
ਅੰਮ੍ਰਿਤਸਰ, 20 ਜੁਲਾਈ, ਹ.ਬ. : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਾਤਲ ਸ਼ਾਰਪ ਸ਼ੂਟਰ ਮਨਪ੍ਰੀਤ ਮੰਨੂ ਕੁੱਸਾ ਅਤੇ ਜਗਰੂਪ ਰੂਪਾ ਨਾਲ ਪੰਜਾਬ ਪੁਲਿਸ ਦਾ ਮੁਕਾਬਲਾ ਹੋਇਆ ਹੈ। ਇਹ ਮੁਕਾਬਲਾ ਅੰਮ੍ਰਿਤਸਰ ਵਿੱਚ ਹੋ ਰਿਹਾ ਹੈ। ਜਿਸ ਵਿੱਚ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਹੋ ਰਹੀ ਹੈ। ਇਸ ਦੌਰਾਨ ਗੈਂਗਸਟਰ ਜਗਰੂਪ ਰੂਪਾ ਦੇ ਮਾਰੇ ਜਾਣ ਦੀ ਖ਼ਬਰ ਆ ਰਹੀ ਹੈ।
ਦੱਸਦੇ ਚਲੀਏ ਕਿ ਸੂਬੇ ਭਰ ਤੋਂ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਬੁਲਾ ਕੇ ਦੋਵਾਂ ਨੂੰ ਘੇਰ ਲਿਆ ਗਿਆ ਹੈ। ਇਹ ਮੁਕਾਬਲਾ ਅਟਾਰੀ ਸਰਹੱਦ ਨੂੰ ਜਾਂਦੀ ਸੜਕ ’ਤੇ ਪਿੰਡ ਭਕਨਾ ਨੇੜੇ ਹੁਸ਼ਿਆਰ ਨਗਰ ’ਚ ਹੋ ਰਿਹਾ ਹੈ। ਇਹ ਇਲਾਕਾ ਭਾਰਤ-ਪਾਕਿਸਤਾਨ ਸਰਹੱਦ ਤੋਂ ਕਰੀਬ 10 ਕਿਲੋਮੀਟਰ ਦੂਰ ਹੈ। ਸ਼ਾਰਪਸ਼ੂਟਰ ਇੱਕ ਕਮਰੇ ਵਿੱਚ ਲੁਕੇ ਹੋਏ ਹਨ ਅਤੇ ਪੁਲਿਸ ’ਤੇ ਗੋਲੀਬਾਰੀ ਕਰ ਰਹੇ ਹਨ। ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਏਜੀਟੀਐਫ, ਸਪੈਸ਼ਲ ਆਪ੍ਰੇਸ਼ਨ ਸੈੱਲ, ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ (ਓਸੀਸੀਯੂ) ਤੋਂ ਇਲਾਵਾ ਅੰਮ੍ਰਿਤਸਰ ਪੁਲਿਸ ਦੀਆਂ ਟੀਮਾਂ ਨੇ ਉਨ੍ਹਾਂ ਨੂੰ ਘੇਰ ਲਿਆ ਹੈ। ਪਹਿਲਾਂ ਉਨ੍ਹਾਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਗਿਆ ਪਰ ਉਨ੍ਹਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ।