ਗੌਤਮ ਅਡਾਨੀ ਨੇ ਕਮਾਈ ਦੇ ਮਾਮਲੇ ‘ਚ ਚੀਨੀ ਕਾਰੋਬਾਰੀ ਜੈਕ ਮਾ ਨੂੰ ਪਛਾੜਿਆ

ਨਵੀਂ ਦਿੱਲੀ, 17 ਮਾਰਚ (ਹਮਦਰਦ ਨਿਊਜ਼ ਸਰਵਿਸ) : ਉਦਯੋਗਪਤੀ ਗੌਤਮ ਅਡਾਨੀ ਨੇ ਕਮਾਈ ਦੇ ਮਾਮਲੇ ‘ਚ ਚੀਨੀ ਕਾਰੋਬਾਰੀ ਜੈਕ ਮਾ ਨੂੰ ਮਾਤ ਦੇ ਦਿੱਤੀ ਹੈ। ਇਸ ਸਾਲ ਅਡਾਨੀ ਗਰੁੱਪ ਦੇ ਚੇਅਰਮੈਨ ਦੀ ਦੌਲਤ ‘ਚ 17.1 ਅਰਬ ਡਾਲਰ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਬਲੂਮਬਰਗ ਬਿਲੀਨੀਅਰਜ਼ ਇੰਡੈਕਸ ਅਨੁਸਾਰ ਉਹ ਹੁਣ ਦੁਨੀਆਂ ਦੇ 25ਵੇਂ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਇਸ ਸਮੇਂ ਉਨ੍ਹਾਂ ਦੀ ਕੁਲ ਜਾਇਦਾਦ 50.9 ਅਰਬ ਡਾਲਰ ਹੈ। ਇਸ ਦੇ ਨਾਲ ਹੀ ਅਲੀਬਾਬਾ ਦੇ ਸੰਸਥਾਪਕ ਜੈਕ ਮਾ ਇਸ ਸੂਚੀ ‘ਚ 26ਵੇਂ ਨੰਬਰ ‘ਤੇ ਹਨ। ਸਾਲ 2021 ‘ਚ ਹੁਣ ਤਕ ਉਨ੍ਹਾਂ ਦੀ ਜਾਇਦਾਦ 43.7 ਕਰੋੜ ਡਾਲਰ ਘਟੀ ਹੈ। ਉਹ ਹੁਣ 50.2 ਅਰਬ ਡਾਲਰ ਦੀ ਜਾਇਦਾਦ ਦੇ ਮਾਲਕ ਹਨ।
ਇਸ ਸਾਲ ਗੌਤਮ ਅਡਾਨੀ ਦੀ ਦੌਲਤ ‘ਚ ਸਭ ਤੋਂ ਵੱਧ ਵਾਧਾ ਹੋਇਆ ਹੈ। ਇਸ ਦਾ ਕਾਰਨ ਅਡਾਨੀ ਦੇ ਪੋਰਟ ਤੋਂ ਲੈ ਕੇ ਊਰਜਾ ਕਾਰੋਬਾਰ ‘ਚ ਨਿਵੇਸ਼ਕਾਂ ਦਾ ਭਰੋਸਾ ਵਧਿਆ ਹੈ। ਇਸ ਦੌਰਾਨ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੀ ਦੌਲਤ ‘ਚ ਵੀ 5.08 ਅਰਬ ਡਾਲਰ ਦਾ ਵਾਧਾ ਹੋਇਆ ਹੈ। ਉਨ੍ਹਾਂ ਕੋਲ 81.8 ਅਰਬ ਡਾਲਰ ਦੀ ਜਾਇਦਾਦ ਹੈ। ਅੰਬਾਨੀ ਦੁਨੀਆਂ ਦੇ 10ਵੇਂ ਅਮੀਰ ਵਿਅਕਤੀ ਹਨ।
ਸਾਲ 2021 ‘ਚ ਗੌਤਮ ਅਡਾਨੀ ਨੇ ਜਾਇਦਾਦ ਦੇ ਵਾਧੇ ਦੇ ਮਾਮਲੇ ‘ਚ ਜੈੱਫ ਬੇਜੋਸ, ਐਲਨ ਮਸਕ, ਬਿਲ ਗੇਟਸ ਅਤੇ ਮੁਕੇਸ਼ ਅੰਬਾਨੀ ਸਮੇਤ ਦੁਨੀਆਂ ਭਰ ਦੇ ਸਾਰੇ ਕਾਰੋਬਾਰੀਆਂ ਨੂੰ ਪਛਾੜ ਦਿੱਤਾ ਹੈ। ਜਾਇਦਾਦ ‘ਚ ਵਾਧਾ ਮਾਮਲੇ ‘ਚ ਗੌਤਮ ਅਡਾਨੀ ਪਹਿਲੇ ਨੰਬਰ ‘ਤੇ, ਗੂਗਲ ਦੇ ਸੰਸਥਾਪਕ ਲੈਰੀ ਪੇਜ ਦੂਜੇ ਨੰਬਰ ‘ਤੇ ਅਤੇ ਸਰਗੇਈ ਬ੍ਰਿਨ ਤੀਜੇ ਨੰਬਰ ‘ਤੇ ਹਨ।
