
ਚੰਡੀਗੜ੍ਹ, 5 ਅਪ੍ਰੈਲ, ਹ.ਬ. : ਪੰਜਾਬ ਦੇ ਕਿਸਾਨਾਂ ਵਲੋਂ ਪਰਵਾਸੀ ਮਜ਼ਦੂਰਾਂ ਕੋਲੋਂ ਅਪਣੇ ਖੇਤਾਂ ਵਿਚ ਬੰਧੂਆ ਮਜ਼ਦੂਰੀ ਦੀ ਤਰ੍ਹਾਂ ਕੰਮ ਲੈਣ ਦੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਦੋਸ਼ਾਂ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਖ਼ਤ ਨਿੰਦਾ ਕੀਤੀ। ਉਨ੍ਹਾਂ ਨੇ ਗ੍ਰਹਿ ਮੰਤਰਾਲੇ ਦੇ ਪੱਤਰ ਨੂੰ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਇੱਕ ਹੋਰ ਸਾਜ਼ਿਸ਼ ਕਰਾਰ ਦਿੱਤਾ।
ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਭਾਜਪਾ ਨੇ ਕਿਸਾਨਾਂ ਨੂੰ ਅੱਤਵਾਦੀ, ਸ਼ਹਿਰੀ ਨਕਸਲੀ, ਗੁੰਡੇ ਆਦਿ ਦੱਸ ਕੇ ਉਨ੍ਹਾਂ ਦੇ ਅਕਸ ਨੂੰ ਠੇਸ ਪਹੁੰਚਾਉਣ ਦੀ ਪਹਿਲਾਂ ਵੀ ਕੋਸ਼ਿਸ਼ ਕੀਤੀ ਤਾਕਿ ਖੇਤੀ ਕਾਨੂੰਨਾਂ ਦੇ ਮਸਲੇ ’ਤੇ ਚਲ ਰਹੇ ਅੰਦੋਲਨ ਨੂੰ ਪਟੜੀ ਤੋਂ ਉਤਾਰਿਆ ਜਾ ਸਕੇ।
ਗ੍ਰਹਿ ਮੰਤਰਾਲੇ ਨੇ ਪੰਜਾਬ ਦੀ ਮੁੱਖ ਸਕੱਤਰ ਅਤੇ ਡੀਜੀਪੀ ਨੂੰ 17 ਮਾਰਚ ਨੂੰ ਪੱਤਰ ਭੇਜਿਆ ਸੀ । ਗ੍ਰਹਿ ਮੰਤਰਾਲੇ ਨੇ ਪੱਤਰ ਵਿਚ ਦਾਅਵਾ ਕੀਤਾ ਸੀ ਕਿ ਬੀਐਸਐਫ ਨੇ 2019 ਅਤੇ 2020 ਵਿਚ ਪੰਜਾਬ ਦੇ ਚਾਰ ਸਰਹੱਦੀ ਜ਼ਿਲ੍ਹਿਆਂ ਵਿਚੋਂ 58 ਲੋਕਾਂ ਨੂੰ ਛੁਡਾਇਆ ਸੀ। ਉਹ ਬੰਧੂਆ ਮਜ਼ਦੂਰ ਦੇ ਤੌਰ ਤੇ ਕੰਮ ਕਰ ਰਹੇ ਸੀ। ਮੰਤਰਾਲੇ ਨੇ ਲਿਖਿਆ ਸੀ ਕਿ ਮਨੁੱਖੀ ਤਸਕਰੀ ਕਰਨ ਵਾਲਾ ਗਿਰੋਹ ਇਨ੍ਹਾਂ ਮਜ਼ਦੂਰਾਂ ਦਾ ਸ਼ੋਸ਼ਣ ਕਰਦਾ ਹੈ। ਪੰਜਾਬ ਵਿਚ ਕਾਫੀ ਸਮਾਂ ਖੇਤਾਂ ਵਿਚ ਕੰਮ ਕਰਾਉਣ ਲਈ ਇਨ੍ਹਾਂ ਨੂੰ ਨਸ਼ਾ ਦਿੱਤਾ ਜਾਂਦਾ।
ਦੂਜੇ ਪਾਸੇ ਕੈਪਟਨ ਅਮਰਿੰਦਰ ਨੇ ਪੱਤਰ ਨੂੰ ਝੂਠ ਦਾ ਪੁਲੰਦਾ ਦੱਸਦੇ ਹੋਏ ਇਸ ਨੂੰ ਸਿਰੇ ਤੋਂ ਖਾਰਜ ਕੀਤਾ। ਉਨ੍ਹਾਂ ਕਿਹਾ ਕਿ ਇਸ ਦਾ ਸਿੱਧਾ ਮਕਸਦ ਕਿਸਾਨਾਂ ਦੇ ਅੰਦੋਲਨ ਨੂੰ ਕਮਜ਼ੋਰ ਕਰਨਾ ਅਤੇ ਰਾਜ ਵਿਚ ਕਾਂਗਰਸ ਸਰਕਾਰ ਨੂੰ ਬਦਨਾਮ ਕਰਨਾ ਹੈ। ਉਨ੍ਹਾਂ ਪੱਤਰ ਨੂੰ ਗੈਰ ਜ਼ਰੁੂਰੀ ਅਤੇ ਤੱਥਾਂ ਤੋਂ ਪਰੇ ਦੱਸਿਆ।