ਗੈਸ ਸਿਲੰਡਰਾਂ ਨਾਲ ਭਰੇ ਟਰੱਕ ‘ਤੇ ਅਸਮਾਨੀ ਬਿਜਲੀ ਡਿੱਗੀ, ਢਾਈ ਘੰਟੇ ਤਕ ਹੁੰਦੇ ਰਹੇ ਧਮਾਕੇ

ਭੀਲਵਾੜਾ, 24 ਮਾਰਚ (ਹਮਦਰਦ ਨਿਊਜ਼ ਸਰਵਿਸ) : ਰਾਜਸਥਾਨ ਦੇ ਭੀਲਵਾੜਾ ਵਿਖੇ ਜੈਪੁਰ-ਕੋਟਾ ਹਾਈਵੇਅ ‘ਤੇ ਹਨੂੰਮਾਨ ਨਗਰ ‘ਚ ਮੰਗਲਵਾਰ ਰਾਤ ਨੂੰ ਇਕ ਵੱਡਾ ਹਾਦਸਾ ਵਾਪਰਿਆ। ਇੱਥੇ ਟੀਕੜ ਪਿੰਡ ‘ਚ ਅਸਮਾਨੀ ਬਿਜਲੀ ਡਿੱਗਣ ਕਾਰਨ ਹਾਈਵੇਅ ‘ਤੇ ਗੁਜਰ ਰਿਹਾ ਇਕ ਟਰੱਕ ਪਲਟ ਗਿਆ। ਟਰੱਕ ‘ਚ 450 ਘਰੇਲੂ ਗੈਸ ਸਿਲੰਡਰ ਰੱਖੇ ਹੋਏ ਸਨ। ਟਰੱਕ ਨੂੰ ਅੱਗ ਲੱਗ ਗਈ ਅਤੇ ਸਿਲੰਡਰ ਫਟਣ ਲੱਗੇ। ਲਗਭਗ ਢਾਈ ਘੰਟੇ ਤਕ ਸਿਲੰਡਰਾਂ ‘ਚ ਧਮਾਕੇ ਹੁੰਦੇ ਰਹੇ। ਇਸ ਹਾਦਸੇ ਦੇ ਲਗਭਗ 15 ਘੰਟੇ ਬਾਅਦ ਤਕ ਨੈਸ਼ਨਲ ਹਾਈਵੇਅ-52 ਬੰਦ ਰਿਹਾ।
ਭੀਲਵਾੜਾ ਦੇ ਪੁਲਿਸ ਸੁਪਰਡੈਂਟ ਵਿਕਾਸ ਸ਼ਰਮਾ ਨੇ ਦੱਸਿਆ ਕਿ ਜੈਪੁਰ ਤੋਂ 450 ਘਰੇਲੂ ਗੈਸ ਸਿਲੰਡਰਾਂ ਨੂੰ ਲੈ ਕੇ ਇਕ ਟਰੱਕ ਨੈਸ਼ਨਲ ਹਾਈਵੇ ਨੰਬਰ-52 ‘ਤੇ ਕੋਟਾ ਵੱਲ ਜਾ ਰਿਹਾ ਸੀ। ਇਸ ਦੌਰਾਨ ਮੰਗਲਵਾਰ ਰਾਤ ਪਿੰਡ ਟੀਕੜ ਨੇੜੇ ਇਕ ਮੋੜ ‘ਤੇ ਟਰੱਕ ਡਿਵਾਈਡਰ ਨਾਲ ਟਕਰਾ ਗਿਆ। ਉਸ ਸਮੇਂ ਟੀਕੜ ਪਿੰਡ ‘ਚ ਮੀਂਹ ਪੈ ਰਿਹਾ ਸੀ ਅਤੇ ਅਸਮਾਨ ‘ਚ ਬਿਜਲੀ ਵੀ ਚਮਕ ਰਹੀ ਸੀ। ਇਸ ਨਾਲ ਟਰੱਕ ‘ਚ ਅੱਗ ਲੱਗ ਗਈ। ਪੁਲਿਸ ਮੁਤਾਬਕ ਟਰੱਕ ‘ਚ ਅੱਗ ਲੱਗਣ ਦੀਆਂ ਦੋ ਸੰਭਾਵਨਾਵਾਂ ਹਨ। ਪਹਿਲਾਂ ਇਹ ਸ਼ਾਇਦ ਅੱਗ ਹਾਦਸੇ ਕਾਰਨ ਲੱਗੀ ਹੋਵੇਗੀ ਜਾਂ ਅਸਮਾਨ ਤੋਂ ਬਿਜਲੀ ਡਿੱਗਣ ਕਾਰਨ ਅੱਗ ਲੱਗ ਗਈ ਹੋਵੇ।
ਬੁੱਧਵਾਰ ਸਵੇਰੇ ਮੌਕੇ ‘ਤੇ ਵੱਡੀ ਗਿਣਤੀ ‘ਚ ਪੁਲਿਸ ਫ਼ੋਰਸ ਤਾਇਨਾਤ ਸੀ। ਗੈਸ ਕੰਪਨੀ ਦੇ ਕਰਮਚਾਰੀ ਵੀ ਬੁਲਾਏ ਗਏ ਸਨ। ਇਸ ਤੋਂ ਬਾਅਦ ਆਸਪਾਸ ਦੇ ਇਲਾਕਿਆਂ ਤੋਂ ਸਿਲੰਡਰਾਂ ਦੇ ਟੁਕੜੇ ਇਕੱਠੇ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ। ਜ਼ਖ਼ਮੀ ਟਰੱਕ ਡਰਾਈਵਰ ਅਤੇ ਕੰਡਕਟਰ ਦਾ ਦੇਵਲੀ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ। ਸਿਲੰਡਰਾਂ ਨਾਲ ਭਰਿਆ ਇਹ ਟਰੱਕ ਨਸੀਰਾਬਾਦ ਤੋਂ ਕੋਟਾ ਦੇ ਭਵਾਨੀਮੰਡੀ ਵੱਲ ਜਾ ਰਿਹਾ ਸੀ।
ਇਸ ਹਾਦਸੇ ਤੋਂ ਬਾਅਦ ਅੱਗ ਇੰਨੀ ਭਿਆਨਕ ਸੀ ਕਿ 5-7 ਕਿਲੋਮੀਟਰ ਦੀ ਦੂਰੀ ਤਕ ਅੱਗ ਦੀਆਂ ਲਪਟਾਂ ਵੇਖੀਆਂ ਗਈਆਂ। ਹਨੂੰਮਾਨਨਗਰ ਥਾਣਾ ਅਤੇ ਫ਼ਾਇਰ ਬ੍ਰਿਗੇਡ ਵਿਭਾਗ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚੀਆਂ, ਪਰ ਲਗਾਤਾਰ ਸਿਲੰਡਰ ਫਟਣ ਕਾਰਨ ਕੋਈ ਵੀ ਟਰੱਕ ਦੇ ਨੇੜੇ ਜਾਣ ਦੀ ਹਿੰਮਤ ਨਹੀਂ ਕਰ ਸਕਿਆ। ਹਾਦਸੇ ਮਗਰੋਂ ਹਾਈਵੇਅ ‘ਤੇ ਲੰਬਾ ਜਾਮ ਲੱਗ ਗਿਆ। ਹਾਈਵੇਅ 15 ਘੰਟੇ ਬਾਅਦ ਚਾਲੂ ਹੋਇਆ।

Video Ad
Video Ad