਲ ਸਣੇ ਪੰਜ ਪੁਲਿਸ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਪਰਮਰਾਜ ਉਮਰਾਨੰਗਲ ਤੋਂ ਇਲਾਵਾ ਮੁਅੱਤਲ ਕੀਤੇ ਗਏ ਪੁਲਿਸ ਅਧਿਕਾਰੀਆਂ ਵਿੱਚ ਪਠਾਨਕੋਟ ’ਚ ਤੈਨਾਤ ਅਸਿਸਟੈਂਟ ਕਮਾਂਡੈਂਟ ਵਰਿੰਦਰ ਜੀਤ ਸਿੰਘ ਥਿੰਦ, ਫਰੀਦਕੋਟ ਵਿੱਚ ਤੈਨਾਤ ਐਸਪੀ (ਡਿਟੈਕਟਿਵ) ਸੇਵਾ ਸਿੰਘ ਮੱਲ੍ਹੀ, ਐਸਪੀ ਪਰਮਿੰਦਰ ਸਿੰਘ ਬਾਠ ਤੇ ਡੀਐਸਪੀ (ਡਿਟੈਕਟਿਵ) ਕਰਨ ਸ਼ੇਰ ਸਿੰਘ ਸ਼ਾਮਲ ਹਨ। ਇਨ੍ਹਾਂ ਵਿਰੁੱਧ ਮੋਹਾਲੀ ’ਚ ਐਨਡੀਪੀਐਸ ਐਕਟ, ਆਰਮਜ਼ ਐਕਟ ਅਤੇ ਧੋਖਾਧੜੀ ਦੀ ਧਾਰਾ ਤਹਿਤ ਕੇਸ ਦਰਜ ਹੈ। ਖੰਨਾ ਦੇ ਪਾਇਲ ਇਲਾਕੇ ਤੋਂ ਫੜ੍ਹਿਆ ਗਿਆ ਸਾਬਕਾ ਅਕਾਲੀ ਸਰਪੰਚ ਗੁਰਦੀਪ ਸਿੰਘ ਰਾਣੋ ਇਸ ਕੇਸ ’ਚ ਮੁੱਖ ਮੁਲਜ਼ਮ ਹੈ। ਪੁਲਿਸ ਅਧਿਕਾਰੀਆਂ ’ਤੇ ਦੋਸ਼ ਹੈ ਕਿ ਉਨ੍ਹਾਂ ਨੇ ਗੁਰਦੀਪ ਰਾਣੋ ਦੀ ਮਦਦ ਕੀਤੀ ਅਤੇ ਉਸ ਨੂੰ ਵੀਆਈਪੀ ਸੁਰੱਖਿਆ ਤੇ ਗੱਡੀਆਂ ਉਪਲੱਬਧ ਕਰਵਾਈਆਂ।
ਖੰਨਾ ਦੇ ਪਾਇਲ ਇਲਾਕੇ ਤੋਂ ਫੜ੍ਹੇ ਗਏ ਨਸ਼ਾ ਤਸਕਰੀ ਦੇ ਮੁਲਜ਼ਮ ਸਾਬਕਾ ਅਕਾਲੀ ਸਰਪੰਚ ਗੁਰਦੀਪ ਸਿੰਘ ਰਾਣੋ ਦਾ ਪੰਜਾਬ ਪੁਲਿਸ ’ਚ ਵੱਡਾ ਨੈਟਵਰਕ ਰਿਹਾ ਹੈ। ਮਾਮਲੇ ਦੀ ਜਾਂਚ ਕਰ ਰਹੀ ਐਸਟੀਐਫ਼ ਦੇ ਸਾਹਮਣੇ ਕਈ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਸਨ। ਇਸ ਦੇ ਚਲਦਿਆਂ ਪੰਜਾਬ ਵਿੱਚ ਫੀਲਡ ’ਚ ਤੈਨਾਤ ਇੱਕ ਐਸਪੀ ਰੈਂਕ ਦੇ ਅਧਿਕਾਰੀ ਕੋਲੋਂ ਪੁੱਛਗਿੱਛ ਵੀ ਐਸਟੀਐਫ਼ ਨੇ ਕੀਤੀ।
ਦੱਸ ਦੇਈਏ ਕਿ ਇਹ ਅਧਿਕਾਰੀ ਪਹਿਲਾਂ ਪੁਲਿਸ ਜ਼ਿਲ੍ਹਾ ਖੰਨਾ ਵਿੱਚ ਡੀਐਸਪੀ ਦੇ ਅਹੁਦੇ ’ਤੇ ਰਿਹਾ ਸੀ ਅਤੇ ਰਾਣੋ ਨਾਲ ਉਸ ਦੇ ਨਜ਼ਦੀਕੀ ਸਬੰਧਾਂ ਦੀ ਜਾਣਕਾਰੀ ਐਸਟੀਐਫ਼ ਨੂੰ ਮਿਲੀ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਖੰਨਾ ਪੁਲਿਸ ਦੇ ਕਈ ਮੌਜੂਦਾ ਅਤੇ ਸਾਬਕਾ ਪੁਲਿਸ ਅਧਿਕਾਰੀ ਇਨ੍ਹਾਂ ਦਿਨੀਂ ਐਸਟੀਐਫ਼ ਦੀ ਰਡਾਰ ’ਤੇ ਚੱਲ ਰਹੇ ਹਨ। ਦੱਸ ਦੇਈਏ ਕਿ ਗੁਰਦੀਪ ਰਾਣੋ ਦੇ ਫੋਨ ਨੰਬਰਾਂ ਦੀ ਕਾਲ ਡਿਟੇਲ ਖੰਗਾਲਣ ਬਾਅਦ ਐਸਟੀਐਫ਼ ਨੂੰ ਜੋ ਜਾਣਕਾਰੀ ਮਿਲੀ ਹੈ, ਉਹ ਕਾਫ਼ੀ ਹੈਰਾਨੀ ਵਾਲੀ ਹੈ। ਸੂਤਰ ਦੱਸਦੇ ਹਨ ਕਿ ਰਾਣੋ ਦੇ ਫੋਨ ’ਤੇ ਕਈ ਹੋਰ ਪੁਲਿਸ ਅਧਿਕਾਰੀਆਂ ਦੀ ਇਨਕਮਿੰਗ ਕਾਲ ਦਾ ਰਿਕਾਰਡ ਮਿਲਿਆ ਹੈ।

Video Ad
Video Ad