ਇਸ ਸਾਲ ਗੌਤਮ ਅਡਾਨੀ ਦੀ ਜਾਇਦਾਦ ‘ਚ ਹੁਣ ਤਕ 17.1 ਅਰਬ ਡਾਲਰ, ਲੈਰੀ ਪੇਜ ਦੀ ਜਾਇਦਾਦ ‘ਚ 13.6 ਅਰਬ ਡਾਲਰ, ਸੇਰਗੇਈ ਬ੍ਰਿਨ ਦੀ ਜਾਇਦਾਦ ‘ਚ 13 ਅਰਬ ਡਾਲਰ, ਏਲਨ ਮਸਕ ਦੀ ਜਾਇਦਾਦ ‘ਚ 5.10 ਅਰਬ ਡਾਲਰ, ਬਿਲ ਗੇਟਸ ਦੀ ਜਾਇਦਾਦ ‘ਚ 8.24 ਅਰਬ ਡਾਲਰ ਅਤੇ ਮੁਕੇਸ਼ ਅੰਬਾਨੀ ਦੀ ਜਾਇਦਾਦ ‘ਚ 5.08 ਅਰਬ ਡਾਲਰ ਦਾ ਉਛਾਲ ਆਇਆ ਹੈ। ਉੱਥੇ ਹੀ ਜੈੱਫ ਬੇਜੋਸ ਦੀ ਜਾਇਦਾ ‘ਚ 8.72 ਅਰਬ ਡਾਲਰ ਦੀ ਕਮੀ ਆਈ ਹੈ।
ਜੈਫ ਬੇਜੋਸ ਹੁਣ ਵੀ ਪਹਿਲੇ ਨੰਬਰ ‘ਤੇ ਹਨ
ਬਲੂਮਬਰਗ ਬਿਲੀਨੀਅਰ ਇੰਡੈਕਸ ਦੇ ਅਨੁਸਾਰ ਜੈੱਫ ਬੇਜੋਸ 182 ਅਰਬ ਡਾਲਰ ਨਾਲ ਪਹਿਲੇ ਨੰਬਰ ‘ਤੇ, ਏਲਨ ਮਸਕ 175 ਅਰਬ ਡਾਲਰ ਨਾਲ ਦੂਜੇ ਨੰਬਰ ‘ਤੇ, ਬਿਲ ਗੇਟਸ 140 ਅਰਬ ਡਾਲਰ ਨਾਲ ਤੀਜੇ ਨੰਬਰ ‘ਤੇ ਅਤੇ ਮੁਕੇਸ਼ ਅੰਬਾਨੀ 81.8 ਅਰਬ ਡਾਲਰ ਨਾਲ 10ਵੇਂ ਨੰਬਰ ‘ਤੇ ਹਨ।
ਕੰਪਨੀਆਂ ਦੇ ਸ਼ੇਅਰਾਂ ‘ਚ ਭਾਰੀ ਛਾਲ
ਬਲੂਮਬਰਗ ਦੀ ਇਕ ਰਿਪੋਰਟ ਅਨੁਸਾਰ ਇਸ ਸਾਲ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰਾਂ ‘ਚ ਭਾਰੀ ਉਛਾਲ ਵੇਖਣ ਨੂੰ ਮਿਲਿਆ ਹੈ। ਅਡਾਨੀ ਟੋਟਲ ਗੈਲ ਲਿਮਟਿਡ ਦੇ ਸ਼ੇਅਰ ‘ਚ 96%, ਅਡਾਨੀ ਐਂਟਰਪ੍ਰਾਈਜਸ 90%, ਅਡਾਨੀ ਟ੍ਰਾਂਸਮਿਸ਼ਨ 79%, ਅਡਾਨੀ ਪਾਵਰ, ਅਡਾਨੀ ਪੋਰਟ ਅਤੇ ਸਪੈਸ਼ਲ ਆਰਥਿਕ ਜ਼ੋਨ ਲਿਮਟਿਡ ਦੇ ਸ਼ੇਅਰਾਂ ‘ਚ ਵੀ 50% ਤੋਂ ਵੱਧ ਦਾ ਵਾਧਾ ਹੋਇਆ ਹੈ। ਪਿਛਲੇ ਸਾਲ, ਅਡਾਨੀ ਗ੍ਰੀਨ ਐਨਰਜੀ ਦੇ ਸ਼ੇਅਰਾਂ ‘ਚ 500 ਫ਼ੀਸਦੀ ਦਾ ਵਾਧਾ ਹੋਇਆ ਸੀ। ਇਸ ਸਾਲ ਹੁਣ ਤਕ ਇਸ ਦੇ ਸਟਾਕ ‘ਚ 12 ਫ਼ੀਸਦੀ ਦਾ ਵਾਧਾ ਹੋਇਆ ਹੈ।

Video Ad
Video Ad