ਗੈਂਗਸਟਰ ਗੋਲਡੀ ਬਰਾੜ ਭਗੌੜਾ ਕਰਾਰ

ਚੰਡੀਗੜ੍ਹ, 23 ਨਵੰਬਰ, ਹ.ਬ. : ਕੈਨੇਡਾ ਵਿਚ ਬੈਠ ਕੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਕਰਾਉਣ ਵਾਲੇ ਗੈਂਗਸਟਰ ਗੋਲਡੀ ਬਰਾੜ ਨੂੰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ 1 ਕਰੋੜ ਰੁਪਏ ਫਿਰੌਤੀ ਦੇ ਮਾਮਲੇ ਵਿਚ ਭਗੌੜਾ ਕਰਾਰ ਦੇ ਦਿੱਤਾ। ਸਤਵਿੰਦਰ ਸਿੰਘ ਉਰਫ ਗੋਲਡੀ ਬਰਾੜ ਦੇ ਖ਼ਿਲਾਫ਼ ਚੰਡੀਗੜ੍ਹ ਦੇ ਇੱਕ ਕਾਰੋਬਾਰੀ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਗਿਆ ਸੀ। ਕੋਰਟ ਨੇ ਇਸ ਮਾਮਲੇ ਵਿਚ ਚੰਡੀਗੜ੍ਹ ਦੇ ਪਿੰਡ ਕਿਸ਼ਨਗੜ੍ਹ ਨਿਵਾਸੀ ਮਨਜੀਤ ਸਿੰਘ ’ਤੇ ਵੀ ਦੋਸ਼ ਤੈਅ ਕਰ ਦਿੱਤੇ ਹਨ। ਕੇਸ ਵਿਚ ਹੁਣ ਟਰਾਇਲ ਸ਼ੁਰੂ ਹੋਵੇਗਾ। ਮਾਮਲੇ ਵਿਚ ਆਈਪੀਸੀ ਦੀ ਧਾਰਾ 387, 120 ਬੀ ਅਤੇ ਆਰਮਸ ਐਕਟ ਤਹਿਤ ਕੇਸ ਦਰਜ ਹੋਇਆ ਸੀ। 29 ਨਵੰਬਰ ਨੂੰ ਕੇਸ ਵਿਚ ਸੁਣਵਾਈ ਹੋਵੇਗੀ।
ਕੇਸ ਮੁਤਾਬਕ ਸ਼ਹਿਰ ਦੇ ਕਾਰੋਬਾਰੀ ਨੂੰ ਇਸੇ ਸਾਲ 25 ਜਨਵਰੀ ਨੂੰ ਵੱਟਸਟੈਪ ਕਾਲ ਆਈ ਸੀ। ਕਾਲਰ ਨੇ ਖੁਦ ਨੂੰ ਗੋਲਡੀ ਬਰਾੜ ਦੱਸਿਆ ਸੀ ਅਤੇ 1 ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ। ਹਾਲਾਂਕਿ ਇੰਨੀ ਵੱਡੀ ਰਕਮ ਦੇਣ ਵਿਚ ਕਾਰੋਬਾਰੀ ਨੇ ਅਸਮਰਥਤਾ ਜਤਾਈ ਸੀ ਲੇਕਿਨ ਗੋਲਡੀ ਨੇ ਉਸ ਨੂੰ ਕਿਹਾ ਕਿ ਉਹ ਉਸ ਨੂੰ ਮੁੜ ਕਾਲ ਕਰੇਗਾ।
ਸ਼ਿਕਾਇਤਕਰਤਾ ਨੂੰ 27 ਜਨਵਰੀ ਨੂੰ ਮੁੜ ਕਾਲ ਆਈ। ਕਾਲਰ ਨੇ ਕਿਹਾ ਕਿ ਜੇਕਰ ਫਿਰੌਤੀ ਦੀ ਰਕਮ ਨਹੀਂ ਦਿੱਤੀ ਗਈ ਤਾਂ ਉਸ ਦੇ ਬੱਚਿਆਂ ਨੂੰ ਅਗਵਾ ਕਰ ਲਿਆ ਜਾਵੇਗਾ। ਸ਼ਿਕਾਇਤਕਰਤਾ ਨੇ ਕਿਹਾ ਕਿ ਉਹ ਪੰਜ ਲੱਖ ਰੁਪਏ ਦੇ ਸਕਦਾ ਹੈ। ਪ੍ਰੰਤੂ ਉਸ ’ਤੇ 25 ਲੱਖ ਦੇਣ ਦਾ ਦਬਾਅ ਪਾਇਆ ਗਿਆ। 10 ਲੱਖ ਅਤੇ 15 ਲੱਖ ਰੁਪਏ 2 ਕਿਸ਼ਤਾਂ ਵਿਚ ਮੰਗੇ ਗਏ।
ਸ਼ਿਕਾਇਤਕਰਤਾ ਨੂੰ ਫਰਵਰੀ ਵਿਚ ਮਨਜੀਤ ਨਾਂ ਦੇ ਮੁਲਜ਼ਮ ਦੀ ਕਾਲ ਆਈ। ਉਸ ਨੇ ਖੁਦ ਨੂੰ ਗੈਂਗਸਟਰ ਸੰਪਤ ਨਹਿਰਾ ਦਾ ਰਿਸ਼ਤੇਦਾਰ ਦੱਸਿਆ। ਉਸ ਨੇ ਕਾਰੋਬਾਰੀ ਨੂੰ ਪੰਚਕੂਲਾ ਮਿਲਣ ਲਈ ਬੁਲਾਇਆ ਸੀ। ਸ਼ਿਕਾਇਕਰਤਾ ਨੇ ਮਨਜੀਤ ਸਿੰਘ ਦੁਆਰਾ ਦੱਸੇ ਬੈਂਕ ਖਾਤੇ ਵਿਚ 3 ਲੱਖ ਰੁਪਏ ਟਰਾਂਸਫਰ ਕਰ ਦਿੱਤੇ ਸਨ ਅਤੇ ਚਾਰ ਲੱਖ ਰੁਪਏ ਕੈਸ਼ ਦਿੱਤੇ ਸੀ। ਇੱਕ ਹੋਰ ਵਿਅਕਤੀ ਦੀ ਮੌਜੂਦਗੀ ਵਿਚ ਇਹ ਰਕਮ ਦਿੱਤੀ ਗਈ ਸੀ। ਚੰਡੀਗੜ੍ਹ ਪੁਲਿਸ ਨੂੰ ਮਾਮਲੇ ਦੀ ਸ਼ਿਕਾਇਤ ਮਿਲਣ ’ਤੇ ਮਨਜੀਤ ਸਿੰਘ ਨੂੰ 8 ਫਰਵਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਉਸ ਦੇ ਕਬਜ਼ੇ ਤੋਂ ਇੱਕ ਪਿਸਟਲ, 4 ਜ਼ਿੰਦਾ ਕਾਰਤੂਸ, 1 ਸਿੰਮ ਕਾਰਡ, ਦੋ ਮੋਬਾਈਲ ਫੋਨ ਬਰਾਮਦ ਹੋਏ ਸੀ।

Video Ad
Video Ad